ਡੋਨਾਲਡ ਟਰੰਪ ਬਣੇ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ, ਪਾਰਟੀ ਦੇ 50 ਹਜ਼ਾਰ ਲੋਕਾਂ ਨੂੰ ਕੀਤਾ ਸੰਬੋਧਨ

ਡੋਨਾਲਡ ਟਰੰਪ ਬਣੇ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ, ਪਾਰਟੀ ਦੇ 50 ਹਜ਼ਾਰ ਲੋਕਾਂ ਨੂੰ ਕੀਤਾ ਸੰਬੋਧਨ

ਇਹ ਤੀਜੀ ਵਾਰ ਹੈ ਜਦੋਂ ਟਰੰਪ ਨੂੰ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਟਰੰਪ ‘ਤੇ ਹੋਏ ਹਮਲੇ ਤੋਂ ਬਾਅਦ ਸੰਮੇਲਨ ਵਾਲੀ ਥਾਂ ‘ਤੇ ਹਜ਼ਾਰਾਂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਰਿਪਬਲਿਕਨ ਪਾਰਟੀ ਨੇ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਲਈ ਆਪਣਾ ਉਮੀਦਵਾਰ ਐਲਾਨ ਦਿਤਾ ਹੈ। ਅਮਰੀਕਾ ਦੇ ਵਿਸਕਾਨਸਿਨ ਸੂਬੇ ਦੇ ਮਿਲਵਾਕੀ ਸ਼ਹਿਰ ‘ਚ ਰਿਪਬਲਿਕਨ ਪਾਰਟੀ ਨੇ ਅਧਿਕਾਰਤ ਤੌਰ ‘ਤੇ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ। ਭਾਰਤੀ ਸਮੇਂ ਮੁਤਾਬਕ ਸੋਮਵਾਰ ਰਾਤ ਨੂੰ ਹੋਈ ਪਾਰਟੀ ਦੇ ਸੰਮੇਲਨ ‘ਚ ਟਰੰਪ ਨੂੰ 2387 ਡੈਲੀਗੇਟਾਂ ਦੀਆਂ ਵੋਟਾਂ ਮਿਲੀਆਂ। ਉਮੀਦਵਾਰ ਚੁਣਨ ਲਈ 1215 ਵੋਟਾਂ ਦੀ ਲੋੜ ਹੁੰਦੀ ਹੈ।

ਦੱਸ ਦੇਈਏ ਕਿ ਡੋਨਾਲਡ ਟਰੰਪ (78) ‘ਤੇ ਸ਼ਨੀਵਾਰ ਨੂੰ ਪੈਨਸਿਲਵੇਨੀਆ ‘ਚ ਇਕ ਰੈਲੀ ‘ਚ ਹਮਲਾਵਰ ਨੇ ਉਨ੍ਹਾਂ ‘ਤੇ ਕਈ ਗੋਲੀਆਂ ਚਲਾਈਆਂ ਸਨ। ਇਸ ਹਮਲੇ ਵਿੱਚ ਉਹ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਸੱਜੇ ਕੰਨ ਦਾ ਉਪਰਲਾ ਹਿੱਸਾ ਜ਼ਖ਼ਮੀ ਹੋ ਗਿਆ ਸੀ। ਜਾਣਕਾਰੀ ਮੁਤਾਬਕ ਡੋਨਾਲਡ ਟਰੰਪ ਰਸਮੀ ਤੌਰ ‘ਤੇ ਪਾਰਟੀ ਦੇ ਅਧਿਕਾਰਤ ਉਮੀਦਵਾਰ ਵਜੋਂ ਨਾਮਜ਼ਦਗੀ ਸਵੀਕਾਰ ਕਰਨਗੇ ਅਤੇ 18 ਜੁਲਾਈ ਨੂੰ ਮਿਲਵਾਕੀ ‘ਚ ਭਾਸ਼ਣ ਦੇਣਗੇ। ਟਰੰਪ ਐਤਵਾਰ ਸ਼ਾਮ ਸਥਾਨਕ ਸਮੇਂ ਅਨੁਸਾਰ ਕਰੀਬ 6 ਵਜੇ ਮਿਲਵਾਕੀ ਪਹੁੰਚੇ।

ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ ਦੇਸ਼ ਭਰ ਤੋਂ 2,400 ਤੋਂ ਵੱਧ ਚੁਣੇ ਹੋਏ ਡੈਲੀਗੇਟ ਇਕੱਠੇ ਹੋਏ ਹਨ। ਇੱਥੇ ਉਨ੍ਹਾਂ ਨੇ ਟਰੰਪ ਦੇ ਸਮਰਥਨ ‘ਚ ਵੋਟ ਪਾ ਕੇ ਰਸਮੀ ਤੌਰ ‘ਤੇ ਆਪਣੇ ਫੈਸਲੇ ਦਾ ਐਲਾਨ ਕੀਤਾ। ਇਹ ਤੀਜੀ ਵਾਰ ਹੈ ਜਦੋਂ ਟਰੰਪ ਨੂੰ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਟਰੰਪ ‘ਤੇ ਹੋਏ ਹਮਲੇ ਤੋਂ ਬਾਅਦ ਸੰਮੇਲਨ ਵਾਲੀ ਥਾਂ ‘ਤੇ ਹਜ਼ਾਰਾਂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜਿਸ ਥਾਂ ਅਤੇ ਹੋਟਲ ਵਿੱਚ ਡੈਲੀਗੇਟ ਠਹਿਰੇ ਹੋਏ ਹਨ, ਉਸ ਥਾਂ ਨੂੰ ਘੇਰ ਲਿਆ ਗਿਆ ਹੈ।