ਸੁਲਤਾਨਪੁਰ ਲੋਧੀ ‘ਚ ਨਿਹੰਗਾਂ ਤੇ ਪੁਲਿਸ ਵਿਚਾਲੇ ਗੋਲੀਬਾਰੀ, ਇਕ ਹੋਮ ਗਾਰਡ ਜਵਾਨ ਸ਼ਹੀਦ, ਡੀਐਸਪੀ ਸਮੇਤ 10 ਜ਼ਖ਼ਮੀ

ਸੁਲਤਾਨਪੁਰ ਲੋਧੀ ‘ਚ ਨਿਹੰਗਾਂ ਤੇ ਪੁਲਿਸ ਵਿਚਾਲੇ ਗੋਲੀਬਾਰੀ, ਇਕ ਹੋਮ ਗਾਰਡ ਜਵਾਨ ਸ਼ਹੀਦ, ਡੀਐਸਪੀ ਸਮੇਤ 10 ਜ਼ਖ਼ਮੀ

ਡੀਸੀ ਕਪੂਰਥਲਾ, ਆਈਜੀ ਜਲੰਧਰ ਰੇਂਜ ਸਮੇਤ ਉੱਚ ਅਧਿਕਾਰੀ ਸੁਲਤਾਨਪੁਰ ਲੋਧੀ ਪਹੁੰਚ ਗਏ ਹਨ ਅਤੇ ਇਸ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ ਇਸ ਸਬੰਧੀ ਗੁਰਦੁਆਰਾ ਬੇਰ ਸਾਹਿਬ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ।

ਪੰਜਾਬ ਦੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ‘ਚ ਵੀਰਵਾਰ ਸਵੇਰੇ ਪੁਲਿਸ ਅਤੇ ਨਿਹੰਗਾਂ ਵਿਚਾਲੇ ਗੋਲੀਬਾਰੀ ਹੋਈ। ਗੋਲੀਬਾਰੀ ‘ਚ ਪੀਸੀਆਰ ‘ਚ ਤਾਇਨਾਤ ਹੋਮਗਾਰਡ ਦੀ ਮੌਤ ਹੋ ਗਈ। ਇਸਤੋਂ ਇਲਾਵਾ ਡੀਐਸਪੀ ਭੁਲੱਥ ਸਮੇਤ 10 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਪੁੱਜੇ।

ਇਸ ਤੋਂ ਪਹਿਲਾਂ ਮਾਹੌਲ ਖ਼ਰਾਬ ਹੋਣ ’ਤੇ ਪੁਲਿਸ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਡੀਸੀ ਕਪੂਰਥਲਾ, ਆਈਜੀ ਜਲੰਧਰ ਰੇਂਜ ਸਮੇਤ ਉੱਚ ਅਧਿਕਾਰੀ ਸੁਲਤਾਨਪੁਰ ਲੋਧੀ ਪਹੁੰਚ ਗਏ ਹਨ ਅਤੇ ਇਸ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ ਇਸ ਸਬੰਧੀ ਗੁਰਦੁਆਰਾ ਬੇਰ ਸਾਹਿਬ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ।

2020 ਵਿੱਚ ਵੀ ਇਸੇ ਤਰ੍ਹਾਂ ਦੀ ਝੜਪ ਵਿੱਚ ਦਰਜ ਹੋਏ ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਝੜਪ ਹੋਈ ਸੀ, ਜਿਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਨੇ ਮਾਮਲਾ ਦਰਜ ਕੀਤਾ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਪੁਲਿਸ ਮੁਲਾਜ਼ਮ ਸੁਲਤਾਨਪੁਰ ਲੋਧੀ ਵਿੱਚ ਕੁਝ ਨਿਹੰਗਾਂ ਨੂੰ ਉਨ੍ਹਾਂ ਦੇ ਖਿਲਾਫ ਦਰਜ ਕੀਤੇ ਗਏ ਇੱਕ ਕੇਸ ਵਿੱਚ ਗ੍ਰਿਫਤਾਰ ਕਰਨ ਲਈ ਗਏ ਸਨ।

ਦਰਅਸਲ, ਕੁਝ ਦਿਨ ਪਹਿਲਾਂ ਨਿਹੰਗ ਸਿੰਘਾਂ ਦੇ ਇੱਕ ਸਮੂਹ ਨੇ ਗੁਰਦੁਆਰਾ ਸਾਹਿਬ ‘ਤੇ ਕਬਜ਼ਾ ਕਰ ਲਿਆ ਸੀ ਅਤੇ ਪੁਲਿਸ ਇਸ ਨੂੰ ਛੁਡਾਉਣ ਗਈ ਸੀ। ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।