ਆਸਾਮ ‘ਚ ਸਰਕਾਰੀ ਕਰਮਚਾਰੀ ਹੁਣ ਉਦੋਂ ਤੱਕ ਦੂਜਾ ਵਿਆਹ ਨਹੀਂ ਕਰ ਸਕਣਗੇ ਜਦੋਂ ਤੱਕ ਉਨ੍ਹਾਂ ਦਾ ਜੀਵਨ ਸਾਥੀ ਜ਼ਿੰਦਾ ਹੈ

ਆਸਾਮ ‘ਚ ਸਰਕਾਰੀ ਕਰਮਚਾਰੀ ਹੁਣ ਉਦੋਂ ਤੱਕ ਦੂਜਾ ਵਿਆਹ ਨਹੀਂ ਕਰ ਸਕਣਗੇ ਜਦੋਂ ਤੱਕ ਉਨ੍ਹਾਂ ਦਾ ਜੀਵਨ ਸਾਥੀ ਜ਼ਿੰਦਾ ਹੈ

ਰਾਜ ਪ੍ਰਸੋਨਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੱਲੋਂ ਜਾਰੀ ਸਰਕੂਲਰ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਕਰਮਚਾਰੀ ਹੁਕਮਾਂ ਦੇ ਖ਼ਿਲਾਫ਼ ਦੂਜੀ ਵਾਰ ਵਿਆਹ ਕਰਦਾ ਹੈ ਤਾਂ ਉਸਨੂੰ ਲਾਜ਼ਮੀ ਸੇਵਾਮੁਕਤੀ ਸਮੇਤ ਹੋਰ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹਿਮਾਂਤਾ ਬਿਸਵਾ ਸਰਮਾ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਅਸਾਮ ‘ਚ ਹੁਣ ਸਰਕਾਰੀ ਕਰਮਚਾਰੀਆਂ ਨੂੰ ਦੂਜੇ ਵਿਆਹ ਲਈ ਸੂਬਾ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ। ਰਾਜ ਦੀ ਹਿਮਾਂਤਾ ਬਿਸਵਾ ਸਰਮਾ ਸਰਕਾਰ ਨੇ 20 ਅਕਤੂਬਰ ਨੂੰ ਇੱਕ ਸਰਕੂਲਰ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਆਸਾਮ ਸਰਕਾਰ ਨੇ ਇਸ ਨੂੰ ਤੁਰੰਤ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਰਕੂਲਰ ਮੁਤਾਬਕ ਕੋਈ ਵੀ ਸਰਕਾਰੀ ਕਰਮਚਾਰੀ ਜਿਸ ਦੀ ਪਤਨੀ ਜਾਂ ਪਤੀ ਜ਼ਿੰਦਾ ਹੈ, ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਦੁਬਾਰਾ ਵਿਆਹ ਨਹੀਂ ਕਰ ਸਕਦਾ। ਭਾਵੇਂ ਇਸ ਤਰ੍ਹਾਂ ਦੇ ਵਿਆਹ ਦੀ ਧਰਮ ਜਾਂ ਪਰਸਨਲ ਲਾਅ ਅਧੀਨ ਆਗਿਆ ਹੋਵੇ। ਅਜਿਹਾ ਨਾ ਕਰਨ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਰਕੂਲਰ ‘ਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਕੋਈ ਇਨ੍ਹਾਂ ਨਿਯਮਾਂ ਦੀ ਅਣਦੇਖੀ ਕਰਕੇ ਦੂਜਾ ਵਿਆਹ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖਾਸ ਹਾਲਾਤਾਂ ਵਿੱਚ ਸਰਕਾਰ ਤੋਂ ਇਜਾਜ਼ਤ ਲੈ ਕੇ ਦੂਜਾ ਵਿਆਹ ਕੀਤਾ ਜਾ ਸਕਦਾ ਹੈ। ਇਸ ਵਿੱਚ ਤਲਾਕ ਦੇ ਮਾਪਦੰਡਾਂ ਬਾਰੇ ਕੁਝ ਨਹੀਂ ਲਿਖਿਆ ਗਿਆ ਸੀ।

ਰਾਜ ਪ੍ਰਸੋਨਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੀਰਜ ਵਰਮਾ ਵੱਲੋਂ ਜਾਰੀ ਸਰਕੂਲਰ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਕਰਮਚਾਰੀ ਹੁਕਮਾਂ ਦੇ ਖ਼ਿਲਾਫ਼ ਦੂਜੀ ਵਾਰ ਵਿਆਹ ਕਰਦਾ ਹੈ ਤਾਂ ਉਸਨੂੰ ਲਾਜ਼ਮੀ ਸੇਵਾਮੁਕਤੀ ਸਮੇਤ ਹੋਰ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸੇ ਵੀ ਸਰਕਾਰੀ ਮੁਲਾਜ਼ਮ ਲਈ ਦੂਜੀ ਵਾਰ ਵਿਆਹ ਕਰਨਾ ਚੰਗਾ ਆਚਰਣ ਨਹੀਂ ਮੰਨਿਆ ਜਾਂਦਾ। ਇਸ ਦਾ ਸਮਾਜ ‘ਤੇ ਵੱਡਾ ਪ੍ਰਭਾਵ ਪੈਂਦਾ ਹੈ। ਇਹ ਸਰਕੂਲਰ ਰਾਜ ਦੇ 58 ਸਾਲ ਪੁਰਾਣੇ ਅਸਾਮ ਸਿਵਲ ਸਰਵਿਸਿਜ਼ (ਆਚਾਰ) ਨਿਯਮ 1965 ਦੇ ਤਹਿਤ ਜਾਰੀ ਕੀਤਾ ਗਿਆ ਹੈ। ਇਸ ਦੇ ਨਿਯਮ 26 ਨੂੰ ਆਧਾਰ ਬਣਾਉਂਦੇ ਹੋਏ ਸਰਕਾਰ ਨੇ ਰਾਜ ਦੇ ਕਰਮਚਾਰੀਆਂ ਨੂੰ ਦੂਜੇ ਵਿਆਹ ਦੇ ਨਿਯਮ ਬਾਰੇ ਯਾਦ ਕਰਵਾਇਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸੂਬੇ ਦੀ ਹਿਮਾਂਤਾ ਬਿਸਵਾ ਸਰਮਾ ਦੀ ਸਰਕਾਰ ਨੇ ਬਾਲ ਵਿਆਹ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ ਫਰਵਰੀ ਤੋਂ ਲੈ ਕੇ ਹੁਣ ਤੱਕ ਸੂਬੇ ਭਰ ਵਿੱਚ ਹਜ਼ਾਰਾਂ ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਅਕਤੂਬਰ ਦੀ ਸ਼ੁਰੂਆਤ ਵਿੱਚ ਪੁਲਿਸ ਨੇ ਨਾਬਾਲਗ ਲੜਕੀਆਂ ਦੇ ਵਿਆਹ ਨੂੰ ਰੋਕਣ ਲਈ ਇੱਕ ਮੁਹਿੰਮ ਚਲਾਈ ਅਤੇ 1,039 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ‘ਚੋਂ ਜ਼ਿਆਦਾਤਰ ਮਾਮਲਿਆਂ ‘ਚ ਲੜਕੀਆਂ ਦੇ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ ਵਿਆਹ ਸ਼ਾਮਲ ਹਨ।