ਲੋਕ ਸਭਾ ਚੋਣਾਂ 2024 : ਬਸਪਾ ਨੇ ਅੰਮ੍ਰਿਤਸਰ ਅਤੇ ਖਡੂਰ ਸਾਹਿਬ ਲੋਕ ਸਭਾ ਸੀਟਾਂ ਲਈ ਉਮੀਦਵਾਰ ਉਤਾਰੇ

ਲੋਕ ਸਭਾ ਚੋਣਾਂ 2024 : ਬਸਪਾ ਨੇ ਅੰਮ੍ਰਿਤਸਰ ਅਤੇ ਖਡੂਰ ਸਾਹਿਬ ਲੋਕ ਸਭਾ ਸੀਟਾਂ ਲਈ ਉਮੀਦਵਾਰ ਉਤਾਰੇ

ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਦੋਵਾਂ ਉਮੀਦਵਾਰਾਂ ਦੇ ਨਾਲ-ਨਾਲ ਬਹੁਜਨ ਸਮਾਜ ਪਾਰਟੀ ਨੇ 12 ਉਮੀਦਵਾਰਾਂ ਦਾ ਐਲਾਨ ਕੀਤਾ ਹੈ |

ਪੰਜਾਬ ਵਿਚ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਆਏ ਦਿਨ ਆਪਣੇ ਉਮੀਦਵਾਰਾਂ ਦਾ ਐਲਾਨ ਕਰਦਿਆਂ ਰਹਿੰਦੀਆਂ ਹਨ। ਬਹੁਜਨ ਸਮਾਜ ਪਾਰਟੀ (ਬਸਪਾ) ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਇੰਜੀਨੀਅਰ ਸਤਨਾਮ ਸਿੰਘ ਤੁੜ ਅਤੇ ਅੰਮ੍ਰਿਤਸਰ ਤੋਂ ਵਿਸ਼ਾਲ ਸਿੱਧੂ ਨੂੰ ਉਮੀਦਵਾਰ ਐਲਾਨਿਆ ਹੈ।

ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਖਡੂਰ ਸਾਹਿਬ ਤੋਂ ਉਮੀਦਵਾਰ ਇੰਜੀਨੀਅਰ ਸਤਨਾਮ ਸਿੰਘ ਤੁੜ ਬੀ.ਟੈਕ ਹਨ ਅਤੇ ਉਮਰ 29 ਸਾਲ ਹੈ। ਇੰਜਨੀਅਰ ਸਤਨਾਮ ਸਿੰਘ ਤੁੜ ਪਿਛਲੇ ਢਾਈ ਸਾਲਾਂ ਤੋਂ ਤਰਨਤਾਰਨ ਵਿਧਾਨ ਸਭਾ ਦੇ ਹਲਕਾ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ।

ਇਸੇ ਤਰ੍ਹਾਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਐਲਾਨੇ ਗਏ ਉਮੀਦਵਾਰ ਵਿਸ਼ਾਲ ਸਿੱਧੂ ਸਾਲ 2020 ਵਿੱਚ ਬਸਪਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਜ਼ਿਲ੍ਹਾ ਅਧਿਕਾਰੀ ਵਜੋਂ ਵਿਧਾਨ ਸਭਾ ਜੰਡਿਆਲਾ ਅਤੇ ਵਿਧਾਨ ਸਭਾ ਅਟਾਰੀ ਦੀ ਜਥੇਬੰਦੀ ਦੀ ਦੇਖ-ਰੇਖ ਕਰ ਰਹੇ ਸਨ। ਵਿਸ਼ਾਲ ਸਿੱਧੂ ‘ਭਾਰਤ ਸੰਵਧਾਨ ਮਿਸ਼ਨ’ ਨਾਮ ਦੀ ਇੱਕ ਐਨਜੀਓ ਚਲਾ ਰਹੇ ਹਨ, ਜਿਸ ਤਹਿਤ ਸਮਾਜ ਦੇ ਵੱਖ-ਵੱਖ ਵਰਗਾਂ ਦੇ ਸਹਿਯੋਗ ਨਾਲ ਆਰਥਿਕ ਤੌਰ ‘ਤੇ ਕਮਜ਼ੋਰ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਸਟੇਸ਼ਨਰੀ, ਵਰਦੀਆਂ, ਬੂਟ ਆਦਿ ਵੰਡੇ ਜਾਂਦੇ ਹਨ। ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਉਪਰੋਕਤ ਦੋਵਾਂ ਉਮੀਦਵਾਰਾਂ ਦੇ ਨਾਲ-ਨਾਲ ਬਹੁਜਨ ਸਮਾਜ ਪਾਰਟੀ ਨੇ 12 ਉਮੀਦਵਾਰਾਂ ਦਾ ਐਲਾਨ ਕੀਤਾ ਹੈ |