ਪੰਚਕੂਲਾ ਦੇ ਦਫ਼ਤਰਾਂ ‘ਚ ਜੀਨਸ ਪਹਿਨਣ ‘ਤੇ ਪਾਬੰਦੀ, ਪੰਚਕੂਲਾ ਡੀਸੀ ਨੇ ਲਾਗੂ ਕੀਤਾ ਡਰੈੱਸ ਕੋਡ

ਪੰਚਕੂਲਾ ਦੇ ਦਫ਼ਤਰਾਂ ‘ਚ ਜੀਨਸ ਪਹਿਨਣ ‘ਤੇ ਪਾਬੰਦੀ, ਪੰਚਕੂਲਾ ਡੀਸੀ ਨੇ ਲਾਗੂ ਕੀਤਾ ਡਰੈੱਸ ਕੋਡ

ਡੀਸੀ ਨੇ ਆਪਣੇ ਹੁਕਮਾਂ ਪਿੱਛੇ ਦਲੀਲ ਦਿੱਤੀ ਕਿ ਉਹ ਖੁਦ ਅਨੁਸ਼ਾਸਿਤ ਹਨ ਅਤੇ ਬਾਕੀ ਕਰਮਚਾਰੀ/ਅਧਿਕਾਰੀ ਦੇ ਵੀ ਅਨੁਸ਼ਾਸਨ ਵਿੱਚ ਰਹਿਣ ਵਿਚ ਵਿਸ਼ਵਾਸ ਕਰਦੇ ਹਨ।


ਪੰਚਕੂਲਾ ਦੇ ਡਿਪਟੀ ਕਮਿਸ਼ਨਰ ਸੁਸ਼ੀਲ ਸਾਰਵਾਨ ਨੇ ਡੀਸੀ ਦਫ਼ਤਰ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਨਵਾਂ ਹੁਕਮ ਜਾਰੀ ਕੀਤਾ ਹੈ। ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਜੀਨਸ ਪਹਿਨਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲ ਹੀ ਵਿੱਚ ਪੰਚਕੂਲਾ ਦੇ ਡਿਪਟੀ ਕਮਿਸ਼ਨਰ (ਡੀਸੀ) ਵਜੋਂ ਅਹੁਦਾ ਸੰਭਾਲਣ ਵਾਲੇ ਸੀਨੀਅਰ ਆਈਏਐਸ ਅਧਿਕਾਰੀ ਸੁਸ਼ੀਲ ਸਾਰਵਾਨ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਗ਼ੈਰ-ਸਰਕਾਰੀ ਦਫ਼ਤਰਾਂ ਵਿੱਚ ਡਰੈੱਸ ਕੋਡ ਲਾਗੂ ਕਰਨ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਮੁਲਾਜ਼ਮਾਂ ਨੂੰ ਰਸਮੀ ਪਹਿਰਾਵਾ ਪਹਿਨ ਕੇ ਦਫ਼ਤਰ ਆਉਣ ਲਈ ਕਿਹਾ ਹੈ। ਡੀਸੀ ਨੇ ਆਪਣੇ ਹੁਕਮਾਂ ਪਿੱਛੇ ਦਲੀਲ ਦਿੱਤੀ ਕਿ ਉਹ ਖੁਦ ਅਨੁਸ਼ਾਸਿਤ ਰਹਿਣ ਅਤੇ ਬਾਕੀ ਕਰਮਚਾਰੀ/ਅਧਿਕਾਰੀ ਵੀ ਅਨੁਸ਼ਾਸਨ ਵਿੱਚ ਰਹਿਣ ਵਿਚ ਵਿਸ਼ਵਾਸ ਕਰਦੇ ਹਨ। ਡੀਸੀ ਨੇ ਦੱਸਿਆ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਛਾਣ ਪੱਤਰ ਲੈ ਕੇ ਦਫ਼ਤਰ ਆਉਣ ਦੀ ਹਦਾਇਤ ਕੀਤੀ ਗਈ ਹੈ। ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸ਼ਨਾਖਤੀ ਕਾਰਡ ਅਜੇ ਤੱਕ ਨਹੀਂ ਬਣੇ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਬਣਵਾਇਆ ਜਾਵੇ।

ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਆਪਣੇ ਨਾਲ ਪਛਾਣ ਪੱਤਰ ਲੈ ਕੇ ਜਾਣਾ ਹੋਵੇਗਾ। ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਵੇਰੇ 9 ਵਜੇ ਤੱਕ ਆਪੋ-ਆਪਣੇ ਦਫ਼ਤਰਾਂ ਵਿੱਚ ਪਹੁੰਚਣ ਲਈ ਕਿਹਾ ਗਿਆ ਹੈ। ਸਾਰਵਾਨ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ। ਸਾਰਵਾਨ ਨੇ ਦੱਸਿਆ ਕਿ ਪੰਚਕੂਲਾ ਜ਼ਿਲ੍ਹੇ ਵਿੱਚ ਹਰ ਮੰਗਲਵਾਰ ਨੂੰ ਪਬਲਿਕ ਡੀਲਿੰਗ ਨਾਲ ਸਬੰਧਤ ਵਿਭਾਗਾਂ ਦੀ ਸਮੀਖਿਆ ਮੀਟਿੰਗ ਕੀਤੀ ਜਾਵੇਗੀ। ਇਸ ਵਿੱਚ ਪੈਂਡਿੰਗ ਕੇਸਾਂ ਦੀ ਸਮੀਖਿਆ ਕਰਦੇ ਹੋਏ ਸਬੰਧਤ ਅਧਿਕਾਰੀ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।

ਮਿੰਨੀ ਸਕੱਤਰੇਤ ਵਿੱਚ ਮੂਵਮੈਂਟ ਰਜਿਸਟਰ ਵੀ ਲਗਾਇਆ ਜਾਵੇਗਾ। ਹਰ ਅਧਿਕਾਰੀ ਅਤੇ ਕਰਮਚਾਰੀ ਨੂੰ ਐਂਟਰੀ-ਐਗਜ਼ਿਟ ਦੇ ਸਮੇਂ ਇਸ ਰਜਿਸਟਰ ਵਿੱਚ ਐਂਟਰੀ ਕਰਨੀ ਪਵੇਗੀ। ਡੀਸੀ ਨੇ ਕਿਹਾ ਕਿ ਪੰਚਕੂਲਾ ਜ਼ਿਲ੍ਹੇ ਵਿੱਚ ਹਰਿਆਲੀ ਨੂੰ ਪ੍ਰਫੁੱਲਤ ਕਰਨ ਲਈ ਵਣ ਅਤੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ 9ਵੀਂ-10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰੋਲ ਨੰਬਰਾਂ ਅਨੁਸਾਰ ਅੰਬ, ਅਮਰੂਦ, ਲੀਚੀ, ਜਾਮੁਨ ਅਤੇ ਆਂਵਲੇ ਦੇ ਬੂਟੇ ਵੰਡੇ ਜਾਣਗੇ। ਇਨ੍ਹਾਂ ਪੌਦਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਬੱਚਿਆਂ ਨੂੰ ਸੌਂਪੀ ਜਾਵੇਗੀ। ਸੜਕਾਂ ਨੂੰ ਆਮ ਲੋਕਾਂ ਲਈ ਸੁਰੱਖਿਅਤ ਬਣਾ ਕੇ ਉਥੋਂ ਬੇਸਹਾਰਾ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਲਿਜਾਇਆ ਜਾਵੇਗਾ। ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਸ਼ੂ ਪਾਲਣ ਵਿਭਾਗ ਵੱਲੋਂ ਬੇਸਹਾਰਾ ਗਊਆਂ ਅਤੇ ਮੱਝਾਂ ਲਈ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਇਸਦੇ ਲਈ ਇੱਕ ਹੈਲਪਲਾਈਨ ਨੰਬਰ ਵੀ ਜਲਦੀ ਹੀ ਜਾਰੀ ਕੀਤਾ ਜਾਵੇਗਾ।