- ਅੰਤਰਰਾਸ਼ਟਰੀ
- No Comment
ਬੁਸ਼ਰਾ ਦੀ ਗ੍ਰਿਫਤਾਰੀ ਲਈ ਆਰਮੀ ਚੀਫ ਜ਼ਿੰਮੇਵਾਰ, ਪਤਨੀ ਨੂੰ ਕੁਝ ਹੋਇਆ ਤਾਂ ਜਨਰਲ ਮੁਨੀਰ ਨੂੰ ਨਹੀਂ ਬਖਸ਼ਾਂਗਾ : ਇਮਰਾਨ ਖਾਨ
ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਪਾਰਟੀ ਪੀ.ਟੀ.ਆਈ. ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜ਼ੁਲਮ ਦਾ ਸਾਹਮਣਾ ਕਰਨਾ ਜੇਹਾਦ ਹੈ। ਸਾਡੇ ਵਰਕਰ ਇਕ-ਇਕ ਵੋਟ ਦੀ ਰਾਖੀ ਕਰਨਗੇ।”
ਇਮਰਾਨ ਖਾਨ ਦੀਆਂ ਮੁਸ਼ਕਿਲਾਂ ਘਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਪਤਨੀ ਬੁਸ਼ਰਾ ਬੀਬੀ ਦੀ ਗ੍ਰਿਫਤਾਰੀ ਲਈ ਫੌਜ ਮੁਖੀ ਜਨਰਲ ਮੁਨੀਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਮਰਾਨ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਰਾਹੀਂ ਫੌਜ ਮੁਖੀ ਨੂੰ ਧਮਕੀ ਦਿੱਤੀ ਹੈ।
ਇਮਰਾਨ ਨੇ ਕਿਹਾ, “ਬੁਸ਼ਰਾ ਦੀ ਗ੍ਰਿਫਤਾਰੀ ਪਿੱਛੇ ਜਨਰਲ ਮੁਨੀਰ ਦਾ ਸਿੱਧਾ ਹੱਥ ਹੈ। ਜੇਕਰ ਮੇਰੀ ਪਤਨੀ ਨੂੰ ਕੁਝ ਵੀ ਹੋਇਆ ਤਾਂ ਮੈਂ ਆਸਿਮ ਮੁਨੀਰ ਨੂੰ ਨਹੀਂ ਛੱਡਾਂਗਾ। ਜਦੋਂ ਤੱਕ ਮੈਂ ਜ਼ਿੰਦਾ ਹਾਂ, ਮੈਂ ਉਸ ਦੀਆਂ ਸਾਰੀਆਂ ਗੈਰ-ਕਾਨੂੰਨੀ ਅਤੇ ਗੈਰ-ਸੰਵਿਧਾਨਕ ਗਤੀਵਿਧੀਆਂ ਦਾ ਪਰਦਾਫਾਸ਼ ਕਰਦਾ ਰਹਾਂਗਾ।” ਖਾਨ ਨੇ ਅੱਗੇ ਕਿਹਾ, “ਦੇਸ਼ ਵਿੱਚ ਜੰਗਲ ਰਾਜ ਹੈ। ਇੱਥੇ ਜੋ ਵੀ ਹੁੰਦਾ ਹੈ, ਉਹ ਜੰਗਲ ਦੇ ਰਾਜੇ ਦੇ ਹਿਸਾਬ ਨਾਲ ਹੁੰਦਾ ਹੈ। ਜੇਕਰ ਰਾਜਾ ਚਾਹੁੰਦਾ ਤਾਂ ਨਵਾਜ਼ ਸ਼ਰੀਫ਼ ਨੂੰ ਸਾਰੇ ਮਾਮਲਿਆਂ ਵਿੱਚ ਮਾਫ਼ੀ ਮਿਲ ਜਾਂਦੀ ਹੈ। ਸਿਰਫ਼ ਬਾਦਸ਼ਾਹ ਦੇ ਹੁਕਮਾਂ ‘ਤੇ ਹੀ 5 ਦਿਨਾਂ ਦੇ ਅੰਦਰ ਸਾਨੂੰ ਤਿੰਨ ਕੇਸਾਂ ਵਿੱਚ ਸਜ਼ਾ ਸੁਣਾਈ ਗਈ ਹੈ।”
ਦੇਸ਼ ਦੀ ਸੰਕਟਮਈ ਆਰਥਿਕ ਵਿਵਸਥਾ ਬਾਰੇ ਗੱਲ ਕਰਦੇ ਹੋਏ ਇਮਰਾਨ ਨੇ ਕਿਹਾ, “ਦੇਸ਼ ਦੀ ਅਰਥਵਿਵਸਥਾ ਆਈ.ਐੱਮ.ਐੱਫ. ਤੋਂ ਕਰਜ਼ਿਆਂ ਨਾਲ ਨਹੀਂ ਨਿਵੇਸ਼ ਨਾਲ ਸਥਿਰ ਹੋਵੇਗੀ। ਪਰ ਜੰਗਲ ਰਾਜ ਕਾਰਨ ਇੱਥੇ ਕੋਈ ਨਿਵੇਸ਼ ਨਹੀਂ ਕਰ ਰਿਹਾ ਹੈ। ਇਹ ਚੰਗੀ ਗੱਲ ਹੈ ਕਿ ਸਾਊਦੀ ਲੋਕ ਇੱਥੇ ਆ ਰਹੇ ਹਨ। ਪਰ ਨਿਵੇਸ਼ ਉਦੋਂ ਹੀ ਹੋਵੇਗਾ ਜਦੋਂ ਦੇਸ਼ ਵਿੱਚ ਕਾਨੂੰਨ ਦਾ ਰਾਜ ਆਵੇਗਾ।” ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਪਾਰਟੀ ਪੀ.ਟੀ.ਆਈ. ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜ਼ੁਲਮ ਦਾ ਸਾਹਮਣਾ ਕਰਨਾ ਜੇਹਾਦ ਹੈ। ਸਾਡੇ ਵਰਕਰ ਇਕ-ਇਕ ਵੋਟ ਦੀ ਰਾਖੀ ਕਰਨਗੇ।” ਖਾਨ ਦੇ ਦੋਸ਼ਾਂ ਨੂੰ ਲੈ ਕੇ ਹੁਣ ਤੱਕ ਪਾਕਿਸਤਾਨ ਦੀ ਫੌਜ ਜਾਂ ਸਰਕਾਰ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।