ਫਰੀਦਕੋਟ : ਸਾਬਕਾ ਭਾਜਪਾ ਰਾਜ ਸਭਾ ਮੈਂਬਰ ਬੀਬੀ ਗੁਰਚਰਨ ਕੌਰ ਪੰਜਗਰਾਈਂ ਦਾ ਹੋਇਆ ਦਿਹਾਂਤ, ਪ੍ਰਧਾਨ ਮੰਤਰੀ ਮੋਦੀ ਦੇ ਬੇਹੱਦ ਕਰੀਬੀ ਸਨ

ਫਰੀਦਕੋਟ : ਸਾਬਕਾ ਭਾਜਪਾ ਰਾਜ ਸਭਾ ਮੈਂਬਰ ਬੀਬੀ ਗੁਰਚਰਨ ਕੌਰ ਪੰਜਗਰਾਈਂ ਦਾ ਹੋਇਆ ਦਿਹਾਂਤ, ਪ੍ਰਧਾਨ ਮੰਤਰੀ ਮੋਦੀ ਦੇ ਬੇਹੱਦ ਕਰੀਬੀ ਸਨ
ਗੁਰਚਰਨ ਕੌਰ ਪੰਜਗਰਾਈਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਅਤੇ ਪਾਰਟੀ ਪ੍ਰਤੀ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਰਾਜ ਸਭਾ ਮੈਂਬਰ ਬਣਾਇਆ ਗਿਆ ਸੀ। 

ਪੰਜਾਬ ਭਾਜਪਾ ਦੀ ਵੱਡੀ ਨੇਤਾ ਬੀਬੀ ਗੁਰਚਰਨ ਕੌਰ ਪੰਜਗਰਾਈਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿਤਾ ਹੈ। ਸਾਬਕਾ ਰਾਜ ਸਭਾ ਮੈਂਬਰ ਅਤੇ ਭਾਜਪਾ ਦੀ ਸੀਨੀਅਰ ਆਗੂ ਬੀਬੀ ਗੁਰਚਰਨ ਕੌਰ ਪੰਜਗਰਾਈਂ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ ਅਤੇ ਕੁਝ ਸਮੇਂ ਤੋਂ ਬਿਮਾਰ ਸਨ।

ਬੀਬੀ ਗੁਰਚਰਨ ਕੌਰ ਪੰਜਗਰਾਈਂ ਦਾ ਜਨਮ 4 ਫਰਵਰੀ 1936 ਨੂੰ ਜੈਤੋ ਵਿਖੇ ਹੋਇਆ ਸੀ ਅਤੇ ਉਹ ਸੰਘ ਅਤੇ ਭਾਜਪਾ ਨਾਲ ਜੁੜੇ ਸ਼ਹੀਦ ਗੁਰਬਚਨ ਸਿੰਘ ਪਤੰਗਾ ਦੀ ਭੈਣ ਸਨ, ਜਿਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਹ ਇੱਕ ਸਰਕਾਰੀ ਅਧਿਆਪਕ ਸੀ ਅਤੇ 1994 ਵਿੱਚ ਆਪਣੀ ਸੇਵਾਮੁਕਤੀ ਤੋਂ ਬਾਅਦ ਭਾਜਪਾ ਲਈ ਸਰਗਰਮੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਅਤੇ ਪਾਰਟੀ ਪ੍ਰਤੀ ਸੇਵਾਵਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਰਾਜ ਸਭਾ ਮੈਂਬਰ ਬਣਾਇਆ ਗਿਆ ਸੀ। ਉਨ੍ਹਾਂ ਨੇ 1 ਜੂਨ 2001 ਤੋਂ 1 ਜੁਲਾਈ 2004 ਤੱਕ ਰਾਜ ਸਭਾ ਮੈਂਬਰ ਵਜੋਂ ਸੇਵਾ ਨਿਭਾਈ।

ਇਸ ਤੋਂ ਇਲਾਵਾ ਉਹ ਭਾਜਪਾ ਦੇ ਵੱਖ-ਵੱਖ ਰਾਜਾਂ ਦੇ ਇੰਚਾਰਜ ਵੀ ਰਹੇ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫੀ ਕਰੀਬ ਸੀ। ਉਨ੍ਹਾਂ ਦੇ ਦੇਹਾਂਤ ‘ਤੇ ਭਾਜਪਾ ਦੇ ਸੀਨੀਅਰ ਆਗੂਆ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਜ਼ਿਲ੍ਹਾ ਭਾਜਪਾ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਗਿਆ ਹੈ।