ਗੁਰਦਾਸਪੁਰ : ਨਵਾਂ ਪਿੰਡ ਸਰਦਾਰਾਂ 2023 ਦਾ ਭਾਰਤ ਦਾ ਸਰਵੋਤਮ ਸੈਰ ਸਪਾਟਾ ਪਿੰਡ ਬਣਿਆ, ਵਿਸ਼ਵ ਸੈਰ ਸਪਾਟਾ ਦਿਵਸ ‘ਤੇ ਮਿਲਿਆ ਪੁਰਸਕਾਰ

ਗੁਰਦਾਸਪੁਰ : ਨਵਾਂ ਪਿੰਡ ਸਰਦਾਰਾਂ 2023 ਦਾ ਭਾਰਤ ਦਾ ਸਰਵੋਤਮ ਸੈਰ ਸਪਾਟਾ ਪਿੰਡ ਬਣਿਆ, ਵਿਸ਼ਵ ਸੈਰ ਸਪਾਟਾ ਦਿਵਸ ‘ਤੇ ਮਿਲਿਆ ਪੁਰਸਕਾਰ

ਇਸ ਪਿੰਡ ‘ਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸੈਲਾਨੀ ਆਉਂਦੇ ਹਨ। ਬ੍ਰਿਟਿਸ਼ ਰਾਜ ਕਾਲ ਦੀਆਂ ਇਨ੍ਹਾਂ ਵਿਰਾਸਤੀ ਹਵੇਲੀਆਂ ਵਿੱਚੋਂ ਇੱਕ ਦਾ ਨਾਂ ‘ਦਾ ਕੋਠੀ’ ਅਤੇ ਦੂਜੀ ਦਾ ਨਾਂ ‘ਪਿੱਪਲ ਹਵੇਲੀ’ ਹੈ।

ਪੰਜਾਬ ਦੇ ਲਈ ਇਕ ਵਧੀਆ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨਵਾਂ ਪਿੰਡ ਸਰਦਾਰਾਂ ਨੂੰ ਭਾਰਤ ਦਾ ਸਰਵੋਤਮ ਸੈਰ ਸਪਾਟਾ ਪਿੰਡ 2023 ਦਾ ਐਵਾਰਡ ਮਿਲਿਆ ਹੈ। ਇਹ ਪੁਰਸਕਾਰ ਵਿਸ਼ਵ ਸੈਰ ਸਪਾਟਾ ਦਿਵਸ ਦੇ ਮੌਕੇ ‘ਤੇ ਨਵੀਂ ਦਿੱਲੀ ਵਿਖੇ ਕੇਂਦਰੀ ਸੈਰ-ਸਪਾਟਾ ਮੰਤਰਾਲੇ ਦੁਆਰਾ ਆਯੋਜਿਤ ਗਲੋਬਲ ਟ੍ਰੈਵਲ ਫਾਰ ਲਾਈਫ ਦੀ ਸ਼ੁਰੂਆਤ ਮੌਕੇ ਦਿੱਤਾ ਗਿਆ।

ਇਸ ਪਿੰਡ ਨੇ ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਅਤੇ ਵਿਰਾਸਤੀ ਸੈਰ ਸਪਾਟੇ ਨੂੰ ਵਿਕਸਤ ਕਰਨ ਲਈ ਇੱਕ ਬੇਮਿਸਾਲ ਕਦਮ ਚੁੱਕਿਆ ਹੈ। ਇਸ ਐਵਾਰਡ ਲਈ ਪੂਰੇ ਭਾਰਤ ਵਿੱਚੋਂ ਚੁਣੇ ਗਏ 35 ਪਿੰਡਾਂ ਵਿੱਚੋਂ ਪਿੰਡ ਨੇ ਆਪਣਾ ਨਾਂ ਦਰਜ ਕਰਵਾਇਆ ਹੈ। 31 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁੱਲ 750 ਪਿੰਡਾਂ ਨੇ ਭਾਰਤ ਦੇ ਸੈਰ-ਸਪਾਟਾ ਖੇਤਰ ਵਿੱਚ ਸਰਵੋਤਮ ਪਿੰਡ ਵਜੋਂ ਮਾਨਤਾ ਪ੍ਰਾਪਤ ਕਰਨ ਲਈ ਮੁਕਾਬਲੇ ਲਈ ਅਰਜ਼ੀ ਦਿੱਤੀ ਸੀ।

