- ਖੇਡਾਂ
- No Comment
Wrestling Team : ਜਗਰੇਬ ਓਪਨ ਲਈ ਟੀਮ ਦਾ ਐਲਾਨ, ਸਾਕਸ਼ੀ, ਵਿਨੇਸ਼ ਤੇ ਬਜਰੰਗ ਕੁਸ਼ਤੀ ਟੀਮ ਤੋਂ ਬਾਹਰ
ਭੁਪਿੰਦਰ ਬਾਜਵਾ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਸਮੇਂ ਸਿਰ ਦਖਲ ਦਿੱਤਾ, ਜਿਸ ਕਾਰਨ ਹੁਣ 25 ਭਾਰਤੀਆਂ ਨੂੰ ਵੀਜ਼ਾ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਜ਼ਗਰੇਬ ਜਾਣ ਦਾ ਮੌਕਾ ਮਿਲਿਆ ਹੈ।
ਭਾਰਤ ਦੇ ਸੀਨੀਅਰ ਪਹਿਲਵਾਨ ਸਾਕਸ਼ੀ, ਵਿਨੇਸ਼ ਤੇ ਬਜਰੰਗ ਪੂਨੀਆ ਨੂੰ ਇਕ ਹੋਰ ਝਟਕਾ ਲਗਿਆ ਹੈ। ਭਾਰਤੀ ਕੁਸ਼ਤੀ ਮਹਾਸੰਘ ਦੀ ਐਡ-ਹਾਕ ਕਮੇਟੀ ਨੇ ਕਰੋਸ਼ੀਆ ‘ਚ ਹੋਣ ਵਾਲੇ ਜ਼ਗਰੇਬ ਓਪਨ ਲਈ 13 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਕ੍ਰੋਏਸ਼ੀਆ ਦੀ ਰਾਜਧਾਨੀ ‘ਚ ਹੋਣ ਵਾਲਾ ਪਹਿਲਾ ਵਿਸ਼ਵ ਰੈਂਕਿੰਗ ਟੂਰਨਾਮੈਂਟ 10 ਤੋਂ 14 ਜਨਵਰੀ ਤੱਕ ਚੱਲੇਗਾ।
ਇਸ ਚੁਣੀ ਗਈ ਟੀਮ ਵਿੱਚ ਵੱਡੀ ਗੱਲ ਇਹ ਹੈ ਕਿ ਇਸ ਵਿੱਚ ਬ੍ਰਿਜ ਭੂਸ਼ਣ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਤਿੰਨ ਨਾਮੀ ਪਹਿਲਵਾਨ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦਾ ਨਾਂ ਸ਼ਾਮਲ ਨਹੀਂ ਹੈ। ਹਾਲਾਂਕਿ ਸਾਕਸ਼ੀ ਮਲਿਕ 21 ਦਸੰਬਰ ਨੂੰ ਰਿਟਾਇਰ ਹੋ ਗਈ ਸੀ। ਇਸ ਤੋਂ ਇਲਾਵਾ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਆਪਣੇ ਮੈਡਲ ਵਾਪਸ ਕਰ ਦਿੱਤੇ ਹਨ। ਪਰ ਟੀਮ ‘ਚ ਉਨ੍ਹਾਂ ਦਾ ਨਾਂ ਨਾ ਹੋਣ ਕਾਰਨ ਫਿਰ ਤੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ WFI ਨੂੰ ਭਾਰਤੀ ਓਲੰਪਿਕ ਸੰਘ ਦੀ ਤਿੰਨ ਮੈਂਬਰੀ ਕਮੇਟੀ ਦੁਆਰਾ ਚਲਾਇਆ ਜਾ ਰਿਹਾ ਹੈ। ਐਡਹਾਕ ਕਮੇਟੀ ਦੇ ਮੁਖੀ ਭੁਪਿੰਦਰ ਸਿੰਘ ਬਾਜਵਾ ਹਨ। ਖੇਡ ਮੰਤਰਾਲੇ ਨੇ ਸੰਜੇ ਸਿੰਘ ਦੀ ਅਗਵਾਈ ਵਾਲੀ ਚੁਣੀ ਹੋਈ ਫੈਡਰੇਸ਼ਨ ਨੂੰ ਸੰਵਿਧਾਨ ਦੀ ਉਲੰਘਣਾ ਕਰਨ ਲਈ ਮੁਅੱਤਲ ਕਰ ਦਿੱਤਾ ਹੈ।
ਭੁਪਿੰਦਰ ਬਾਜਵਾ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਸਮੇਂ ਸਿਰ ਦਖਲ ਦਿੱਤਾ, ਜਿਸ ਕਾਰਨ ਹੁਣ 25 ਭਾਰਤੀਆਂ ਨੂੰ ਵੀਜ਼ਾ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਜ਼ਗਰੇਬ ਜਾਣ ਦਾ ਮੌਕਾ ਮਿਲਿਆ ਹੈ। ਟੀਮ ਨੂੰ ਵੀਜ਼ਾ ਅਪਾਇੰਟਮੈਂਟ ਲੈਣ ਵਿੱਚ ਮੁਸ਼ਕਲ ਆ ਰਹੀ ਸੀ, ਪਰ ਵਿਦੇਸ਼ ਮੰਤਰਾਲੇ ਨੇ ਸਹਾਇਤਾ ਪ੍ਰਦਾਨ ਕੀਤੀ। ਬਾਜਵਾ ਨੇ ਦੱਸਿਆ ਕਿ ਕ੍ਰੋਏਸ਼ੀਅਨ ਰੈਸਲਿੰਗ ਫੈਡਰੇਸ਼ਨ ਦੇ ਜਨਰਲ ਸਕੱਤਰ ਟੀਨ ਬ੍ਰੇਗੋਵਿਕ ਨੇ 13 ਪਹਿਲਵਾਨਾਂ, 9 ਕੋਚਿੰਗ ਅਤੇ ਸਪੋਰਟ ਸਟਾਫ਼ ਅਤੇ 3 ਰੈਫਰੀ ਨੂੰ ਸੱਦਾ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਇਆ ਹੈ ਕਿ ਜਿਹੜੇ ਪਹਿਲਵਾਨ ਓਲੰਪਿਕ ਖੇਡਣ ਦੇ ਦਾਅਵੇਦਾਰ ਹਨ, ਉਨ੍ਹਾਂ ਨੂੰ ਮੌਕਾ ਮਿਲੇ। ਸਾਨੂੰ ਯਕੀਨ ਹੈ ਕਿ ਜ਼ਾਗਰੇਬ ਵਿੱਚ ਖੇਡਣ ਵਾਲੇ ਪਹਿਲਵਾਨ ਅਪ੍ਰੈਲ ਵਿੱਚ ਹੋਣ ਵਾਲੀ ਏਸ਼ਿਆਈ ਕੁਆਲੀਫ਼ਿਕੇਸ਼ਨ ਅਤੇ ਮਈ ਵਿੱਚ ਹੋਣ ਵਾਲੀ ਵਿਸ਼ਵ ਕੁਆਲੀਫਿਕੇਸ਼ਨ ਲਈ ਠੋਸ ਤਿਆਰੀਆਂ ਕਰਨਗੇ।