- ਪੰਜਾਬ
- No Comment
‘ਖੇਡਾਂ ਵਤਨ ਪੰਜਾਬ ਦੀਆ’: ਸੀਐੱਮ ਮਾਨ ਨੇ ਖੇਡਾਂ ਲਈ ਜਾਰੀ ਕੀਤੇ 5.94 ਕਰੋੜ, ਕਿਹਾ ਖਿਡਾਰੀਆਂ ਨੂੰ ਦਿੱਤੀਆਂ ਜਾਣਗੀਆਂ ਨੌਕਰੀਆਂ
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਸਾਡੀਆਂ ਆਪਣੀਆਂ ਖੇਡਾਂ ਹੀ ਕਾਫੀ ਹਨ ਕਿ ਸਾਨੂੰ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈ। ਅਸੀਂ ਅਦਾਕਾਰਾਂ ਨੂੰ ਪੈਸੇ ਦੇਣ ਦੀ ਬਜਾਏ ਖਿਡਾਰੀਆਂ ਨੂੰ ਦੇਵਾਂਗੇ।
ਪੰਜਾਬ ਵਿਚ ਬੀਤੇ ਦਿਨੀ ‘ਖੇਡਾਂ ਵਤਨ ਪੰਜਾਬ ਦੀਆ’ ਸ਼ੁਰੂ ਹੋ ਚੁੱਕਿਆ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਸ਼ਾਮ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ‘ਖੇਡਾਂ ਵਤਨ ਪੰਜਾਬ ਦੀਆ’ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਖੇਡਾਂ ਲਈ 5.94 ਕਰੋੜ ਰੁਪਏ ਜਾਰੀ ਕੀਤੇ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਇੱਥੋਂ ਦੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਖਜ਼ਾਨਾ ਖਾਲੀ ਕਹਿਣ ਦੀ ਆਦਤ ਸੀ, ਜੇ ਨੀਅਤ ਸਹੀ ਹੋਵੇ ਤਾਂ ਖ਼ਜ਼ਾਨੇ ਖਾਲੀ ਨਹੀਂ ਰਹਿੰਦੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਉਨ੍ਹਾਂ 50 ਖਿਡਾਰੀਆਂ ਨੂੰ ਅੱਠ-ਅੱਠ ਲੱਖ ਰੁਪਏ ਦੇ ਰਹੇ ਹਾਂ, ਜੋ ਆਪਣੀ ਤਿਆਰੀ ਲਈ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣ ਜਾਣਗੇ। ਜਿੱਤਣ ‘ਤੇ ਉਨ੍ਹਾਂ ਨੂੰ ਵੱਖਰਾ ਇਨਾਮ ਦਿੱਤਾ ਜਾਵੇਗਾ। ਮਾਨ ਨੇ ਕਿਹਾ ਕਿ ਸਰਕਾਰ ਖਿਡਾਰੀਆਂ ਲਈ ਰਨਵੇਅ ਬਣਾਏਗੀ, ਤਾਂ ਜੋ ਖਿਡਾਰੀ ਉਡਾਣ ਭਰ ਸਕਣ।
ਭਗਵੰਤ ਮਾਨ ਨੇ ਕਿਹਾ ਕਿ ਮੈਂ ਦੇਖਿਆ ਹੈ ਕਿ ਸ਼ਾਹਰੁਖ ਖਾਨ ਅਤੇ ਪ੍ਰਿਅੰਕਾ ਚੋਪੜਾ ਇਸ ਸਟੇਜ ‘ਤੇ ਆਏ ਸਨ। ਉਨ੍ਹਾਂ ਨੂੰ ਪੰਜ-ਪੰਜ ਕਰੋੜ ਦਿੱਤੇ ਗਏ। ਜਿਨ੍ਹਾਂ ਨੇ ਗੱਤਕਾ ਖੇਡਿਆ ਹੈ, ਜਿਮਨਾਸਟਿਕ ਖੇਡਿਆ ਹੈ, ਕੀ ਕੋਈ ਉਨ੍ਹਾਂ ਦਾ ਮੁਕਾਬਲਾ ਕਰ ਸਕਦਾ ਹੈ? ਸਾਡੀਆਂ ਆਪਣੀਆਂ ਖੇਡਾਂ ਹੀ ਕਾਫੀ ਹਨ ਕਿ ਸਾਨੂੰ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈ। ਅਸੀਂ ਅਦਾਕਾਰਾਂ ਨੂੰ ਪੈਸੇ ਦੇਣ ਦੀ ਬਜਾਏ ਖਿਡਾਰੀਆਂ ਨੂੰ ਦੇਵਾਂਗੇ। ਉਨ੍ਹਾਂ ਦੱਸਿਆ ਕਿ ਇਹ ਖੇਡ ਸਮਾਗਮ ਦੋ ਮਹੀਨੇ ਤੱਕ ਜਾਰੀ ਰਹਿਣਗੇ। ਪਿਛਲੀ ਵਾਰ ਇਸ ਵਿੱਚ ਤਿੰਨ ਲੱਖ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਸੀ ਅਤੇ 9,997 ਜੇਤੂ ਖਿਡਾਰੀ ਸਨ। ਉਨ੍ਹਾਂ ਦੇ ਖਾਤੇ ‘ਚ 6 ਕਰੋੜ ਪਾਏ ਗਏ ਸਨ।
ਉਨ੍ਹਾਂ ਕਿਹਾ ਕਿ ਖੋ-ਖੋ, ਨੈਸ਼ਨਲ ਕਬੱਡੀ, ਹੈਂਡਬਾਲ, ਲੌਂਗ ਜੰਪ ਆਦਿ ਅਲੋਪ ਹੋ ਚੁੱਕੀਆਂ ਖੇਡਾਂ ਪੰਜਾਬ ਦੇ ਖੇਡ ਮੈਦਾਨਾਂ ਵਿੱਚੋਂ ਵਾਪਸ ਆ ਰਹੀਆਂ ਹਨ। ਖੇਡ ਮੰਤਰੀ ਨਰਸਰੀ ਤੋਂ ਬੱਚਿਆਂ ਨੂੰ ਖੇਡਾਂ ਨਾਲ ਜੋੜ ਰਹੇ ਹਨ। ਉਹ ਬੱਚਿਆਂ ਨੂੰ ਓਲੰਪਿਕ ਵਿੱਚ ਲੈ ਕੇ ਜਾਣਗੇ। ਬਲਾਕ ਪੱਧਰੀ ਮੁਕਾਬਲੇ 31 ਅਗਸਤ ਤੋਂ 9 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਅਤੇ ਰਾਜ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਰਾਸ਼ਟਰਵਾਦੀ ਹਾਂ। ਆਜ਼ਾਦੀ ਸਮੇਂ ਵੀ ਪੰਜਾਬੀ ਸਭ ਤੋਂ ਅੱਗੇ ਰਹੇ। ਦੇਸ਼ ਦਾ ਢਿੱਡ ਭਰਨ ਲਈ ਪੰਜਾਬੀਆਂ ਨੂੰ ਵੀ ਅੱਗੇ ਆਉਣਾ ਪੈਂਦਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਭਾਰਤੀ ਹਾਕੀ ਟੀਮ ਦੇ 11 ਖਿਡਾਰੀਆਂ ਵਿੱਚੋਂ 9 ਪੰਜਾਬ ਦੇ ਹਨ। ਉਨ੍ਹਾਂ ਕਿਹਾ ਕਿ 2021 ਦੀਆਂ ਉਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਤਤਕਾਲੀ ਸਰਕਾਰ ਨੇ ਨੌਕਰੀਆਂ ਨਹੀਂ ਦਿੱਤੀਆਂ, ਅਸੀਂ ਉਨ੍ਹਾਂ ਨੂੰ ਨੌਕਰੀਆਂ ਦੇਵਾਂਗੇ। ਹੁਣ ਉਹ ਖਿਡਾਰੀ ਬੈਂਗਲੁਰੂ ‘ਚ ਕੈਂਪ ਲਗਾ ਰਹੇ ਹਨ। ਉਨ੍ਹਾਂ ਨੂੰ ਅਗਲੇ ਦੋ-ਚਾਰ ਦਿਨਾਂ ਵਿੱਚ ਬੁਲਾ ਕੇ ਨੌਕਰੀ ਦਿੱਤੀ ਜਾਵੇਗੀ। ਖਿਡਾਰੀਆਂ ਨੂੰ ਜੋ ਵੀ ਨੌਕਰੀਆਂ ਦਿੱਤੀਆਂ ਜਾਣਗੀਆਂ, ਅਸੀਂ ਨਿਯਮਾਂ ਅਨੁਸਾਰ ਹੀ ਦੇਵਾਂਗੇ। ਅਸੀਂ ਨਾ ਤਾਂ ਆਪਣੇ ਕਿਸੇ ਭਤੀਜੇ ਨੂੰ ਨੌਕਰੀ ਦੇਣਾ ਚਾਹੁੰਦੇ ਹਾਂ ਅਤੇ ਨਾ ਹੀ ਉਨ੍ਹਾਂ ਨੂੰ ਵਿਧਾਇਕ ਬਣਾਉਣਾ ਚਾਹੁੰਦੇ ਹਾਂ।