- ਪੰਜਾਬ
- No Comment
ਗਿੱਦੜਬਾਹਾ ‘ਚ ਚੋਣ ਮੁਕਾਬਲਾ ਹੋਇਆ ਰੋਮਾਂਚਕ, ਮਨਪ੍ਰੀਤ ਬਾਦਲ, ਡਿੰਪੀ ਢਿੱਲੋਂ ਤੇ ਅੰਮ੍ਰਿਤਾ ਵੜਿੰਗ ਨੇ ਭਰੀਆਂ ਨਾਮਜ਼ਦਗੀਆਂ
ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ। ਲੋਕ ਕਾਂਗਰਸ ਨੂੰ ਦਿਲੋਂ ਪਿਆਰ ਕਰਦੇ ਹਨ। ਪਾਰਟੀ ਨੇ ਪਿਛਲੀਆਂ ਤਿੰਨ ਚੋਣਾਂ ਜਿੱਤੀਆਂ ਹਨ। ਇਸ ਵਾਰ ਵੀ ਵੱਡੀ ਵੋਟਾਂ ਨਾਲ ਜਿੱਤ ਹਾਸਿਲ ਕੀਤੀ ਜਾਵੇਗੀ।
ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਹੋ ਰਹੀਆਂ ਜ਼ਿਮਨੀ ਚੋਣਾਂ ਵਿਚ ਗਿੱਦੜਬਾਹਾ ਸੀਟ ਦਾ ਮੁਕਾਬਲਾ ਸਭ ਤੋਂ ਰੋਮਾਂਚਕ ਬਣਿਆ ਹੋਇਆ ਹੈ । ਇੱਕ ਦਿਨ ਪਹਿਲਾਂ ਵੀਰਵਾਰ ਨੂੰ ਗਿੱਦੜਬਾਹਾ ਉਪ ਚੋਣ ਲਈ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ, ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਅਜਿਹੇ ‘ਚ ਹੁਣ ਇਨ੍ਹਾਂ ਤਿੰਨਾਂ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਵਿਚਾਲੇ ਤਿਕੋਣਾ ਮੁਕਾਬਲਾ ਹੈ।
ਨਾਮਜ਼ਦਗੀ ਭਰਨ ਸਮੇਂ ਮਨਪ੍ਰੀਤ ਦੇ ਨਾਲ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਅਵਿਨਾਸ਼ ਰਾਏ ਖੰਨਾ ਵੀ ਮੌਜੂਦ ਸਨ। ਜਦਕਿ ਡਿੰਪੀ ਢਿੱਲੋਂ ਦੇ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ ਮੌਜੂਦ ਸਨ। ਅੰਮ੍ਰਿਤਾ ਵੜਿੰਗ ਦੇ ਨਾਲ ਉਨ੍ਹਾਂ ਦੇ ਪਤੀ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਮੌਜੂਦ ਸਨ।
ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ। ਲੋਕ ਕਾਂਗਰਸ ਨੂੰ ਦਿਲੋਂ ਪਿਆਰ ਕਰਦੇ ਹਨ। ਪਾਰਟੀ ਨੇ ਪਿਛਲੀਆਂ ਤਿੰਨ ਚੋਣਾਂ ਜਿੱਤੀਆਂ ਹਨ। ਇਸ ਵਾਰ ਵੀ ਵੱਡੀ ਵੋਟਾਂ ਨਾਲ ਜਿੱਤ ਹਾਸਿਲ ਕੀਤੀ ਜਾਵੇਗੀ। ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਇਲਾਕੇ ਵਿੱਚ ਵਿਕਾਸ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਲੋਕਾਂ ਦੀ ਹਰ ਮੰਗ ਪੂਰੀ ਕੀਤੀ ਹੈ ਅਤੇ ਅੱਗੇ ਵੀ ਹੁੰਦੀ ਰਹੇਗੀ।