- ਪੰਜਾਬ
- No Comment
ਅੱਜ ਹੁਸ਼ਿਆਰਪੁਰ ‘ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਵਿਕਾਸ ਕ੍ਰਾਂਤੀ ਰੈਲੀ, 900 ਕਰੋੜ ਦੇ ਪ੍ਰਾਜੈਕਟਾਂ ਨੂੰ ਦੇਣਗੇ ਹਰੀ ਝੰਡੀ
ਇਸ ਦੌਰਾਨ ਕੇਜਰੀਵਾਲ ਅਤੇ ਸੀਐਮ ਮਾਨ ਦੁਆਬੇ ਵਿੱਚ ਸੀਵਰੇਜ ਅਤੇ ਵਾਟਰ ਸੈਨੀਟੇਸ਼ਨ ਵਿਭਾਗ ਦੇ ਪ੍ਰਾਜੈਕਟ, ਮੈਡੀਕਲ ਸਿੱਖਿਆ ਸਹੂਲਤ ਅਤੇ ਫੌਜ ਸਿਖਲਾਈ ਸੰਸਥਾ ਦਾ ਉਦਘਾਟਨ ਕਰਨਗੇ।
ਆਮ ਆਦਮੀ ਪਾਰਟੀ 18 ਨਵੰਬਰ ਨੂੰ ਹੁਸ਼ਿਆਰਪੁਰ ਵਿੱਚ ਇੱਕ ‘ਵਿਕਾਸ ਕ੍ਰਾਂਤੀ ਰੈਲੀ’ ਕਰਨ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਹੁਸ਼ਿਆਰਪੁਰ ਵਿੱਚ ਵਿਕਾਸ ਕ੍ਰਾਂਤੀ ਰੈਲੀ ਕਰਨਗੇ। ਇਸ ਦੌਰਾਨ 900 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ ਜਾਣਗੇ।
ਇਸ ਰੈਲੀ ਨੂੰ ਲੋਕ ਸਭਾ ਚੋਣ ਪ੍ਰਚਾਰ ਦੀ ਸ਼ੁਰੂਆਤ ਨਾਲ ਜੋੜਿਆ ਜਾ ਰਿਹਾ ਹੈ। ‘ਆਪ’ ਦੇ ਪੰਜਾਬ ‘ਚ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਮੁੱਖ ਮੰਤਰੀ ਕੇਜਰੀਵਾਲ ਸ਼ਨੀਵਾਰ ਨੂੰ ਵਿਕਾਸ ਕ੍ਰਾਂਤੀ ਰੈਲੀ ‘ਚ ਹਿੱਸਾ ਲੈਣ ਹੁਸ਼ਿਆਰਪੁਰ ਆਉਣਗੇ। ਇਸ ਦੌਰਾਨ ਕੇਜਰੀਵਾਲ ਅਤੇ ਸੀਐਮ ਮਾਨ ਦੁਆਬੇ ਵਿੱਚ ਸੀਵਰੇਜ ਅਤੇ ਵਾਟਰ ਸੈਨੀਟੇਸ਼ਨ ਵਿਭਾਗ ਦੇ ਪ੍ਰਾਜੈਕਟ, ਮੈਡੀਕਲ ਸਿੱਖਿਆ ਸਹੂਲਤ ਅਤੇ ਫੌਜ ਸਿਖਲਾਈ ਸੰਸਥਾ ਦਾ ਉਦਘਾਟਨ ਕਰਨਗੇ।
ਮਾਲਵਿੰਦਰ ਸਿੰਘ ਕੰਗ ਨੇ ਦਸਿਆ ਕਿ ਸੂਬਾ ਸਰਕਾਰ ਵੱਲੋਂ 23 ਪਿੰਡਾਂ ਵਿੱਚ ਪੰਚਾਇਤੀ ਜ਼ਮੀਨਾਂ ’ਤੇ ਖੇਡ ਸਹੂਲਤਾਂ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦਾ ਨੀਂਹ ਪੱਥਰ ਰੈਲੀ ਦੌਰਾਨ ਰੱਖਿਆ ਜਾਵੇਗਾ। ਇਸ ਸਬੰਧੀ ਸ਼ੁੱਕਰਵਾਰ ਨੂੰ ਮੀਡੀਆ ਨੂੰ ਜਾਣਕਾਰੀ ਦਿੰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ‘ਆਪ’ ਪੰਜਾਬ ਸਰਕਾਰ ਪੰਜਾਬ ਨੂੰ ਵਿਕਾਸ ਦੇ ਨਵੇਂ ਰਾਹ ‘ਤੇ ਲਿਜਾਣ ਲਈ ਵਿਕਾਸ ਕ੍ਰਾਂਤੀ ਲਿਆ ਰਹੀ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਹਰ ਭਾਈਚਾਰੇ ਅਤੇ ਖੇਤਰ ਦੀ ਭਲਾਈ ਲਈ ਕੰਮ ਕਰ ਰਹੀ ਹੈ। ਇਸ ‘ਵਿਕਾਸ ਕ੍ਰਾਂਤੀ ਰੈਲੀ’ ਵਿੱਚ 900 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਹੁਲਾਰਾ ਦਿੱਤਾ ਜਾਵੇਗਾ। ਕੰਗ ਨੇ ਦੱਸਿਆ ਕਿ ਭਲਕੇ ਦੋਵੇਂ ਮੁੱਖ ਮੰਤਰੀ ਹੁਸ਼ਿਆਰਪੁਰ ਵਿੱਚ ਨਵੇਂ ਸਰਕਾਰੀ ਮੈਡੀਕਲ ਹਸਪਤਾਲ ਦਾ ਨੀਂਹ ਪੱਥਰ ਰੱਖਣਗੇ। ਪੰਜਾਬ ਦੇ ਹਜ਼ਾਰਾਂ ਲੋਕਾਂ ਦੀ ਹਾਜ਼ਰੀ ‘ਚ ‘ਆਪ’ ਸਰਕਾਰ ਦੋਆਬੇ ਦੇ 10 ਵਿਧਾਨ ਸਭਾ ਹਲਕਿਆਂ ‘ਚ ਕਈ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ ਅਤੇ ਮੁਕੰਮਲ ਹੋਏ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕਰਨ ਜਾ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਇੱਕ ਆਰਮੀ ਟਰੇਨਿੰਗ ਇੰਸਟੀਚਿਊਟ ਦਾ ਨੀਂਹ ਪੱਥਰ ਵੀ ਰੱਖਣਗੇ। ਹੁਸ਼ਿਆਰਪੁਰ ਦੇ ਦੋ ਪਿੰਡਾਂ ‘ਚ ਵੀ ਸੀਵਰੇਜ ਅਤੇ ਵਾਟਰ ਸੈਨੀਟੇਸ਼ਨ ਦੇ ਨਵੇਂ ਪ੍ਰੋਜੈਕਟ ਲੱਗਣਗੇ ਅਤੇ ਹੁਸ਼ਿਆਰਪੁਰ ਦੇ 23 ਪਿੰਡਾਂ ਦੀ ਖਾਲੀ ਪਈ ਪੰਚਾਇਤੀ ਜ਼ਮੀਨ ਨੂੰ ਖੇਡ ਮੈਦਾਨਾਂ ਵਿੱਚ ਤਬਦੀਲ ਕੀਤਾ ਜਾਵੇਗਾ।