ਬਿਕਰਮ ਮਜੀਠੀਆ ਦੇ 2 ਪੁਰਾਣੇ ਸਾਥੀਆਂ ਨੇ ਛੱਡਿਆ ਅਕਾਲੀ ਦਲ, ਅੰਮ੍ਰਿਤਸਰ ‘ਚ ਟਿੱਕਾ-ਗੁਰਸ਼ਰਨ ਛੀਨਾ ਨੇ ਦਿੱਤਾ ਅਸਤੀਫਾ

ਬਿਕਰਮ ਮਜੀਠੀਆ ਦੇ 2 ਪੁਰਾਣੇ ਸਾਥੀਆਂ ਨੇ ਛੱਡਿਆ ਅਕਾਲੀ ਦਲ, ਅੰਮ੍ਰਿਤਸਰ ‘ਚ ਟਿੱਕਾ-ਗੁਰਸ਼ਰਨ ਛੀਨਾ ਨੇ ਦਿੱਤਾ ਅਸਤੀਫਾ

ਗੁਰਪ੍ਰਤਾਪ ਸਿੰਘ ਟਿੱਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਸਬੰਧੀ ਦੋ ਪੰਨਿਆਂ ਦੀ ਚਿੱਠੀ ਲਿਖ ਕੇ ਪਾਰਟੀ ‘ਤੇ ਭਾਈ-ਭਤੀਜਾਵਾਦ ਦੇ ਦੋਸ਼ ਲਾਏ ਹਨ।

ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਦਲ ਨੂੰ ਕਰਾਰਾ ਝਟਕਾ ਦਿੰਦਿਆਂ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹਿਰੀ ਅਤੇ ਦਿਹਾਤੀ ਪ੍ਰਧਾਨਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ, ਉਥੇ ਹੀ ਦੂਜੇ ਪਾਸੇ ਸੀਨੀਅਰ ਆਗੂਆਂ ਵੱਲੋਂ ਪਾਰਟੀ ਛੱਡਣ ਦਾ ਸਿਲਸਿਲਾ ਜਾਰੀ ਹੈ।

ਅੰਮ੍ਰਿਤਸਰ ‘ਚ ਬਿਕਰਮ ਮਜੀਠੀਆ ਦੇ ਦੋ ਲੈਫਟੀਨੈਂਟਾਂ ਨੇ ਇੱਕੋ ਦਿਨ ਅਸਤੀਫ਼ਾ ਦੇ ਦਿੱਤਾ ਹੈ। ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਯੂਥ ਅਕਾਲੀ ਦਲ (ਯਾਦ) ਦਿਹਾਤੀ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਨੇ ਇੱਕੋ ਦਿਨ ਅਸਤੀਫਾ ਦੇ ਦਿੱਤਾ ਹੈ। ਟਿੱਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਸਬੰਧੀ ਦੋ ਪੰਨਿਆਂ ਦੀ ਚਿੱਠੀ ਲਿਖ ਕੇ ਪਾਰਟੀ ‘ਤੇ ਭਾਈ-ਭਤੀਜਾਵਾਦ ਦੇ ਦੋਸ਼ ਲਾਏ ਹਨ।

ਟਿੱਕਾ ਨੇ ਕਿਹਾ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਆਪਣੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਭਵਿੱਖ ਦੀ ਰਣਨੀਤੀ ਤੈਅ ਕਰਨਗੇ। ਟਿੱਕਾ ਨੇ ਆਪਣੇ ਅਸਤੀਫੇ ‘ਚ ਕਿਹਾ- ਮੈਂ 29 ਸਾਲਾਂ ਤੋਂ ਪਾਰਟੀ ਨਾਲ ਜੁੜਿਆ ਹੋਇਆ ਹਾਂ। ਪਰ ਪਿਛਲੇ 14-15 ਸਾਲਾਂ ਵਿੱਚ ਮੇਰੀਆਂ ਸੇਵਾਵਾਂ ਭਾਈ-ਭਤੀਜਾਵਾਦ ਦਾ ਸ਼ਿਕਾਰ ਹੋ ਗਈਆਂ। ਮੈਂ ਤੁਹਾਡੇ ਨਾਲ ਰਾਜਨੀਤੀ ਵਿੱਚ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਪਰ ਮੈਨੂੰ ਇੱਕ ਸਾਜਿਸ਼ ਕਰਕੇ ਪਿੱਛੇ ਧੱਕ ਦਿੱਤਾ ਗਿਆ, ਜਿਸ ਵਿੱਚ ਤੁਹਾਡੇ ਕਰੀਬੀ ਲੋਕ ਵੀ ਸ਼ਾਮਲ ਸਨ, ਪਰ ਮੈਨੂੰ ਬਾਦਲ ਪਰਿਵਾਰ ਵੱਲੋਂ ਮਿਲ ਰਹੇ ਪਿਆਰ ਕਾਰਨ ਮੈਂ ਸਭ ਕੁਝ ਬਰਦਾਸ਼ਤ ਕੀਤਾ।

ਟਿੱਕਾ ਨੇ ਕਿਹਾ ਕਿ ਸਵਰਗੀ ਪ੍ਰਕਾਸ਼ ਸਿੰਘ ਬਾਦਲ ਅਤੇ ਆਪ ਦੇ ਪਰਿਵਾਰ ਨਾਲ ਪਰਿਵਾਰਕ ਸਾਂਝਾਂ ਅਤੇ ਨਿੱਜੀ ਪਿਆਰ ਵਿਚ ਕਦੇ ਵੀ ਕੋਈ ਕਮੀ ਨਹੀਂ ਆਈ, ਪਰ ਸਿਆਸੀ ਪੱਧਰ ‘ਤੇ ਇਹ ਨੇੜਤਾ ਕਾਫੀ ਨੁਕਸਾਨਦੇਹ ਸਾਬਤ ਹੋਈ ਹੈ। ਇਸੇ ਤਰ੍ਹਾਂ ਯੂਥ ਅਕਾਲੀ ਦਲ ਪੰਜਾਬ ਯੂਥ ਵਿਕਾਸ ਬੋਰਡ ਦੇ ਦਿਹਾਤੀ ਪ੍ਰਧਾਨ ਅਤੇ ਸਾਬਕਾ ਬਲਾਕ ਸਮਿਤੀ ਮੈਂਬਰ ਗੁਰਸ਼ਰਨ ਸਿੰਘ ਛੀਨਾ ਨੇ ਵੀ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਛੀਨਾ ਨੇ ਵੀ ਆਪਣਾ ਅਸਤੀਫਾ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਹੈ। ਛੀਨਾ ਨੇ ਪਾਰਟੀ ਵਿੱਚ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦਾ ਵੀ ਦੋਸ਼ ਲਾਇਆ ਹੈ। ਛੀਨਾ ਨੇ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ ਕਿਹਾ ਹੈ ਕਿ ਉਸ ਦੀਆਂ ਤਿੰਨ ਪੀੜ੍ਹੀਆਂ ਅਤੇ 20 ਸਾਲ ਵਿਸ਼ਵਾਸਘਾਤ ਦਾ ਸ਼ਿਕਾਰ ਹੋ ਚੁੱਕੇ ਹਨ। ਜਿਸ ਕਾਰਨ ਹੁਣ ਉਨ੍ਹਾਂ ਨੇ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਹੈ।