- ਅੰਤਰਰਾਸ਼ਟਰੀ
- No Comment
ਬਿਡੇਨ ਕਰਵਾਉਣਗੇ ਸਾਊਦੀ ਅਰਬ-ਇਜ਼ਰਾਈਲ ਵਿਚਾਲੇ ਦੋਸਤੀ, ਸਾਊਦੀ ਅਰਬ ‘ਤੇ ਯੂਐੱਸ ਰਾਸ਼ਟਰਪਤੀ ਦਾ ਜਬਰਦਸਤ ਦਬਾਅ
ਮੀਡਿਆ ਦੇ ਮੁਤਾਬਕ- ਰਾਸ਼ਟਰਪਤੀ ਬਿਡੇਨ ਅਗਲੇ ਸਾਲ ਆਪਣਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਇਜ਼ਰਾਈਲ ਅਤੇ ਸਾਊਦੀ ਅਰਬ ਵਿਚਾਲੇ ਕੂਟਨੀਤਕ ਸਬੰਧ ਸ਼ੁਰੂ ਕਰਨਾ ਚਾਹੁੰਦੇ ਹਨ।
ਯੂਐੱਸ ਰਾਸ਼ਟਰਪਤੀ ਬਿਡੇਨ ਸਾਊਦੀ-ਇਜ਼ਰਾਈਲ ਵਿਚਾਲੇ ਦੋਸਤੀ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ। ਇਜ਼ਰਾਈਲ ਨੂੰ ਉਮੀਦ ਹੈ ਕਿ ਸਾਊਦੀ ਅਰਬ ਨਾਲ ਉਸ ਦੇ ਕੂਟਨੀਤਕ ਸਬੰਧ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਤੱਕ ਆਮ ਵਾਂਗ ਹੋ ਜਾਣਗੇ। ਇਜ਼ਰਾਇਲੀ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਜੋ ਬਿਡੇਨ ਪ੍ਰਸ਼ਾਸਨ ਦਾ ਸਾਊਦੀ ਅਰਬ ‘ਤੇ ਜ਼ਬਰਦਸਤ ਦਬਾਅ ਹੈ ਅਤੇ ਇਜ਼ਰਾਈਲ ਵੀ ਕੁਝ ਮੁੱਦਿਆਂ ‘ਤੇ ਨਰਮ ਰੁਖ ਅਪਣਾ ਰਿਹਾ ਹੈ।
ਇਸ ਦੌਰਾਨ ਯਹੂਦੀ ਧਾਰਮਿਕ ਆਗੂ ਯਾਕੋਵ ਦੀ ਅਰਬ ਮੀਡੀਆ ਵਿੱਚ ਕਾਫੀ ਚਰਚਾ ਹੋ ਰਹੀ ਹੈ। ਯਾਕੋਵ ਸਾਊਦੀ ਅਰਬ ਵਿੱਚ ਯਹੂਦੀਆਂ ਦਾ ਪਹਿਲਾ ਰੱਬੀ ਹੈ। ਸਾਊਦੀ ਅਰਬ ਦੇ ਕਈ ਲੋਕਾਂ ਨੂੰ ਉਸ ਨਾਲ ਸੈਲਫੀ ਲੈਂਦੇ ਦੇਖਿਆ ਗਿਆ ਹੈ। ਇਜ਼ਰਾਈਲ ਦੇ ਅਖਬਾਰ ‘ਹਾਰੇਟਜ਼’ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਇਜ਼ਰਾਈਲ-ਸਾਊਦੀ ਅਰਬ ਸਬੰਧਾਂ ਅਤੇ ਅਮਰੀਕਾ ਦੀ ਭੂਮਿਕਾ ‘ਤੇ ਡੂੰਘਾਈ ਨਾਲ ਵਿਚਾਰ ਕੀਤਾ ਗਿਆ ਹੈ।
