ਭਾਜਪਾ ਨੇ ਬਣਾਇਆ ਵੱਡਾ ਰਿਕਾਰਡ, ਅੱਠ ਦਿਨਾਂ ‘ਚ ਮੈਂਬਰਸ਼ਿਪ ਮੁਹਿੰਮ ਨੇ ਦੋ ਕਰੋੜ ਦਾ ਅੰਕੜਾ ਕੀਤਾ ਪਾਰ

ਭਾਜਪਾ ਨੇ ਬਣਾਇਆ ਵੱਡਾ ਰਿਕਾਰਡ, ਅੱਠ ਦਿਨਾਂ ‘ਚ ਮੈਂਬਰਸ਼ਿਪ ਮੁਹਿੰਮ ਨੇ ਦੋ ਕਰੋੜ ਦਾ ਅੰਕੜਾ ਕੀਤਾ ਪਾਰ

ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਸਤੰਬਰ ਨੂੰ ਪਾਰਟੀ ਦੇ ਪਹਿਲੇ ਮੈਂਬਰ ਬਣ ਕੇ ਭਾਜਪਾ ਦੀ ਰਾਸ਼ਟਰੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।

ਭਾਰਤੀ ਜਨਤਾ ਪਾਰਟੀ ਸਮੇਂ ਸਮੇਂ ‘ਤੇ ਆਪਣੀ ਪਾਰਟੀ ਨੂੰ ਮਜਬੂਤ ਕਰਨ ਲਈ ਯੌਜਨਾਵਾਂ ਬਣਾਉਂਦੀ ਰਹਿੰਦੀ ਹੈ। ਭਾਜਪਾ ਨੇ ਆਪਣੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦੇ ਅੱਠ ਦਿਨਾਂ ਦੇ ਅੰਦਰ ਹੀ ਪਾਰਟੀ ਦੀ ਮੈਂਬਰਸ਼ਿਪ ਦੋ ਕਰੋੜ ਨੂੰ ਪਾਰ ਕਰ ਲਈ ਹੈ।

ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਸਤੰਬਰ ਨੂੰ ਪਾਰਟੀ ਦੇ ਪਹਿਲੇ ਮੈਂਬਰ ਬਣ ਕੇ ਭਾਜਪਾ ਦੀ ਰਾਸ਼ਟਰੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਪਾਰਟੀ ਦੇ ਕੇਂਦਰੀ ਦਫ਼ਤਰ ਵਿੱਚ ਪਾਰਟੀ ਪ੍ਰਧਾਨ ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੰਗਠਨ ਮੰਤਰੀ ਬੀਐੱਲ ਸੰਤੋਸ਼ ਨੇ ਨੌਂ ਰਾਜਾਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਅਤੇ ਮੈਂਬਰਸ਼ਿਪ ਮੁਹਿੰਮ ਦੀ ਸਮੀਖਿਆ ਕੀਤੀ।

ਤਾਵੜੇ ਨੇ ਕਿਹਾ ਕਿ ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਉੜੀਸਾ, ਕਰਨਾਟਕ, ਤਾਮਿਲਨਾਡੂ, ਗੁਜਰਾਤ ਅਤੇ ਰਾਜਸਥਾਨ ਦੇ ਪ੍ਰਧਾਨਾਂ, ਜਨਰਲ ਸਕੱਤਰਾਂ, ਮੈਂਬਰਸ਼ਿਪ ਮੁਖੀਆਂ ਅਤੇ ਹੋਰ ਅਹੁਦੇਦਾਰਾਂ ਨੇ ਇਨ੍ਹਾਂ ਮੀਟਿੰਗਾਂ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਇਸ ਗੱਲ ‘ਤੇ ਚਰਚਾ ਕੀਤੀ ਗਈ ਕਿ ਕਿਸ ਤਰ੍ਹਾਂ ਮੈਂਬਰਸ਼ਿਪ ਮੁਹਿੰਮ ਨੂੰ ਆਉਣ ਵਾਲੇ ਦਿਨਾਂ ਵਿੱਚ ਵਧੇਰੇ ਵਿਆਪਕ ਅਤੇ ਸਰਬਪੱਖੀ ਬਣਾਇਆ ਜਾ ਸਕਦਾ ਹੈ ਅਤੇ ਪ੍ਰਧਾਨ ਮੰਤਰੀ ਵੱਲੋਂ ਪ੍ਰਗਟਾਈਆਂ ਗਈਆਂ ਉਮੀਦਾਂ ਨੂੰ ਪੂਰਾ ਕਰਨ ਲਈ ਕੀ ਯਤਨ ਕੀਤੇ ਜਾਣੇ ਚਾਹੀਦੇ ਹਨ, ਇਸ ‘ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਚਰਚਾ ਕੀਤੀ ਜਾਵੇਗੀ।