ਅਗਸਤ ‘ਚ 100% ਈਥਾਨੋਲ ਨਾਲ ਚਲਣ ਵਾਲੇ ਵਾਹਨ ਕਰਾਂਗਾ ਲਾਂਚ : ਨਿਤਿਨ ਗਡਕਰੀ

ਅਗਸਤ ‘ਚ 100% ਈਥਾਨੋਲ ਨਾਲ ਚਲਣ ਵਾਲੇ ਵਾਹਨ ਕਰਾਂਗਾ ਲਾਂਚ : ਨਿਤਿਨ ਗਡਕਰੀ

ਨਿਤਿਨ ਗਡਕਰੀ ਨੇ ਕਿਹਾ ਕਿ ਇਹ ਦੇਸ਼ ਵਿੱਚ ਇੱਕ ਕ੍ਰਾਂਤੀਕਾਰੀ ਪਹਿਲਕਦਮੀ ਹੋਵੇਗੀ, ਜੋ ਆਯਾਤ-ਵਿਕਲਪਿਕ, ਲਾਗਤ-ਪ੍ਰਭਾਵਸ਼ਾਲੀ, ਪ੍ਰਦੂਸ਼ਣ ਮੁਕਤ ਅਤੇ ਪੂਰੀ ਤਰ੍ਹਾਂ ਸਵਦੇਸ਼ੀ ਹੋਵੇਗੀ।


ਨਿਤਿਨ ਗਡਕਰੀ ਨੂੰ ਉਨ੍ਹਾਂ ਵਲੋਂ ਕੀਤੇ ਗਏ ਵਧੀਆ ਕੰਮਾਂ ਲਈ ਜਾਣਿਆ ਜਾਂਦਾ ਹੈ, ਚਾਹੇ ਵਧੀਆ ਸੜਕਾਂ ਦੀ ਗੱਲ ਹੋਵੇ ਜਾਂ ਦੇਸ਼ ਨੂੰ ਪ੍ਰਦੂਸ਼ਣ ਮੁਕਤ ਬਣਾਉਣਾ ਹੋਵੇ। ਹੁਣ ਭਾਰਤ ‘ਚ ਅਗਸਤ ‘ਚ 100% ਈਥਾਨੋਲ ਫਿਊਲ ‘ਤੇ ਚੱਲਣ ਵਾਲੀਆਂ ਗੱਡੀਆਂ ਲਾਂਚ ਕੀਤੀਆਂ ਜਾਣਗੀਆਂ। ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਹ ਦੇਸ਼ ਵਿੱਚ ਇੱਕ ਕ੍ਰਾਂਤੀਕਾਰੀ ਪਹਿਲਕਦਮੀ ਹੋਵੇਗੀ, ਜੋ ਆਯਾਤ-ਵਿਕਲਪਿਕ, ਲਾਗਤ-ਪ੍ਰਭਾਵਸ਼ਾਲੀ, ਪ੍ਰਦੂਸ਼ਣ ਮੁਕਤ ਅਤੇ ਪੂਰੀ ਤਰ੍ਹਾਂ ਸਵਦੇਸ਼ੀ ਹੋਵੇਗੀ।

ਮੌਜੂਦਾ ਸਮੇਂ ‘ਚ ਭਾਰਤੀ ਬਾਜ਼ਾਰ ‘ਚ ਈਥਾਨੋਲ ਦੀ ਕੀਮਤ 66 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ ਦੀ ਕੀਮਤ 108 ਰੁਪਏ ਦੇ ਕਰੀਬ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਜਲਦੀ ਹੀ ਦੋਪਹੀਆ ਵਾਹਨ ਅਤੇ ਕਾਰਾਂ ਭਾਰਤ ਦੀਆਂ ਸੜਕਾਂ ‘ਤੇ ਸਸਤੇ ਈਂਧਨ ‘ਤੇ ਚੱਲਦੀਆਂ ਨਜ਼ਰ ਆਉਣਗੀਆਂ। ਕੇਂਦਰੀ ਮੰਤਰੀ ਨੇ ਕਿਹਾ, ‘ਅਗਸਤ ਤੋਂ ਮੈਂ 100% ਈਥਾਨੌਲ ‘ਤੇ ਚੱਲਣ ਵਾਲੇ ਵਾਹਨ ਲਾਂਚ ਕਰਾਂਗਾ। ਬਜਾਜ, TVS ਅਤੇ Hero ਨੇ ਅਜਿਹੇ ਮੋਟਰਸਾਈਕਲ ਬਣਾਏ ਹਨ ਜੋ 100% ਈਥਾਨੋਲ ‘ਤੇ ਚੱਲਦੇ ਹਨ।