ਇਸ ਦੇ ਮੁਤਾਬਕ- ਰਾਸ਼ਟਰਪਤੀ ਬਿਡੇਨ ਅਗਲੇ ਸਾਲ ਆਪਣਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਇਜ਼ਰਾਈਲ ਅਤੇ ਸਾਊਦੀ ਅਰਬ ਵਿਚਾਲੇ ਕੂਟਨੀਤਕ ਸਬੰਧ ਸ਼ੁਰੂ ਕਰਨਾ ਚਾਹੁੰਦੇ ਹਨ। ਇਸ ਦੇ ਲਈ ਹਰ ਪੱਧਰ ‘ਤੇ ਬੈਕਡੋਰ ਕੂਟਨੀਤੀ ਵਰਤੀ ਜਾ ਰਹੀ ਹੈ। ਸਾਊਦੀ ਅਰਬ ‘ਤੇ ਅਮਰੀਕੀ ਦਬਾਅ ਵੀ ਵਧ ਰਿਹਾ ਹੈ। ਦਰਅਸਲ, ਬਿਡੇਨ ਚਾਹੁੰਦੇ ਹਨ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਅਰਬ ਦੇਸ਼ਾਂ ਅਤੇ ਇਜ਼ਰਾਈਲ ਵਿਚਾਲੇ ਹੋਏ ਇਤਿਹਾਸਕ ‘ਅਬ੍ਰਾਹਮ ਸਮਝੌਤੇ’ ਨੂੰ ਅੱਗੇ ਵਧਾਇਆ ਜਾਵੇ ਅਤੇ ਸਾਊਦੀ ਅਰਬ ਨੂੰ ਇਸ ਸਮਝੌਤੇ ਦਾ ਹਿੱਸਾ ਬਣਾਇਆ ਜਾਵੇ।
ਅਪ੍ਰੈਲ 2023 ਵਿੱਚ ਕੁਝ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (MBS) ਨਾਲ ਦੋ ਵਾਰ ਗੱਲਬਾਤ ਕੀਤੀ ਸੀ। ਗੱਲਬਾਤ ਇਜ਼ਰਾਈਲ ‘ਚ ਰਹਿ ਰਹੇ ਅਰਬ ਮੂਲ ਦੇ ਲੋਕਾਂ ਨੂੰ ਸਿੱਧੀ ਫਲਾਈਟ ਰਾਹੀਂ ਹਜ ‘ਤੇ ਭੇਜਣ ਬਾਰੇ ਸੀ। ਐਮਬੀਐਸ ਉਸ ਸਮੇਂ ਬਹਿਰੀਨ ਵਿੱਚ ਸੀ। ਇਸ ਗੱਲਬਾਤ ‘ਚ ਬਹਿਰੀਨ ਦੇ ਵਿਦੇਸ਼ ਮੰਤਰੀ ਅਬਦੁੱਲਾਲਾਤੀਫ ਬਾਨ ਰਾਸ਼ਿਦ ਅਲ ਜ਼ਯਾਨੀ ਨੇ ਵਿਚੋਲੇ ਦੀ ਭੂਮਿਕਾ ਨਿਭਾਈ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਏਲੀ ਕੋਹੇਨ ਨੇ ਮੀਡੀਆ ਨਾਲ ਗੱਲਬਾਤ ‘ਚ ਕਿਹਾ- ਸਾਡੇ ਅਤੇ ਸਾਊਦੀ ਅਰਬ ਦੇ ਹਿੱਤ ਇੱਕੋ ਜਿਹੇ ਹਨ। ਉਮੀਦ ਹੈ ਕਿ ਆਮ ਰਿਸ਼ਤੇ ਵੀ ਸ਼ੁਰੂ ਹੋ ਜਾਣਗੇ। ਹਾਲਾਂਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਕੰਮ ਕਦੋਂ ਅਤੇ ਕਿਵੇਂ ਹੋਵੇਗਾ।