ਪੰਜਾਬ ‘ਚ ਆਏ ਹੜ੍ਹਾਂ ਨੇ ਬਹੁਤ ਕੁਝ ਸਿਖਾ ਦਿੱਤਾ, ਪੰਜਾਬ ‘ਚ ਬਣਾਵਾਂਗੇ ਚੈੱਕ ਡੈਮ, ਨਹੀਂ ਹੋਵੇਗਾ ਮੰਤਰੀ ਮੰਡਲ ‘ਚ ਫੇਰਬਦਲ : ਸੀਐੱਮ ਮਾਨ

ਪੰਜਾਬ ‘ਚ ਆਏ ਹੜ੍ਹਾਂ ਨੇ ਬਹੁਤ ਕੁਝ ਸਿਖਾ ਦਿੱਤਾ, ਪੰਜਾਬ ‘ਚ ਬਣਾਵਾਂਗੇ ਚੈੱਕ ਡੈਮ, ਨਹੀਂ ਹੋਵੇਗਾ ਮੰਤਰੀ ਮੰਡਲ ‘ਚ ਫੇਰਬਦਲ : ਸੀਐੱਮ ਮਾਨ

ਭਗਵੰਤ ਮਾਨ ਨੇ ਕਿਹਾ ਕਿ ਤੇਲੰਗਾਨਾ ਦੀ ਤਰਜ਼ ’ਤੇ ਹੁਣ ਪੰਜਾਬ ਵਿੱਚ ਵੀ ਚੈਕ ਡੈਮ ਬਣਾਏ ਜਾਣਗੇ ਤਾਂ ਜੋ ਪਾਕਿਸਤਾਨ ਜਾਣ ਵਾਲੇ ਪਾਣੀ ਨੂੰ ਸਟੋਰ ਕੀਤਾ ਜਾ ਸਕੇ ਅਤੇ ਇਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਸੁਧਰੇਗਾ।


ਪੰਜਾਬ ‘ਚ ਫਿਰ ਤੋਂ ਆਏ ਹੜ੍ਹ ਨੇ ਪੰਜਾਬ ਦੇ 8 ਜਿਲਿਆਂ ਵਿਚ ਬਹੁਤ ਤਬਾਹੀ ਮਚਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ‘ਚ ਫਿਰ ਤੋਂ ਹੜ੍ਹ ਆਉਣ ਦੀ ਸੰਭਾਵਨਾ ‘ਤੇ ਚਿੰਤਾ ਜ਼ਾਹਰ ਕੀਤੀ, ਪਰ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਸਰਕਾਰ ਨੇ ਸਾਰੇ ਇਹਤਿਆਤੀ ਕਦਮ ਚੁੱਕੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹੜ੍ਹਾਂ ਅਤੇ ਕੁਦਰਤੀ ਆਫ਼ਤਾਂ ਤੋਂ ਸਿੱਖਣ ਦੀ ਲੋੜ ਹੈ ਅਤੇ ਇਸ ਹੜ੍ਹ ਨੇ ਵੀ ਬਹੁਤ ਕੁਝ ਸਿਖਾਇਆ ਹੈ।

ਵੀਰਵਾਰ ਨੂੰ ਪੰਜਾਬ ਭਵਨ ਵਿਖੇ ਸੂਰਜੀ ਊਰਜਾ ਸਮਝੌਤੇ ਬਾਰੇ ਜਾਣਕਾਰੀ ਦੇਣ ਲਈ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਹੜ੍ਹਾਂ ਦੀ ਸਥਿਤੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਬਹੁਤ ਗੰਭੀਰ ਹੋ ਗਏ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਇਸ ਤੋਂ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ‘ਅਸੀਂ ਜਲ ਮਾਰਗਾਂ ‘ਤੇ ਉਸਾਰੀ ਕੀਤੀ ਹੈ। ਸੜਕਾਂ ਚੌੜੀਆਂ ਕਰਨ ਦੇ ਨਾਂ ‘ਤੇ ਕਈ ਉੱਚੀਆਂ ਇਮਾਰਤਾਂ ਬਣਵਾਈਆਂ ਗਈਆਂ ਅਤੇ ਪਾਣੀ ਦਾ ਰਸਤਾ ਛੋਟਾ ਕਰ ਦਿੱਤਾ ਗਿਆ, ਪਰ ਹੁਣ ਪਾਣੀ ਨੇ ਇਥੇ ਤਬਾਹੀ ਮਚਾ ਦਿਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਵੀ ਹੜ੍ਹਾਂ ਤੋਂ ਸਬਕ ਸਿੱਖਦਿਆਂ ਪਾਣੀ ਬਚਾਉਣ ਦਾ ਆਪਣਾ ਟੀਚਾ ਪੂਰਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਤੇਲੰਗਾਨਾ ਦੀ ਤਰਜ਼ ’ਤੇ ਹੁਣ ਪੰਜਾਬ ਵਿੱਚ ਵੀ ਚੈਕ ਡੈਮ ਬਣਾਏ ਜਾਣਗੇ ਤਾਂ ਜੋ ਪਾਕਿਸਤਾਨ ਜਾਣ ਵਾਲੇ ਪਾਣੀ ਨੂੰ ਸਟੋਰ ਕੀਤਾ ਜਾ ਸਕੇ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਸੁਧਰੇਗਾ। ਇਸ ਤਰ੍ਹਾਂ ਸਟੋਰ ਕੀਤੇ ਪਾਣੀ ਨੂੰ ਲੋੜ ਪੈਣ ‘ਤੇ ਪੰਪਾਂ ਦੀ ਮਦਦ ਨਾਲ ਖੇਤਾਂ ਤੱਕ ਪਹੁੰਚਾਇਆ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਵਿੱਚ ਬਰਸਾਤ ਦਾ ਅਸਰ ਪੰਜਾਬ ਵਿੱਚ ਆ ਰਿਹਾ ਹੈ, ਕਿਉਂਕਿ ਪੰਜਾਬ ਵਿੱਚ ਮੀਂਹ ਨਹੀਂ ਪੈ ਰਿਹਾ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਖ਼ਤਰਾ ਪੱਧਰ 1680 ਫੁੱਟ ਹੈ ਅਤੇ ਪਾਣੀ ਦਾ ਪੱਧਰ 1676 ਫੁੱਟ ਤੋਂ ਚਾਰ ਫੁੱਟ ਹੇਠਾਂ ਹੈ। ਦੂਜੇ ਪਾਸੇ ਪੌਂਗ ਡੈਮ ਵਿੱਚ ਪਾਣੀ ਦਾ ਖ਼ਤਰਾ ਪੱਧਰ 1390 ਫੁੱਟ ਹੈ ਜਦੋਂਕਿ ਉੱਥੇ ਪਾਣੀ 1396 ਫੁੱਟ ਤੱਕ ਪਹੁੰਚ ਗਿਆ ਹੈ। ਇਸ ਵਿੱਚੋਂ ਕੱਲ੍ਹ ਤੱਕ 1.17 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਪਰ ਹੁਣ ਪਾਣੀ ਦੀ ਆਮਦ ਘੱਟ ਹੋਣ ਕਾਰਨ ਇਸ ਦੀ ਨਿਕਾਸੀ ਘਟਾ ਦਿੱਤੀ ਗਈ ਹੈ।

ਵੀਰਵਾਰ ਸ਼ਾਮ ਤੱਕ ਇੱਕ ਲੱਖ ਕਿਊਸਿਕ ਪਾਣੀ ਛੱਡਿਆ ਜਾਵੇਗਾ। ਘੱਗਰ ਅਤੇ ਰਾਵੀ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਸੁਰੱਖਿਅਤ ਪੱਧਰ ’ਤੇ ਹੈ, ਜਦੋਂਕਿ ਹਰੀਕੇ ਹੈੱਡ ਤੋਂ ਅੱਗੇ ਪਾਣੀ ਛੱਡਿਆ ਜਾ ਰਿਹਾ ਹੈ। ਫਿਲਹਾਲ ਘਬਰਾਉਣ ਦੀ ਲੋੜ ਨਹੀਂ ਹੈ। ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ ਦੀਆਂ ਚਰਚਾਵਾਂ ‘ਤੇ ਵਿਰਾਮ ਲਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੰਤਰੀ ਮੰਡਲ ਵਿੱਚ ਕੋਈ ਫੇਰਬਦਲ ਨਹੀਂ ਹੋਣ ਵਾਲਾ ਹੈ, ਕਿਉਂਕਿ ਸਰਕਾਰ ਬਹੁਤ ਵਧੀਆ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਪੱਤਰਕਾਰਾਂ ਨੂੰ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਕੁਝ ਪੱਤਰਕਾਰਾਂ ਨੇ ਤਾਂ ਖ਼ਬਰ ਵੀ ਤਿਆਰ ਕਰ ਲਈ ਹੈ, ਕਿ ਉਹ ਜਾਣਗੇ, ਉਹ ਆਉਣਗੇ। ਉਨ੍ਹਾਂ ਕਿਹਾ ਕਿ ਵਿਧਾਇਕਾਂ ਅਤੇ ਮੰਤਰੀਆਂ ਨੂੰ ਇਸ ਤਰ੍ਹਾਂ ਨਾ ਡਰਾਓ। ਜੇਕਰ ਕੋਈ ਬਦਲਾਅ ਹੁੰਦਾ ਹੈ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਸੂਚਿਤ ਕੀਤਾ ਜਾਵੇਗਾ।