ਮੋਦੀ-ਜਿਨਪਿੰਗ ਨੇ ਬਿਹਤਰ ਰਿਸ਼ਤੇ ਬਣਾਉਣ ਲਈ ਕੀਤੀ ਸੀ ਚਰਚਾ, ਵਿਦੇਸ਼ ਮੰਤਰਾਲੇ ਨੇ ਕਿਹਾ- ਸਾਡਾ ਉਦੇਸ਼ LAC ਵਿਵਾਦ ਨੂੰ ਸੁਲਝਾਉਣਾ

ਮੋਦੀ-ਜਿਨਪਿੰਗ ਨੇ ਬਿਹਤਰ ਰਿਸ਼ਤੇ ਬਣਾਉਣ ਲਈ ਕੀਤੀ ਸੀ ਚਰਚਾ, ਵਿਦੇਸ਼ ਮੰਤਰਾਲੇ ਨੇ ਕਿਹਾ- ਸਾਡਾ ਉਦੇਸ਼ LAC ਵਿਵਾਦ ਨੂੰ ਸੁਲਝਾਉਣਾ

ਵਿਦੇਸ਼ ਮੰਤਰਾਲੇ ਨੇ ਇਹ ਐਲਾਨ ਜੀ-20 ਸੰਮੇਲਨ ਦੇ 8 ਮਹੀਨੇ ਬਾਅਦ ਕੀਤਾ ਹੈ, ਜਦੋਂ 2 ਦਿਨ ਪਹਿਲਾਂ ਚੀਨੀ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਨਵੰਬਰ 2022 ‘ਚ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਦੁਵੱਲੇ ਸਬੰਧਾਂ ‘ਤੇ ਚਰਚਾ ਹੋਈ ਸੀ।


ਪਿਛਲੇ ਸਾਲ ਬਾਲੀ ‘ਚ ਜੀ-20 ਸੰਮੇਲਨ ਦੌਰਾਨ ਪੀਐੱਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਮੁਲਾਕਾਤ ਹੋਈ ਸੀ। ਇਸ ਦੌਰਾਨ ਦੋਵਾਂ ਆਗੂਆਂ ਨੇ ਹੱਥ ਮਿਲਾਇਆ ਸੀ। ਵਿਦੇਸ਼ ਮੰਤਰਾਲੇ ਨੇ ਹੁਣ ਇਸ ਮੁਲਾਕਾਤ ‘ਚ ਦੋਵਾਂ ਵਿਚਾਲੇ ਹੋਈ ਗੱਲਬਾਤ ਦੀ ਜਾਣਕਾਰੀ ਦਿੱਤੀ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਰਾਤ ਦੇ ਖਾਣੇ ਦੌਰਾਨ ਮੋਦੀ ਅਤੇ ਜਿਨਪਿੰਗ ਨੇ ਦੁਵੱਲੇ ਸਬੰਧਾਂ ਨੂੰ ਸਥਿਰ ਕਰਨ ‘ਤੇ ਚਰਚਾ ਕੀਤੀ। ਬਾਗਚੀ ਨੇ ਕਿਹਾ- ਭਾਰਤ ਦਾ ਧਿਆਨ ਹਮੇਸ਼ਾ LAC ‘ਤੇ ਚੀਨ ਨਾਲ ਵਿਵਾਦ ਨੂੰ ਸੁਲਝਾਉਣ ‘ਤੇ ਰਿਹਾ ਹੈ। ਅਸੀਂ ਸਰਹੱਦ ‘ਤੇ ਤਣਾਅ ਨੂੰ ਖਤਮ ਕਰਨਾ ਅਤੇ ਆਲੇ-ਦੁਆਲੇ ਦੇ ਖੇਤਰਾਂ ‘ਚ ਸ਼ਾਂਤੀ ਸਥਾਪਿਤ ਕਰਨਾ ਚਾਹੁੰਦੇ ਹਾਂ। ਇਹ ਇਸ ਮਸਲੇ ਦਾ ਹੱਲ ਹੋ ਸਕਦਾ ਹੈ।