ਨਿਤਿਨ ਗਡਕਰੀ ਨੇ ਕਿਹਾ ਕਿ ਟੋਇਟਾ ਕੰਪਨੀ ਦੀ ਕੈਮਰੀ ਕਾਰ ਦੀ ਤਰ੍ਹਾਂ ਜੋ 60 ਫੀਸਦੀ ਪੈਟਰੋਲ ਅਤੇ 40 ਫੀਸਦੀ ਬਿਜਲੀ ‘ਤੇ ਚੱਲਦੀ ਹੈ, ਹੁਣ ਦੇਸ਼ ‘ਚ ਅਜਿਹੀਆਂ ਗੱਡੀਆਂ ਲਾਂਚ ਕੀਤੀਆਂ ਜਾਣਗੀਆਂ ਜੋ 60 ਫੀਸਦੀ ਈਥਾਨੌਲ ਅਤੇ 40 ਫੀਸਦੀ ਬਿਜਲੀ ‘ਤੇ ਚੱਲਣਗੀਆਂ। ਈਥਾਨੌਲ ਇੱਕ ਕਿਸਮ ਦੀ ਅਲਕੋਹਲ ਹੈ, ਜੋ ਸਟਾਰਚ ਅਤੇ ਖੰਡ ਦੇ ਫਰਮੈਂਟੇਸ਼ਨ ਤੋਂ ਬਣਾਈ ਜਾਂਦੀ ਹੈ। ਇਸ ਨੂੰ ਪੈਟਰੋਲ ਵਿੱਚ ਮਿਲਾਇਆ ਜਾਂਦਾ ਹੈ ਅਤੇ ਵਾਹਨਾਂ ਵਿੱਚ ਵਾਤਾਵਰਣ ਅਨੁਕੂਲ ਬਾਲਣ ਵਜੋਂ ਵਰਤਿਆ ਜਾਂਦਾ ਹੈ।

ਈਥਾਨੌਲ ਮੁੱਖ ਤੌਰ ‘ਤੇ ਗੰਨੇ ਦੇ ਰਸ ਤੋਂ ਪੈਦਾ ਕੀਤਾ ਜਾਂਦਾ ਹੈ, ਪਰ ਈਥਾਨੌਲ ਸਟਾਰਚ ਵਾਲੀਆਂ ਸਮੱਗਰੀਆਂ ਜਿਵੇਂ ਕਿ ਮੱਕੀ, ਸੜੇ ਆਲੂ, ਕਸਾਵਾ ਅਤੇ ਸੜੀ ਹੋਈ ਸਬਜ਼ੀਆਂ ਤੋਂ ਵੀ ਪੈਦਾ ਕੀਤਾ ਜਾ ਸਕਦਾ ਹੈ। ਦੁਨੀਆ ਭਰ ਦੀਆਂ ਸਰਕਾਰਾਂ ਪੈਟਰੋਲ-ਡੀਜ਼ਲ ਵਾਹਨਾਂ ਕਾਰਨ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਰੋਕਣ ਅਤੇ ਈਂਧਨ ਦੀਆਂ ਕੀਮਤਾਂ ਨੂੰ ਘਟਾਉਣ ਲਈ ਈਥਾਨੌਲ ਮਿਸ਼ਰਤ ਈਂਧਨ ‘ਤੇ ਕੰਮ ਕਰ ਰਹੀਆਂ ਹਨ। ਭਾਰਤ ਵਿੱਚ ਵੀ ਈਥਾਨੌਲ ਨੂੰ ਪੈਟਰੋਲ ਅਤੇ ਡੀਜ਼ਲ ਦੇ ਬਦਲ ਵਜੋਂ ਦੇਖਿਆ ਜਾ ਰਿਹਾ ਹੈ। ਇਸ ਨਾਲ ਵਾਹਨਾਂ ਦੀ ਮਾਈਲੇਜ ਵੀ ਵਧੇਗੀ।