ਗੀਤਿਕਾ ਸ਼੍ਰੀਵਾਸਤਵ ਪਾਕਿਸਤਾਨ ‘ਚ ਭਾਰਤੀ ਹਾਈ ਕਮਿਸ਼ਨ ਦੀ ਨਵੀਂ ਇੰਚਾਰਜ ਹੋਵੇਗੀ

ਗੀਤਿਕਾ ਸ਼੍ਰੀਵਾਸਤਵ ਪਾਕਿਸਤਾਨ ‘ਚ ਭਾਰਤੀ ਹਾਈ ਕਮਿਸ਼ਨ ਦੀ ਨਵੀਂ ਇੰਚਾਰਜ ਹੋਵੇਗੀ

ਗੀਤਿਕਾ ਸ਼੍ਰੀਵਾਸਤਵ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ‘ਚ ਇੰਚਾਰਜ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਡਿਪਲੋਮੈਟ ਹੋਵੇਗੀ।


ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਵਜੋਂ ਤਾਇਨਾਤ ਗੀਤਿਕਾ ਸ੍ਰੀਵਾਸਤਵ ਨੂੰ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਵਿੱਚ ਅਸਥਾਈ ਰਾਜਦੂਤ ਵਜੋਂ ਤਾਇਨਾਤ ਕੀਤਾ ਜਾਵੇਗਾ। ਇਹ ਅਹੁਦਾ ਹਾਸਲ ਕਰਨ ਵਾਲੀ ਉਹ ਪਹਿਲੀ ਮਹਿਲਾ ਹੈ। ਉਹ ਡਾ. ਐਮ. ਸੁਰੇਸ਼ ਕੁਮਾਰ ਦੀ ਥਾਂ ਲਵੇਗੀ। ਰਾਜਦੂਤ ਜਾਂ ਹਾਈ ਕਮਿਸ਼ਨਰ ਨਿਯੁਕਤ ਹੋਣ ਤੱਕ ਉਹ ਇਸ ਅਹੁਦੇ ‘ਤੇ ਰਹੇਗੀ।

ਗੀਤਿਕਾ ਸ਼੍ਰੀਵਾਸਤਵ ਸਾਲ 2005 ਬੈਚ ਦੀ ਭਾਰਤੀ ਵਿਦੇਸ਼ ਸੇਵਾ ਦੀ ਅਧਿਕਾਰੀ ਹੈ। ਉਹ ਵਰਤਮਾਨ ਵਿੱਚ ਵਿਦੇਸ਼ ਮੰਤਰਾਲੇ ਦੇ ਇੰਡੋ-ਪੈਸੀਫਿਕ ਡਿਵੀਜ਼ਨ ਵਿੱਚ ਸੰਯੁਕਤ ਸਕੱਤਰ ਦੇ ਤੌਰ ‘ਤੇ ਸੇਵਾ ਕਰ ਰਹੀ ਹੈ, ਜੋ ਆਸੀਆਨ, ਆਈਓਆਰਏ ਅਤੇ ਹੋਰਾਂ ਨਾਲ ਭਾਰਤ ਦੀ ਬਹੁਪੱਖੀ ਕੂਟਨੀਤੀ ਨੂੰ ਦੇਖਦਾ ਹੈ। ਰਿਪੋਰਟ ਮੁਤਾਬਕ ਉਹ ਚੀਨੀ ਭਾਸ਼ਾ (ਮੈਂਡਰਿਨ ਭਾਸ਼ਾ) ਵੀ ਬੋਲਦੀ ਹੈ।

ਗੀਤਿਕਾ ਸ਼੍ਰੀਵਾਸਤਵ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਸਨੇ ਕੋਲਕਾਤਾ ਵਿੱਚ ਖੇਤਰੀ ਪਾਸਪੋਰਟ ਅਧਿਕਾਰੀ ਅਤੇ ਵਿਦੇਸ਼ ਮੰਤਰਾਲੇ ਦੇ ਆਈਓਆਰ ਡਿਵੀਜ਼ਨ ਵਿੱਚ ਡਾਇਰੈਕਟਰ ਵਜੋਂ ਵੀ ਕੰਮ ਕੀਤਾ ਹੈ। ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗੀਤਿਕਾ ਸ਼੍ਰੀਵਾਸਤਵ ‘ਮਹਿਲਾ ਡਿਪਲੋਮੈਟਿਕ ਕਲੱਬ’ ਦੀ ਇਕ ਹੋਰ ਮੈਂਬਰ ਹੈ, ਕਿਉਂਕਿ ਉਸਦੀ ਨਿਯੁਕਤੀ ਬਰਤਾਨੀਆ ਵੱਲੋਂ ਪਾਕਿਸਤਾਨ ਵਿਚ ਆਪਣੀ ਪਹਿਲੀ ਮਹਿਲਾ ਰਾਜਦੂਤ ਤਾਇਨਾਤ ਕਰਨ ਤੋਂ ਤੁਰੰਤ ਬਾਅਦ ਹੋਈ ਹੈ।

ਇਸ ਦੇ ਨਾਲ ਹੀ ਇਕ ਰਿਪੋਰਟ ਮੁਤਾਬਕ ਗੀਤਿਕਾ ਸ਼੍ਰੀਵਾਸਤਵ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ‘ਚ ਇੰਚਾਰਜ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਡਿਪਲੋਮੈਟ ਹੋਵੇਗੀ। ਅਗਸਤ 2019 ਵਿੱਚ ਕੇਂਦਰ ਸਰਕਾਰ ਦੁਆਰਾ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਤੋਂ ਬਾਅਦ ਪਾਕਿਸਤਾਨ ਵੱਲੋਂ ਕੂਟਨੀਤਕ ਸਬੰਧਾਂ ਨੂੰ ਘਟਾ ਦਿੱਤੇ ਜਾਣ ਤੋਂ ਬਾਅਦ ਇਸਲਾਮਾਬਾਦ ਅਤੇ ਦਿੱਲੀ ਵਿੱਚ ਪਾਕਿਸਤਾਨੀ ਅਤੇ ਭਾਰਤੀ ਹਾਈ ਕਮਿਸ਼ਨਾਂ ਦੀ ਅਗਵਾਈ ਕ੍ਰਮਵਾਰ ਆਪਣੇ-ਆਪਣੇ ਇੰਚਾਰਜਾਂ ਦੁਆਰਾ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਨੇ ਕਿਹਾ ਕਿ ਉਮੀਦ ਹੈ ਕਿ ਸ਼੍ਰੀਵਾਸਤਵ ਜਲਦੀ ਹੀ ਇਸਲਾਮਾਬਾਦ ਵਿੱਚ ਅਹੁਦਾ ਸੰਭਾਲੇਗੀ।