ਕਾਂਗਰਸ ਨੇ ਪੰਜਾਬ ਅਤੇ ਉਤਰਾਖੰਡ ਲਈ ਬਣਾਈਆਂ ਚੋਣ ਕਮੇਟੀਆਂ, ਨਵਜੋਤ ਸਿੱਧੂ ਨੂੰ ਵੀ ਮਿਲੀ ਜਗ੍ਹਾ

ਕਾਂਗਰਸ ਨੇ ਪੰਜਾਬ ਅਤੇ ਉਤਰਾਖੰਡ ਲਈ ਬਣਾਈਆਂ ਚੋਣ ਕਮੇਟੀਆਂ, ਨਵਜੋਤ ਸਿੱਧੂ ਨੂੰ ਵੀ ਮਿਲੀ ਜਗ੍ਹਾ

ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਬਿਆਨ ਮੁਤਾਬਕ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਨ੍ਹਾਂ ਕਮੇਟੀਆਂ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਲੋਕਸਭਾ ਚੋਣਾਂ 2024 ਚੋਣਾਂ ਨੂੰ ਲੈ ਕੇ ਵਿਗੁਲ ਵੱਜ ਚੁਕਿਆ ਹੈ। ਕਾਂਗਰਸ ਨੇ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਅਤੇ ਉੱਤਰਾਖੰਡ ਲਈ ਰਾਜ ਚੋਣ ਕਮੇਟੀਆਂ ਦੇ ਗਠਨ ਦਾ ਐਲਾਨ ਕੀਤਾ। ਪੰਜਾਬ ਲਈ ਗਠਿਤ ਕਮੇਟੀਆਂ ਵਿੱਚ 27 ਸਥਾਈ ਮੈਂਬਰ ਅਤੇ ਚਾਰ ਵਿਸ਼ੇਸ਼ ਅਹੁਦੇਦਾਰ ਮੈਂਬਰ ਹੋਣਗੇ।

ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਬਿਆਨ ਮੁਤਾਬਕ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਨ੍ਹਾਂ ਕਮੇਟੀਆਂ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸੂਬਾ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅੰਬਿਕਾ ਸੋਨੀ, ਪ੍ਰਤਾਪ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ, ਮਨੀਸ਼ ਤਿਵਾੜੀ, ਰਾਣਾ ਗੁਰਜੀਤ ਸਿੰਘ, ਰਵਨੀਤ ਸਿੰਘ ਬਿੱਟੂ, ਕੁਲਜੀਤ ਸਿੰਘ ਨਾਗਰਾ, ਪ੍ਰਗਟ ਸਿੰਘ, ਓਮ ਪ੍ਰਕਾਸ਼ ਸੋਨੀ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ, ਅਮਿਤ ਵਿਜ ਤੇ ਰਾਜਕੁਮਾਰ ਵੇਰਕਾ ਸ਼ਾਮਿਲ ਹੋਣਗੇ।

ਉੱਤਰਾਖੰਡ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕਰਨ ਮਹਾਰਾ ਦੀ ਪ੍ਰਧਾਨਗੀ ਹੇਠ ਬਣੀ ਇਸ ਕਮੇਟੀ ਵਿੱਚ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਸੀਨੀਅਰ ਆਗੂ ਪ੍ਰੀਤਮ ਸਿੰਘ, ਯਸ਼ਪਾਲ ਆਰੀਆ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸੰਚਾਰ ਵਿਭਾਗ ਦੇ ਸਕੱਤਰ ਵੈਭਵ ਵਾਲੀਆ, ਪ੍ਰਦੀਪ ਤਮਟਾ, ਪ੍ਰਕਾਸ਼ ਜੋਸ਼ੀ, ਹੀਰਾ ਸਿੰਘ ਬਿਸ਼ਟ, ਡਾ. ਸ਼ੂਰਵੀਰ ਸਿੰਘ, ਮਮਤਾ ਰਾਕੇਸ਼, ਰਾਜਿੰਦਰ ਭੰਡਾਰੀ, ਹਰਕ ਸਿੰਘ ਰਾਵਤ ਅਤੇ ਮਨੀਸ਼ ਖੰਡੂਰੀ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤਰ੍ਹਾਂ ਇਸ ਕਮੇਟੀ ਵਿੱਚ 28 ਮੈਂਬਰ ਅਤੇ ਚਾਰ ਅਹੁਦੇਦਾਰ ਮੈਂਬਰ ਹੋਣਗੇ। ਪਾਰਟੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਕਮੇਟੀ ਨੂੰ ਤੁਰੰਤ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ।