ਮੈਂ 83 ਸਾਲ ਦਾ ਹੋ ਗਿਆ ਹਾਂ, ਵਰਕਰ ਕਹਿਣਗੇ ਤਾਂ ਮੈਂ ਲੋਕ ਸਭਾ ਚੋਣ ਲੜਾਂਗਾ, ਇਕ ਸੀਟ ਲਈ ਸਾਡੇ ਕੋਲ 10-10 ਲੋਕ ਦਾਅਵੇਦਾਰ ਹਨ : ਖੜਗੇ

ਮੈਂ 83 ਸਾਲ ਦਾ ਹੋ ਗਿਆ ਹਾਂ, ਵਰਕਰ ਕਹਿਣਗੇ ਤਾਂ ਮੈਂ ਲੋਕ ਸਭਾ ਚੋਣ ਲੜਾਂਗਾ, ਇਕ ਸੀਟ ਲਈ ਸਾਡੇ ਕੋਲ 10-10 ਲੋਕ ਦਾਅਵੇਦਾਰ ਹਨ : ਖੜਗੇ

ਕਾਂਗਰਸ ਦੀ ਪਹਿਲੀ ਸੂਚੀ ਵਿੱਚ 39 ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਇਸ ਤਰ੍ਹਾਂ ਕਾਂਗਰਸ ਨੇ ਹੁਣ ਤੱਕ 82 ਨਾਵਾਂ ਦਾ ਐਲਾਨ ਕੀਤਾ ਹੈ। ਸੂਚੀ ਵਿੱਚ ਸ਼ਾਮਲ 76.7% ਉਮੀਦਵਾਰਾਂ ਦੀ ਉਮਰ 60 ਸਾਲ ਤੋਂ ਘੱਟ ਹੈ।

ਦੇਸ਼ ਵਿਚ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਲੋਕਸਭਾ 2024 ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਪਾਰਟੀ ਦੇ ਸੀਨੀਅਰ ਨੇਤਾ ਲੋਕ ਸਭਾ ਚੋਣਾਂ ਲੜਨ ਤੋਂ ਸੰਕੋਚ ਕਰ ਰਹੇ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਜੇਕਰ ਵਰਕਰ ਉਨ੍ਹਾਂ ਨੂੰ ਚੋਣ ਲੜਨ ਲਈ ਕਹਿਣ ਤਾਂ ਉਹ ਅਜਿਹਾ ਕਰ ਸਕਦੇ ਹਨ। ਹਾਲਾਂਕਿ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਵਧਦੀ ਉਮਰ ਕਾਰਨ ਉਹ ਇਸ ਵਾਰ ਚੋਣ ਨਹੀਂ ਲੜਨਗੇ।

ਦਿੱਲੀ ‘ਚ ਪ੍ਰੈੱਸ ਕਾਨਫਰੰਸ ‘ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਖੜਗੇ ਨੇ ਕਿਹਾ ਇਹ ਗਲਤ ਹੈ ਕਿ ਅਸੀਂ ਪਿੱਛੇ ਹਟ ਰਹੇ ਹਾਂ। ਮੈਂ 83 ਸਾਲਾਂ ਦਾ ਹਾਂ, ਤੁਸੀਂ (ਪੱਤਰਕਾਰ) 65 ਸਾਲ ਦੀ ਉਮਰ ਵਿੱਚ ਸੇਵਾਮੁਕਤ ਹੋ ਜਾਂਦੇ ਹੋ, ਮੈਂ 83 ਸਾਲਾਂ ਦਾ ਹੋ ਗਿਆ ਹਾਂ। ਖੜਗੇ ਨੇ ਅੱਗੇ ਕਿਹਾ ਜੇਕਰ ਸਾਡੀ ਪਾਰਟੀ ਦੇ ਵਰਕਰ ਕਹਿੰਦੇ ਹਨ ਕਿ ਮੈਨੂੰ ਲੜਨਾ ਚਾਹੀਦਾ ਹੈ, ਤਾਂ ਮੈਂ ਜ਼ਰੂਰ ਲੜਾਂਗਾ। ਸਾਡੇ ਕੋਲ ਇੱਕੋ ਸੀਟ ਦੀ ਮੰਗ ਕਰਨ ਵਾਲੇ ਦਸ ਵਿਅਕਤੀਆਂ ਦੀ ਸੂਚੀ ਵੀ ਹੈ।

ਖੜਗੇ 2009 ਅਤੇ 2014 ਵਿੱਚ ਕਰਨਾਟਕ ਦੇ ਕਲਬੁਰਗੀ ਤੋਂ ਸੰਸਦ ਮੈਂਬਰ ਚੁਣੇ ਗਏ ਸਨ ਅਤੇ 2019 ਵਿੱਚ ਹਾਰ ਗਏ ਸਨ। ਕਾਂਗਰਸ ਨੇ ਮੰਗਲਵਾਰ (12 ਮਾਰਚ) ਨੂੰ ਲੋਕ ਸਭਾ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕਰ ਦਿੱਤਾ। ਇਸ ਵਿੱਚ 43 ਉਮੀਦਵਾਰਾਂ ਦੇ ਨਾਂ ਹਨ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਪੁੱਤਰ ਨਕੁਲ ਨਾਥ ਨੂੰ ਛਿੰਦਵਾੜਾ ਤੋਂ ਟਿਕਟ ਦਿੱਤੀ ਗਈ ਹੈ ਅਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਪੁੱਤਰ ਵੈਭਵ ਗਹਿਲੋਤ ਨੂੰ ਜਲੌਰ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 8 ਮਾਰਚ ਨੂੰ ਜਾਰੀ ਹੋਈ ਕਾਂਗਰਸ ਦੀ ਪਹਿਲੀ ਸੂਚੀ ਵਿੱਚ 39 ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਇਸ ਤਰ੍ਹਾਂ ਕਾਂਗਰਸ ਨੇ ਹੁਣ ਤੱਕ 82 ਨਾਵਾਂ ਦਾ ਐਲਾਨ ਕੀਤਾ ਹੈ। ਸੂਚੀ ਵਿੱਚ ਸ਼ਾਮਲ 76.7% ਉਮੀਦਵਾਰਾਂ ਦੀ ਉਮਰ 60 ਸਾਲ ਤੋਂ ਘੱਟ ਹੈ।