ਸੀਐਮ ਭਗਵੰਤ ਮਾਨ ਦੀ ਕਿਸਾਨਾਂ ਨੂੰ ਹਰਿਤ ਅੰਦੋਲਨ ਨੂੰ ਤੇਜ਼ ਕਰਨ ਦੀ ਅਪੀਲ, ਖੇਤਾਂ ‘ਚ ਲੱਗੇ ਟਿਊਬਵੈੱਲਾਂ ‘ਤੇ ਲਗਾਉਣ 4 ਰੁੱਖ

ਸੀਐਮ ਭਗਵੰਤ ਮਾਨ ਦੀ ਕਿਸਾਨਾਂ ਨੂੰ ਹਰਿਤ ਅੰਦੋਲਨ ਨੂੰ ਤੇਜ਼ ਕਰਨ ਦੀ ਅਪੀਲ, ਖੇਤਾਂ ‘ਚ ਲੱਗੇ ਟਿਊਬਵੈੱਲਾਂ ‘ਤੇ ਲਗਾਉਣ 4 ਰੁੱਖ

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾ ਸਕਦੇ ਹਨ। ਜਿਸ ਤਰ੍ਹਾਂ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ‘ਚ ਆਤਮ ਨਿਰਭਰ ਬਣਾਇਆ ਹੈ, ਉਸੇ ਤਰ੍ਹਾਂ ਸੂਬੇ ‘ਚ ਹਰਿਆਲੀ ਦਾ ਰਕਬਾ ਵਧਾਉਣ ‘ਚ ਵੀ ਉਹ ਵੱਡੀ ਭੂਮਿਕਾ ਨਿਭਾ ਸਕਦੇ ਹਨ।

ਸੀਐਮ ਭਗਵੰਤ ਮਾਨ ਨੇ ਇਕ ਵਾਰ ਫਿਰ ਕਿਸਾਨਾਂ ਨੂੰ ਹਰਿਤ ਅੰਦੋਲਨ ਨੂੰ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਵਿੱਚ ਹਰਿਆਲੀ ਵਧਾਉਣ ਲਈ ਆਪਣੇ ਖੇਤਾਂ ਦੇ ਟਿਊਬਵੈੱਲਾਂ ਦੇ ਆਲੇ-ਦੁਆਲੇ ਘੱਟੋ-ਘੱਟ ਚਾਰ ਬੂਟੇ ਜ਼ਰੂਰ ਲਗਾਉਣ। ਮੁੱਖ ਮੰਤਰੀ ਮਾਨ ਨੇ ਸੂਬੇ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਦਾ ਜਾਇਜ਼ਾ ਲੈਣ ਲਈ ਵੀਰਵਾਰ ਨੂੰ ਆਪਣੇ ਦਫ਼ਤਰ ਵਿੱਚ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਉਨ੍ਹਾਂ ਸਪੱਸ਼ਟ ਕੀਤਾ ਕਿ ਸੂਬੇ ਵਿੱਚ ਜੰਗਲਾਤ ਖੇਤਰ ਵਿੱਚ ਵਾਧਾ ਕਰਨਾ ਸਮੇਂ ਦੀ ਲੋੜ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਰੀਬ ਤਿੰਨ ਕਰੋੜ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਲਈ ਆਉਂਦੇ ਦਿਨਾਂ ਵਿੱਚ ਵੱਡੇ ਪੱਧਰ ’ਤੇ ਮੁਹਿੰਮ ਵਿੱਢੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾ ਸਕਦੇ ਹਨ। ਜਿਸ ਤਰ੍ਹਾਂ ਕਿਸਾਨਾਂ ਨੇ ਦੇਸ਼ ਨੂੰ ਅਨਾਜ ਉਤਪਾਦਨ ‘ਚ ਆਤਮ ਨਿਰਭਰ ਬਣਾਇਆ ਹੈ, ਉਸੇ ਤਰ੍ਹਾਂ ਸੂਬੇ ‘ਚ ਹਰਿਆਲੀ ਦਾ ਰਕਬਾ ਵਧਾਉਣ ‘ਚ ਵੀ ਉਹ ਵੱਡੀ ਭੂਮਿਕਾ ਨਿਭਾ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਕੁੱਲ 1.2 ਕਰੋੜ ਬੂਟੇ ਲਗਾਏ ਗਏ ਸਨ ਅਤੇ ਇਸ ਸਾਲ ਇਹ ਟੀਚਾ ਵਧਾ ਕੇ ਤਿੰਨ ਕਰੋੜ ਕਰ ​​ਦਿੱਤਾ ਗਿਆ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਇਸ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ ਹੈ ਤਾਂ ਜੋ ਸੂਬੇ ਭਰ ਵਿੱਚ ਜੰਗਲਾਤ ਨੂੰ ਵਧਾਇਆ ਜਾ ਸਕੇ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਹੈ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਖਾਲੀ ਪਈਆਂ ਸਰਕਾਰੀ ਜ਼ਮੀਨਾਂ ਦੀ ਸ਼ਨਾਖਤ ਕਰਕੇ ਉਥੇ ਵੱਧ ਤੋਂ ਵੱਧ ਬੂਟੇ ਲਾਉਣੇ ਯਕੀਨੀ ਬਣਾਉਣ।