ਇਹ ਐਵਾਰਡ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ, ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ, ਪਿੰਡ ਦੇ ਨੁਮਾਇੰਦੇ ਸਤਵੰਤ ਸੰਘਾ, ਮੈਨੇਜਰ ਡਾਟਾ ਐਂਡ ਪ੍ਰੋਜੈਕਟ ਸੈਰ ਸਪਾਟਾ ਵਿਭਾਗ ਪੰਜਾਬ ਸ਼ੀਤਲ ਬਹਿਲ, ਕੇਂਦਰੀ ਸੈਰ ਸਪਾਟਾ ਵਿਭਾਗ ਦੀ ਸਕੱਤਰ ਵੀ. ਵਿਦਿਆਵਤੀ ਨੇ ਪ੍ਰਦਾਨ ਕੀਤਾ।

ਵਿਭਾਗ ਦੇ ਸਕੱਤਰ ਨੇ ਦੱਸਿਆ ਕਿ ਪਿੰਡਾਂ ਦੀ ਚੋਣ ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ (ਯੂ.ਐੱਨ.ਡਬਲਿਊ.ਟੀ.ਓ.) ਦੇ ਵੱਖ-ਵੱਖ ਮਾਪਦੰਡਾਂ ਦੇ ਆਧਾਰ ‘ਤੇ ਕੀਤੀ ਗਈ ਹੈ। ਜਿਸ ਵਿੱਚ ਸਭਿਅਤਾ ਅਤੇ ਕੁਦਰਤੀ ਸਰੋਤ, ਆਰਥਿਕ, ਸਮਾਜਿਕ ਅਤੇ ਵਾਤਾਵਰਣ ਸਥਿਰਤਾ ਦੇ ਨਾਲ-ਨਾਲ ਸੈਰ-ਸਪਾਟਾ ਵਿਕਾਸ ਅਤੇ ਕੋਰ ਚੇਨ ਏਕੀਕਰਣ ਅਤੇ ਹੋਰ ਪਹਿਲੂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਸੈਰ ਸਪਾਟਾ ਵਿਭਾਗ ਪੰਜਾਬ ਦੇ ਤਾਲਮੇਲ ਅਤੇ ਮਾਰਗਦਰਸ਼ਨ ਨਾਲ ਆਪਣੇ ਪੁਰਖਿਆਂ ਦੀਆਂ ਵਿਰਾਸਤੀ ਹਵੇਲੀਆਂ ਦੀ ਸੰਭਾਲ ਕੀਤੀ ਹੈ ਅਤੇ ਉਨ੍ਹਾਂ ਦੇ ਲਗਾਤਾਰ ਯਤਨਾਂ ਸਦਕਾ ਇਨ੍ਹਾਂ ਨੂੰ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਵਜੋਂ ਵਿਕਸਤ ਕੀਤਾ ਹੈ। ਇੱਥੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਸੈਲਾਨੀ ਆਉਂਦੇ ਹਨ। ਬ੍ਰਿਟਿਸ਼ ਰਾਜ ਕਾਲ ਦੀਆਂ ਇਨ੍ਹਾਂ ਵਿਰਾਸਤੀ ਹਵੇਲੀਆਂ ਵਿੱਚੋਂ ਇੱਕ ਦਾ ਨਾਂ ‘ਦਾ ਕੋਠੀ’ ਅਤੇ ਦੂਜੀ ਦਾ ਨਾਂ ‘ਪਿੱਪਲ ਹਵੇਲੀ’ ਹੈ।