‘ਮੈਂ ਪੰਜਾਬ ਬੋਲਦਾ ਹਾਂ’ ਡਿਬੇਟ : ਪੰਜਾਬ ਨਾਲ ਧੋਖਾ ਕਰਨ ਵਾਲਿਆਂ ਰਵਾਇਤੀ ਪਾਰਟੀਆਂ ਤੋਂ ਜਵਾਬ ਮੰਗਾਂਗੇ : ਸੀਐੱਮ ਭਗਵੰਤ ਮਾਨ

‘ਮੈਂ ਪੰਜਾਬ ਬੋਲਦਾ ਹਾਂ’ ਡਿਬੇਟ : ਪੰਜਾਬ ਨਾਲ ਧੋਖਾ ਕਰਨ ਵਾਲਿਆਂ ਰਵਾਇਤੀ ਪਾਰਟੀਆਂ ਤੋਂ ਜਵਾਬ ਮੰਗਾਂਗੇ : ਸੀਐੱਮ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ‘ਖੁੱਲੀ ਬਹਿਸ ਇਸ ਗੱਲ ‘ਤੇ ਕੇਂਦਰਿਤ ਹੋਵੇਗੀ ਕਿ ਪੰਜਾਬ ਨੂੰ ਹੁਣ ਤੱਕ ਕਿਸਨੇ ਅਤੇ ਕਿਵੇਂ ਲੁੱਟਿਆ। ਇਸ ਬਹਿਸ ਵਿੱਚ ਭਰਾ-ਭਤੀਜੇ, ਦੋਸਤਾਂ-ਮਿੱਤਰਾਂ, ਟੋਲ ਪਲਾਜ਼ਿਆਂ, ਨੌਜਵਾਨਾਂ-ਕਿਸਾਨਾਂ, ਵਪਾਰੀਆਂ-ਦੁਕਾਨਦਾਰਾਂ, ਨਹਿਰਾਂ ਦੇ ਪਾਣੀ ਦੀ ਗੱਲ ਹੋਵੇਗੀ।


‘ਮੈਂ ਪੰਜਾਬ ਬੋਲਦਾ ਹਾਂ’ ਡਿਬੇਟ ਨੂੰ ਲੈ ਕੇ ਸੀਐੱਮ ਭਗਵੰਤ ਮਾਨ ਨੇ ਆਪਣੀ ਕਮਰ ਕੱਸ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 1 ਨਵੰਬਰ ਨੂੰ ਲੁਧਿਆਣਾ ਵਿਖੇ ਹੋ ਰਹੀ ‘ਮੈਂ ਪੰਜਾਬ ਬੋਲਦਾ ਹਾਂ’ ਡਿਬੇਟ ਦੌਰਾਨ ਲੋਕ ਰਵਾਇਤੀ ਪਾਰਟੀਆਂ ਤੋਂ ਸੂਬੇ ਨਾਲ ਕੀਤੇ ਗਏ ਧੋਖੇ ਦਾ ਜਵਾਬ ਮੰਗਣਗੇ।

ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਯਾਦਗਾਰੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਵਿੱਚ ਹੁਣ ਤੱਕ ਸੱਤਾ ਵਿੱਚ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਬਹਿਸ ਦੌਰਾਨ ਆਪਣਾ ਪੱਖ ਪੇਸ਼ ਕਰਨਗੀਆਂ। ਉਨ੍ਹਾਂ ਕਿਹਾ ਕਿ ਹਰੇਕ ਪਾਰਟੀ ਨੂੰ ਆਪਣਾ ਪੱਖ ਪੇਸ਼ ਕਰਨ ਲਈ 30 ਮਿੰਟ ਦਿੱਤੇ ਜਾਣਗੇ, ਜਿਸ ਵਿੱਚ ਸੂਬੇ ਨਾਲ ਸਬੰਧਤ ਮੁੱਦੇ ਉਠਾਏ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰੋਫ਼ੈਸਰ ਨਿਰਮਲ ਜੋੜਾ ‘ਮੈਂ ਪੰਜਾਬ ਬੋਲਦਾ ਹਾਂ’ ਬਹਿਸ ਦੌਰਾਨ ਮੰਚ ਸੰਚਾਲਨ ਕਰਨਗੇ। ਮੁੱਖ ਮੰਤਰੀ ਨੇ ਕਿਹਾ, ‘ਖੁੱਲੀ ਬਹਿਸ ਇਸ ਗੱਲ ‘ਤੇ ਕੇਂਦਰਿਤ ਹੋਵੇਗੀ ਕਿ ਪੰਜਾਬ ਨੂੰ ਹੁਣ ਤੱਕ ਕਿਸਨੇ ਅਤੇ ਕਿਵੇਂ ਲੁੱਟਿਆ। ਇਸ ਬਹਿਸ ਵਿੱਚ ਭਰਾ-ਭਤੀਜੇ, ਦੋਸਤਾਂ-ਮਿੱਤਰਾਂ, ਟੋਲ ਪਲਾਜ਼ਿਆਂ, ਨੌਜਵਾਨਾਂ-ਕਿਸਾਨਾਂ, ਵਪਾਰੀਆਂ-ਦੁਕਾਨਦਾਰਾਂ, ਗੁਰੂਆਂ ਦੀ ਬਾਣੀ, ਨਹਿਰਾਂ ਦੇ ਪਾਣੀ ਦੀ ਗੱਲ ਹੋਵੇਗੀ।

ਸੀਐੱਮ ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਨਾਲ ਧੋਖਾ ਕੀਤਾ ਹੈ, ਜਿਸ ਲਈ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਸਾਹਮਣੇ ਜਵਾਬਦੇਹ ਬਣਾਇਆ ਜਾਵੇਗਾ। ਭਗਵੰਤ ਮਾਨ ਨੇ ਇਨ੍ਹਾਂ ਆਗੂਆਂ ਨੂੰ ਪੰਜਾਬ ਵਾਸੀਆਂ ਅਤੇ ਮੀਡੀਆ ਸਾਹਮਣੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਸੀ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਆਗੂ ਪੰਜਾਬ ਨਾਲ ਕੀਤੇ ਵਿਸ਼ਵਾਸਘਾਤ ਲਈ ਜ਼ਿੰਮੇਵਾਰ ਹਨ ਅਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਨੂੰ ਇਤਿਹਾਸ ਕਦੇ ਵੀ ਮੁਆਫ਼ ਨਹੀਂ ਕਰੇਗਾ।

ਭਗਵੰਤ ਮਾਨ ਨੇ ਕਿਹਾ ਕਿ ਇਹ ਬਹਿਸ ਲੋਕਾਂ ਨੂੰ ਦਰਸਾਏਗੀ ਕਿ ਕਿਸ ਤਰ੍ਹਾਂ ਕੁਰਬਾਨੀ ਦੀ ਆੜ ਵਿੱਚ ਇਨ੍ਹਾਂ ਆਗੂਆਂ ਨੇ ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਨਿੱਜੀ ਫਾਇਦੇ ਹਾਸਲ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਵੱਲੋਂ ਨਿੱਜੀ ਹਿੱਤਾਂ ਦੀ ਪੂਰਤੀ ਲਈ ਪੰਜਾਬ ਅਤੇ ਪੰਜਾਬੀਆਂ ਵਿਰੁੱਧ ਕੀਤੇ ਗਏ ਗੁਨਾਹਾਂ ਨੂੰ ਸੂਬੇ ਦੇ ਲੋਕ ਨਾ ਕਦੇ ਭੁੱਲਣਗੇ ਅਤੇ ਨਾ ਹੀ ਕਦੇ ਮੁਆਫ਼ ਕਰਨਗੇ।