ਪੰਜਾਬ ਖਰਾਬ ਹਵਾ ਦੀ ਲਪੇਟ ‘ਚ, ਸਿਹਤ ਵਿਭਾਗ ਦੀ ਸਲਾਹ – ਮਾਸਕ ਪਾਓ, ਸੈਰ ਦਾ ਸਮਾਂ ਬਦਲੋ

ਪੰਜਾਬ ਖਰਾਬ ਹਵਾ ਦੀ ਲਪੇਟ ‘ਚ, ਸਿਹਤ ਵਿਭਾਗ ਦੀ ਸਲਾਹ – ਮਾਸਕ ਪਾਓ, ਸੈਰ ਦਾ ਸਮਾਂ ਬਦਲੋ

ਇਸਦੇ ਨਾਲ ਹੀ ਵਿਭਾਗ ਨੇ ਸਵੇਰੇ ਸੈਰ ਕਰਨ ਜਾਣ ਵਾਲੇ ਲੋਕਾਂ ਨੂੰ ਸੂਰਜ ਚੜ੍ਹਨ ਤੋਂ ਬਾਅਦ ਹੀ ਸੈਰ ਕਰਨ ਲਈ ਕਿਹਾ ਹੈ ਕਿਉਂਕਿ ਸਵੇਰ ਵੇਲੇ ਨਮੀ ਦਾ ਵਧਦਾ ਪੱਧਰ ਧੂੰਏਂ ਦੇ ਜ਼ਹਿਰੀਲੇ ਕਣਾਂ ਨੂੰ ਸੋਖ ਲੈਂਦਾ ਹੈ ਅਤੇ ਇਹ ਹਵਾ ਲੋਕਾਂ ਲਈ ਬੇਹੱਦ ਖਤਰਨਾਕ ਹੈ।

ਪੰਜਾਬ ‘ਚ ਪਰਾਲੀ ਸਾੜਨ ਦੇ ਕਾਰਨ ਇਕ ਵਾਰ ਫਿਰ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਆਪਣੇ ਕਿਸਾਨਾਂ ਦੀ ਅਣਗਹਿਲੀ ਕਾਰਨ ਜ਼ਹਿਰੀਲੀ ਹਵਾ ਦਾ ਸ਼ਿਕਾਰ ਹੋ ਗਿਆ ਹੈ। ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਸਾੜਨ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਸੂਬੇ ਦੀ ਹਵਾ ਇੰਨੀ ਖਰਾਬ ਹੋ ਗਈ ਹੈ ਕਿ ਸਿਹਤ ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਫੇਸ ਮਾਸਕ ਪਹਿਨਣ ਤੋਂ ਬਾਅਦ ਹੀ ਘਰਾਂ ਤੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ।

ਇਸਦੇ ਨਾਲ ਹੀ ਵਿਭਾਗ ਨੇ ਸਵੇਰੇ ਸੈਰ ਕਰਨ ਜਾਣ ਵਾਲੇ ਲੋਕਾਂ ਨੂੰ ਸੂਰਜ ਚੜ੍ਹਨ ਤੋਂ ਬਾਅਦ ਹੀ ਸੈਰ ਕਰਨ ਲਈ ਕਿਹਾ ਹੈ ਕਿਉਂਕਿ ਸਵੇਰ ਵੇਲੇ ਨਮੀ ਦਾ ਵਧਦਾ ਪੱਧਰ ਧੂੰਏਂ ਦੇ ਜ਼ਹਿਰੀਲੇ ਕਣਾਂ ਨੂੰ ਸੋਖ ਲੈਂਦਾ ਹੈ ਅਤੇ ਇਹ ਹਵਾ ਲੋਕਾਂ ਲਈ ਬੇਹੱਦ ਖਤਰਨਾਕ ਹੈ। ਸਿਹਤ ਵਿਭਾਗ ਨੇ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਰਫ਼ ਲੋੜ ਪੈਣ ‘ਤੇ ਹੀ ਘਰਾਂ ਤੋਂ ਬਾਹਰ ਨਿਕਲਣ ਤਾਂ ਜੋ ਹਵਾ ਦੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। ਬਜ਼ੁਰਗਾਂ, ਦਮੇ ਅਤੇ ਦਿਲ ਦੇ ਰੋਗੀਆਂ ਅਤੇ ਸਾਹ ਦੀਆਂ ਬਿਮਾਰੀਆਂ ਵਾਲੇ ਲੋਕਾਂ ਨੂੰ ਐੱਨ-95 ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।

ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਨੇ ਦੱਸਿਆ ਕਿ ਇਸ ਨਾਲ ਖੰਘ, ਸਾਹ ਚੜ੍ਹਨਾ, ਨੱਕ ਵਿੱਚ ਪਾਣੀ ਆਉਣਾ, ਅੱਖਾਂ ਵਿੱਚ ਖੁਜਲੀ ਜਾਂ ਜਲਨ ਅਤੇ ਸਿਰ ਵਿੱਚ ਭਾਰੀਪਣ ਵਰਗੇ ਲੱਛਣ ਹੁੰਦੇ ਹਨ। ਹਵਾ ਪ੍ਰਦੂਸ਼ਣ ਤੁਹਾਡੀ ਉਮਰ ਘਟਾ ਸਕਦਾ ਹੈ। ਸਿਹਤ ਵਿਭਾਗ ਦੇ ਬੁਲਾਰੇ ਨੇ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਇਸ ਨਾਲ ਪੈਦਾ ਹੋਣ ਵਾਲਾ ਪ੍ਰਦੂਸ਼ਣ ਉਨ੍ਹਾਂ ਦੇ ਬਜ਼ੁਰਗਾਂ ਅਤੇ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਸਿੱਧ ਹੋ ਰਿਹਾ ਹੈ।

ਪਰਾਲੀ ਦਾ ਧੂੰਆਂ ਮਨੁੱਖਤਾ ਲਈ ਖਤਰਾ ਬਣ ਗਿਆ ਹੈ। ਕਿਸਾਨਾਂ ਨੂੰ ਪਰਾਲੀ ਸਾੜ ਕੇ ਮਨੁੱਖਤਾ ਵਿਰੋਧੀ ਗਤੀਵਿਧੀਆਂ ਦਾ ਹਿੱਸਾ ਬਣਨ ਤੋਂ ਬਚਣਾ ਚਾਹੀਦਾ ਹੈ। ਜਿਕਰਯੋਗ ਹੈ ਕਿ ਅਕਤੂਬਰ ਅਤੇ ਨਵੰਬਰ ਦੌਰਾਨ ਤਾਪਮਾਨ ਵਿੱਚ ਗਿਰਾਵਟ ਅਤੇ ਹਵਾ ਦੀ ਅਣਹੋਂਦ ਕਾਰਨ ਪ੍ਰਦੂਸ਼ਣ ਦੇ ਕਣ ਸਫ਼ਰ ਕਰਨ ਵਿੱਚ ਅਸਮਰਥ ਹੋ ਜਾਂਦੇ ਹਨ। ਇਸ ਕਾਰਨ ਸਥਿਰ ਮਾਹੌਲ ਬਣਿਆ ਹੈ। ਇਸ ਵਿੱਚ ਹਵਾ ਦਾ ਥੋੜ੍ਹਾ ਜਿਹਾ ਪਸਾਰ ਉੱਪਰ ਵੱਲ ਜਾਂਦਾ ਹੈ। ਝੋਨੇ ਦੀ ਪਰਾਲੀ ਅਤੇ ਪ੍ਰਦੂਸ਼ਣ ਦੇ ਹੋਰ ਸਰੋਤਾਂ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਵਿੱਚ ਧੂੜ ਅਤੇ ਧੂੰਏਂ ਦੇ ਕਣ ਇਕੱਠੇ ਹੋ ਜਾਂਦੇ ਹਨ। ਆਮ ਭਾਸ਼ਾ ਵਿੱਚ ਇਸ ਨੂੰ ਬੰਦ ਕਮਰੇ ਦੀ ਸਥਿਤੀ ਕਿਹਾ ਜਾ ਸਕਦਾ ਹੈ।