ਵਿਦੇਸ਼ ਮੰਤਰਾਲੇ ਨੇ ਇਹ ਐਲਾਨ ਜੀ-20 ਸੰਮੇਲਨ ਦੇ 8 ਮਹੀਨੇ ਬਾਅਦ ਕੀਤਾ ਹੈ ਜਦੋਂ 2 ਦਿਨ ਪਹਿਲਾਂ ਚੀਨੀ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਨਵੰਬਰ 2022 ‘ਚ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਦੁਵੱਲੇ ਸਬੰਧਾਂ ‘ਤੇ ਚਰਚਾ ਹੋਈ ਸੀ। ਬਾਗਚੀ ਨੇ ਅੱਗੇ ਕਿਹਾ- ਵਿਦੇਸ਼ ਸਕੱਤਰ ਨੇ ਜੀ-20 ਬੈਠਕ ਤੋਂ ਬਾਅਦ ਬ੍ਰੀਫਿੰਗ ਦਿੱਤੀ ਸੀ। ਸ਼ਾਇਦ ਉਸ ਨੇ ਇਸ ਦਾ ਦੂਜਾ ਹਿੱਸਾ ਨਹੀਂ ਦੱਸਿਆ ਹੋਵੇਗਾ। ਡਿਨਰ ਮੌਕੇ ਦੋਵਾਂ ਆਗੂਆਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਸੀ ਅਤੇ ਇਸ ਦੌਰਾਨ ਦੋ-ਪੱਖੀ ਸਬੰਧਾਂ ਨੂੰ ਲੈ ਕੇ ਆਮ ਗੱਲਬਾਤ ਹੋਈ ਸੀ।

ਬਾਗਚੀ ਤੋਂ ਇਹ ਵੀ ਪੁੱਛਿਆ ਗਿਆ ਸੀ ਕਿ ਕੀ ਚੀਨੀ ਰਾਸ਼ਟਰਪਤੀ ਜਿਨਪਿੰਗ ਦਿੱਲੀ ਵਿੱਚ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਸ ‘ਤੇ ਉਨ੍ਹਾਂ ਕਿਹਾ- ਭਾਰਤ ਸਾਰੇ ਸੱਦੇ ਗਏ ਨੇਤਾਵਾਂ ਦੀ ਸ਼ਮੂਲੀਅਤ ਅਤੇ ਸੰਮੇਲਨ ਦੀ ਸਫਲਤਾ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਦਰਅਸਲ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨੀ ਡਿਪਲੋਮੈਟ ਵੈਂਗ ਯੀ ਦੀ ਦੋ ਦਿਨ ਪਹਿਲਾਂ ਜੋਹਾਨਸਬਰਗ ਵਿੱਚ ਮੁਲਾਕਾਤ ਹੋਈ ਸੀ। ਇਸ ਦੌਰਾਨ ਡੋਭਾਲ ਨੇ ਕਿਹਾ ਸੀ ਕਿ ਸਾਲ 2020 ਤੋਂ ਲੈ ਕੇ, ਐਲਏਸੀ ‘ਤੇ ਸਥਿਤੀ ਨੇ ਭਾਰਤ ਅਤੇ ਚੀਨ ਵਿਚਾਲੇ ਰਣਨੀਤਕ ਵਿਸ਼ਵਾਸ ਨੂੰ ਤਬਾਹ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਵਾਂਗ ਯੀ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਬਾਲੀ ਵਿੱਚ ਹੋਈ ਮੀਟਿੰਗ ਦੌਰਾਨ ਪੀਐਮ ਮੋਦੀ ਅਤੇ ਰਾਸ਼ਟਰਪਤੀ ਜਿਨਪਿੰਗ ਵਿਚਾਲੇ ਦੁਵੱਲੇ ਸਬੰਧਾਂ ਨੂੰ ਮੁੜ ਸ਼ੁਰੂ ਕਰਨ ਲਈ ਸਮਝੌਤਾ ਹੋਇਆ ਸੀ। ਜੋਹਾਨਸਬਰਗ ਵਿੱਚ ਫ੍ਰੈਂਡਜ਼ ਆਫ ਬ੍ਰਿਕਸ ਦੀ ਮੀਟਿੰਗ ਦੌਰਾਨ ਚੀਨ ਦੀ ਇਲੈਕਟ੍ਰਿਕ ਵਾਹਨ ਕੰਪਨੀ BYD ਮੋਟਰਜ਼ ਵੱਲੋਂ ਭਾਰਤ ਵਿੱਚ ਪਲਾਂਟ ਲਗਾਉਣ ਦੇ ਪ੍ਰਸਤਾਵ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ ਵਾਂਗ ਯੀ ਨੇ ਇਸ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।