ਫਰਾਂਸ ਰਾਹੀਂ ਵਿਜੇ ਮਾਲਿਆ ਨੂੰ ਭਾਰਤ ਵਾਪਸ ਲਿਆਉਣ ਦੀਆਂ ਤਿਆਰੀਆਂ, ਉੱਥੇ ਵੀ ਮਾਲਿਆ ਕੋਲ 313 ਕਰੋੜ ਰੁਪਏ ਦੀ ਜਾਇਦਾਦ

ਫਰਾਂਸ ਰਾਹੀਂ ਵਿਜੇ ਮਾਲਿਆ ਨੂੰ ਭਾਰਤ ਵਾਪਸ ਲਿਆਉਣ ਦੀਆਂ ਤਿਆਰੀਆਂ, ਉੱਥੇ ਵੀ ਮਾਲਿਆ ਕੋਲ 313 ਕਰੋੜ ਰੁਪਏ ਦੀ ਜਾਇਦਾਦ

ਮਾਲਿਆ ਫਿਲਹਾਲ ਬ੍ਰਿਟੇਨ ‘ਚ ਹੈ, ਪਰ ਭਾਰਤ ਫਿਲਹਾਲ ਹਰ ਉਸ ਦੇਸ਼ ਨਾਲ ਸੰਪਰਕ ਕਰ ਰਿਹਾ ਹੈ ਜਿੱਥੇ ਮਾਲਿਆ ਦੀਆਂ ਜਾਇਦਾਦਾਂ ਹਨ। ਫਰਾਂਸ ਨੇ ਕੁਝ ਸ਼ਰਤਾਂ ਦੇ ਨਾਲ ਮਾਲਿਆ ਦੀ ਹਵਾਲਗੀ ਦੀ ਪੇਸ਼ਕਸ਼ ਕੀਤੀ ਸੀ, ਪਰ ਭਾਰਤ ਨੇ ਉਨ੍ਹਾਂ ਨੂੰ ਸ਼ਰਤਾਂ ਹਟਾਉਣ ਲਈ ਕਿਹਾ ਹੈ।

ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ‘ਤੇ ਸਿਕੰਜਾ ਕਸਦਾ ਹੋਇਆ ਨਜ਼ਰ ਆ ਰਿਹਾ ਹੈ। ਭਾਰਤ ਸਰਕਾਰ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਦੇਸ਼ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਲਈ ਸਰਕਾਰ ਨੇ ਫਰਾਂਸ ਦੇ ਅਧਿਕਾਰੀਆਂ ਤੋਂ ਮਾਲਿਆ ਨੂੰ ਬਿਨਾਂ ਸ਼ਰਤ ਭਾਰਤ ਹਵਾਲੇ ਕਰਨ ਦੀ ਮੰਗ ਕੀਤੀ ਹੈ।

ਮਾਲਿਆ ਫਿਲਹਾਲ ਬ੍ਰਿਟੇਨ ‘ਚ ਹੈ, ਪਰ ਭਾਰਤ ਫਿਲਹਾਲ ਹਰ ਉਸ ਦੇਸ਼ ਨਾਲ ਸੰਪਰਕ ਕਰ ਰਿਹਾ ਹੈ ਜਿੱਥੇ ਮਾਲਿਆ ਦੀਆਂ ਜਾਇਦਾਦਾਂ ਹਨ। ਅਜਿਹਾ ਇਸ ਲਈ ਹੈ ਕਿ ਜੇਕਰ ਮਾਲਿਆ ਬ੍ਰਿਟੇਨ ਛੱਡ ਕੇ ਕਿਸੇ ਹੋਰ ਦੇਸ਼ ਭੱਜ ਜਾਂਦਾ ਹੈ ਤਾਂ ਉਸ ਨੂੰ ਉਥੋਂ ਭਾਰਤ ਲਿਆਉਣ ‘ਚ ਜ਼ਿਆਦਾ ਸਮਾਂ ਨਹੀਂ ਲੱਗਣਾ ਚਾਹੀਦਾ। ਰਿਪੋਰਟ ਮੁਤਾਬਕ ਭਾਰਤ ਅਤੇ ਫਰਾਂਸ ਵਿਚਾਲੇ ਮਾਲਿਆ ਦੀ ਹਵਾਲਗੀ ‘ਤੇ ਗੱਲਬਾਤ 15 ਅਪ੍ਰੈਲ ਨੂੰ ਅੱਤਵਾਦ ਵਿਰੋਧੀ ਕਾਰਜ ਸਮੂਹ ਦੀ ਬੈਠਕ ਦੌਰਾਨ ਹੋਈ ਸੀ। ਹਾਲਾਂਕਿ ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ।

ਇਸ ਬੈਠਕ ‘ਚ ਫਰਾਂਸ ਨੇ ਕੁਝ ਸ਼ਰਤਾਂ ਦੇ ਨਾਲ ਮਾਲਿਆ ਦੀ ਹਵਾਲਗੀ ਦੀ ਪੇਸ਼ਕਸ਼ ਕੀਤੀ ਸੀ, ਪਰ ਭਾਰਤ ਨੇ ਉਨ੍ਹਾਂ ਨੂੰ ਸ਼ਰਤਾਂ ਹਟਾਉਣ ਲਈ ਕਿਹਾ ਹੈ। ਭਾਰਤ ਵੱਲੋਂ ਇਸ ਮੀਟਿੰਗ ਵਿੱਚ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਕੇਡੀ ਦੇਵਲ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਖੁਫੀਆ ਏਜੰਸੀ ਦੇ ਕਈ ਅਧਿਕਾਰੀ ਵੀ ਮੀਟਿੰਗ ਵਿੱਚ ਮੌਜੂਦ ਸਨ। ਕਿੰਗਫਿਸ਼ਰ ਏਅਰਲਾਈਨਜ਼ ਸਮੇਤ ਕਈ ਕੰਪਨੀਆਂ ਦੇ ਮਾਲਕ ਭਾਰਤੀ ਕਾਰੋਬਾਰੀ ਵਿਜੇ ਮਾਲਿਆ ‘ਤੇ ਦੇਸ਼ ਦੇ 17 ਬੈਂਕਾਂ ਦਾ ਕਰੀਬ 9 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਹੈ। ਮਾਲਿਆ 2016 ‘ਚ ਦੇਸ਼ ਛੱਡ ਕੇ ਬ੍ਰਿਟੇਨ ਭੱਜ ਗਿਆ ਸੀ, ਜਿੱਥੋਂ ਭਾਰਤ ਸਰਕਾਰ ਉਸ ਨੂੰ ਦੇਸ਼ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਲਿਆ ਦੇ ਖਿਲਾਫ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਪੈਂਡਿੰਗ ਹਨ। 5 ਜਨਵਰੀ 2019 ਨੂੰ ਅਦਾਲਤ ਨੇ ਵਿਜੇ ਮਾਲਿਆ ਨੂੰ ਭਗੌੜਾ ਕਰਾਰ ਦਿੱਤਾ ਸੀ।