ਬੈਂਗਲੁਰੂ ‘ਚ ਕਾਂਗਰਸ ਨੇ ਕੀਤੀ ਰਾਤ ਦੇ ਖਾਣੇ ਦੀ ਮੇਜ਼ਬਾਨੀ, 26 ਪਾਰਟੀਆਂ ਦੇ ਆਗੂ ਪਹੁੰਚੇ, ਦਿੱਲੀ ‘ਚ ਅੱਜ ਐਨ.ਡੀ.ਏ ਦੀ ਮੀਟਿੰਗ

ਬੈਂਗਲੁਰੂ ‘ਚ ਕਾਂਗਰਸ ਨੇ ਕੀਤੀ ਰਾਤ ਦੇ ਖਾਣੇ ਦੀ ਮੇਜ਼ਬਾਨੀ, 26 ਪਾਰਟੀਆਂ ਦੇ ਆਗੂ ਪਹੁੰਚੇ, ਦਿੱਲੀ ‘ਚ ਅੱਜ ਐਨ.ਡੀ.ਏ ਦੀ ਮੀਟਿੰਗ

ਵਿਰੋਧੀ ਧਿਰ ਦੀ ਮੀਟਿੰਗ ਨੂੰ ਦੇਖਦੇ ਹੋਏ ਭਾਜਪਾ ਨੇ 18 ਜੁਲਾਈ ਨੂੰ ਸ਼ਾਮ 4 ਵਜੇ ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਐਨਡੀਏ ਦੀ ਮੀਟਿੰਗ ਵੀ ਬੁਲਾਈ ਹੈ। ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ 38 ਪਾਰਟੀਆਂ ਹਿੱਸਾ ਲੈ ਰਹੀਆਂ ਹਨ।


ਲੋਕਸਭਾ 2024 ਚੋਣਾਂ ਨੂੰ ਲੈ ਕੇ ਸਿਆਸੀ ਵਿਗੁਲ ਵੱਜ ਗਿਆ ਹੈ ਅਤੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਲੋਕਸਭਾ ਚੋਣਾਂ ਦੀ ਤਿਆਰੀ ਕਰਨੀ ਸ਼ੁਰੂ ਕਰ ਦਿਤੀ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਬੈਂਗਲੁਰੂ ਵਿੱਚ ਵਿਰੋਧੀ ਪਾਰਟੀਆਂ ਦੀ ਦੂਜੀ ਮੀਟਿੰਗ ਤੋਂ ਪਹਿਲਾਂ ਕਾਂਗਰਸ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਰਾਤ ਦੇ ਖਾਣੇ ਲਈ ਸੱਦਾ ਦਿੱਤਾ ਹੈ। ਇਹ ਡਿਨਰ ਬੈਂਗਲੁਰੂ ਦੇ ਤਾਜ ਵੈਸਟ ਐਂਡ ਹੋਟਲ ‘ਚ ਆਯੋਜਿਤ ਕੀਤਾ ਗਿਆ ਸੀ।

ਕਾਂਗਰਸ ਪਾਰਟੀ ਅਨੁਸਾਰ ਇਸ ਵਿੱਚ 26 ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਹੈ। ਲਾਲੂ ਪ੍ਰਸਾਦ ਯਾਦਵ, ਅਰਵਿੰਦ ਕੇਜਰੀਵਾਲ, ਝਾਰਖੰਡ ਦੇ ਸੀਐਮ ਹੇਮੰਤ ਸੋਰੇਨ, ਬਿਹਾਰ ਦੇ ਸੀਐਮ ਨਿਤੀਸ਼ ਕੁਮਾਰ ਸਮੇਤ ਕਈ ਨੇਤਾ ਡਿਨਰ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਪਾਰਟੀ ‘ਚ ਫੁੱਟ ਤੋਂ ਬਾਅਦ ਸ਼ਰਦ ਪਵਾਰ ਅੱਜ ਦੀ ਬੈਠਕ ‘ਚ ਸਿੱਧੇ ਤੌਰ ‘ਤੇ ਸ਼ਾਮਲ ਹੋਣਗੇ। ਇੱਥੇ ਦੱਸ ਦੇਈਏ ਕਿ ਭਾਜਪਾ ਨੇ 18 ਜੁਲਾਈ ਨੂੰ ਸ਼ਾਮ 4 ਵਜੇ ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਐਨਡੀਏ ਦੀ ਮੀਟਿੰਗ ਵੀ ਬੁਲਾਈ ਹੈ।

ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ 38 ਪਾਰਟੀਆਂ ਹਿੱਸਾ ਲੈ ਰਹੀਆਂ ਹਨ। NDA ਬੈਠਕ ‘ਤੇ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ- ਮੈਂ ਹੈਰਾਨ ਹਾਂ ਕਿ ਮੋਦੀ ਜੀ ਨੇ ਰਾਜ ਸਭਾ ‘ਚ ਕਿਹਾ ਸੀ ਕਿ ਮੈਂ ਇਕੱਲਾ ਹੀ ਸਾਰੇ ਵਿਰੋਧੀਆਂ ‘ਤੇ ਭਾਰੀ ਹਾਂ। ਜੇਕਰ ਉਹ ਇਕੱਲਾ ਹੀ ਸਾਰੀਆਂ ਵਿਰੋਧੀ ਧਿਰਾਂ ‘ਤੇ ਭਾਰੀ ਹੈ ਤਾਂ ਉਹ ਐਨਡੀਏ ਦੀ ਮੀਟਿੰਗ ‘ਚ 30 ਪਾਰਟੀਆਂ ਨੂੰ ਕਿਉਂ ਬੁਲਾ ਰਿਹਾ ਹੈ। ਘੱਟੋ-ਘੱਟ ਉਨ੍ਹਾਂ 30 ਪਾਰਟੀਆਂ ਦੇ ਨਾਂ ਤਾਂ ਦੱਸੋ। ਉਹ ਸਾਡੀ ਮੀਟਿੰਗ ਤੋਂ ਘਬਰਾਉਂਦੇ ਹਨ।

ਤੇਲੰਗਾਨਾ ਦੇ ਸੀਐਮ ਚੰਦਰਸ਼ੇਖਰ ਰਾਓ, ਆਂਧਰਾ ਪ੍ਰਦੇਸ਼ ਦੇ ਸੀਐਮ ਜਗਨ ਮੋਹਨ ਰੈਡੀ, ਆਂਧਰਾ ਦੇ ਸਾਬਕਾ ਸੀਐਮ ਚੰਦਰਬਾਬੂ ਨਾਇਡੂ ਅਤੇ ਓਡੀਸ਼ਾ ਦੇ ਸੀਐਮ ਨਵੀਨ ਪਟਨਾਇਕ ਨੇ ਇਸ ਬੈਠਕ ਤੋਂ ਦੂਰੀ ਬਣਾਈ ਰੱਖੀ ਹੈ। ਸੂਤਰਾਂ ਅਨੁਸਾਰ 2004 ਦੀਆਂ ਲੋਕ ਸਭਾ ਚੋਣਾਂ ‘ਚ ਜਿਸ ਤਰ੍ਹਾਂ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਦੀ ਨਿਯੁਕਤੀ ਕੀਤੀ ਗਈ ਸੀ, ਉਸੇ ਤਰ੍ਹਾਂ ਨਵੇਂ ਮਹਾਂਗਠਜੋੜ ਵਿੱਚ ਵੀ ਸਰਬਸੰਮਤੀ ਨਾਲ ਅਜਿਹੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ। ਸੂਤਰਾਂ ਮੁਤਾਬਕ ਵਿਰੋਧੀ ਧਿਰ ‘ਚ ਸਭ ਤੋਂ ਵੱਡੀ ਪਾਰਟੀ ਹੋਣ ਕਾਰਨ ਕਾਂਗਰਸ ਚਾਹੁੰਦੀ ਹੈ ਕਿ ਉਸਨੂੰ ਇਹ ਅਹੁਦਾ ਦਿੱਤਾ ਜਾਵੇ।