- ਪੰਜਾਬ
- No Comment
ਪੰਜਾਬ ਵਿਧਾਨ ਸਭਾ ਸਪੀਕਰ ਨੇ ਕਿਹਾ ਜਿਹੜਾ 5 ਰੁੱਖ ਲਗਾਉਣ ਦੀ ਫੋਟੋ ਦਿਖਾਵੇਗਾ, ਉਸਦੇ ਸੁਝਾਅ ਅਤੇ ਸਿਫ਼ਾਰਸ਼ਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ
ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਹਰਿਆਲੀ ਦੀ ਪ੍ਰਤੀਸ਼ਤਤਾ ਵਧਾਉਣ ਵਿੱਚ ਮਦਦ ਮਿਲੇਗੀ, ਜਿਸਦਾ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਸੂਬੇ ਦੇ ਸਾਰੇ ਲੋਕਾਂ ਨੂੰ ਲਾਭ ਹੋਵੇਗਾ।
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸਿਖਿਆ ਅਤੇ ਸਿਹਤ ਤੋਂ ਬਾਅਦ ਪੰਜਾਬ ਦੀ ਹਰਿਆਲੀ ‘ਤੇ ਪੂਰਾ ਜ਼ੋਰ ਦੇ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਦੇ ਲੋਕਾਂ ਨੂੰ ਇਕ ਅਨੋਖੀ ਅਪੀਲ ਕੀਤੀ ਹੈ, ਉਨ੍ਹਾਂ ਕੋਲ ਸੁਝਾਅ ਅਤੇ ਸਿਫ਼ਾਰਸ਼ਾਂ ਲੈ ਕੇ ਆਉਣ ਵਾਲੇ ਲੋਕ ਆਪਣੇ ਖੇਤ, ਕੋਠੇ ਜਾਂ ਕਿਸੇ ਹੋਰ ਥਾਂ ‘ਤੇ ਪੰਜ ਰੁੱਖ ਲਗਾਉਣ ਦੀ ਫੋਟੋ ਮੋਬਾਈਲ ‘ਤੇ ਖਿੱਚ ਕੇ ਲੈ ਕੇ ਆਉਣ ਅਤੇ ਦਿਖਾਉਣ ਤਾਂ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾਣਗੇ।
ਕੁਲਤਾਰ ਸਿੰਘ ਸੰਧਵਾ ਨੇ ਇਹ ਗੱਲਾਂ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਕੋਟਕਪੂਰਾ ਦੇ ਪਿੰਡ ਕੋਟਸੁਖੀਆ ਵਿੱਚ ਸੰਤ ਬਾਬਾ ਹਰਕਾ ਦਾਸ ਯਾਦਗਾਰੀ ਸੱਭਿਆਚਾਰਕ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਹੀਆਂ। ਇਸ ਨਾਲ ਸੂਬੇ ਵਿੱਚ ਹਰਿਆਲੀ ਦੀ ਪ੍ਰਤੀਸ਼ਤਤਾ ਵਧਾਉਣ ਵਿੱਚ ਮਦਦ ਮਿਲੇਗੀ, ਜਿਸ ਦਾ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਸੂਬੇ ਦੇ ਸਾਰੇ ਲੋਕਾਂ ਨੂੰ ਲਾਭ ਹੋਵੇਗਾ।
ਇਸ ਨਿਵੇਕਲੀ ਪਹਿਲਕਦਮੀ ਦੇ ਪਿਛੋਕੜ ਬਾਰੇ, ਉਨ੍ਹਾਂ ਨੇ ਆਪਣੀ ਹਾਲੀਆ ਬੰਗਲੌਰ ਫੇਰੀ ਨਾਲ ਜੁੜੀ ਇੱਕ ਘਟਨਾ ਸਾਂਝੀ ਕੀਤੀ, ਜਦੋਂ ਉਸਨੇ ਇੱਕ ਬੰਗਲੌਰ ਵਾਸੀ ਨੂੰ ਉਸ ਰਾਜ ਵਿੱਚ ਹਰਿਆਲੀ ਦੀ ਪ੍ਰਤੀਸ਼ਤਤਾ ਬਾਰੇ ਪੁੱਛਿਆ। ਵਿਅਕਤੀ ਨੇ ਕਿਹਾ ਕਿ ਕਰਨਾਟਕ ਵਿਚ 21 ਫੀਸਦੀ ਹਰਿਆਲੀ ਹੈ ਜਦਕਿ ਪੰਜਾਬ ਵਿਚ 7 ਫੀਸਦੀ ਹੈ। ਕਰਨਾਟਕ ਨੇ ਇਸ ਪ੍ਰਤੀਸ਼ਤਤਾ ਨੂੰ ਵਧਾ ਕੇ 33 ਪ੍ਰਤੀਸ਼ਤ ਕਰਨ ਦਾ ਟੀਚਾ ਰੱਖਿਆ ਹੈ।
ਇਸ ਮੌਕੇ ਉਨ੍ਹਾਂ ਆਉਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਹਲਕੇ ਕੋਟਕਪੂਰਾ ਦੀਆਂ ਜ਼ਿਆਦਾਤਰ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾਣ। ਉਹ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ 5 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨਗੇ।