ਸੋਨੂੰ ਸੂਦ ਦੀ ਭੈਣ ਆਈ ਸਿੱਧੂ ਦੇ ਖਿਲਾਫ, ਭੇਜੀ ਲਿਖਤੀ ਸ਼ਿਕਾਇਤ, ਕੀਤੀ ਕਾਰਵਾਈ ਦੀ ਮੰਗ

ਸੋਨੂੰ ਸੂਦ ਦੀ ਭੈਣ ਆਈ ਸਿੱਧੂ ਦੇ ਖਿਲਾਫ, ਭੇਜੀ ਲਿਖਤੀ ਸ਼ਿਕਾਇਤ, ਕੀਤੀ ਕਾਰਵਾਈ ਦੀ ਮੰਗ

ਮਾਲਵਿਕਾ ਨੇ ਸਿੱਧੂ ਖਿਲਾਫ ਪੰਜਾਬ ਕਾਂਗਰਸ ਦੇ ਇੰਚਾਰਜ ਯੋਗਿੰਦਰ ਯਾਦਵ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ।

ਪੰਜਾਬ ਕਾਂਗਰਸ ਵਿੱਚ ਵਿਧਾਨਸਭਾ ਚੋਣਾਂ ਤੋਂ ਪਹਿਲਾ ਸ਼ੁਰੂ ਹੋਇਆ ਆਪਸੀ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਲੋਕ ਸਭਾ ਚੋਣਾਂ ਨੇੜੇ ਹਨ ਅਤੇ ਇਸ ਦੌਰਾਨ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਆਪਸੀ ਲੜਾਈ ਰੁਕਦੀ ਨਜ਼ਰ ਨਹੀਂ ਆ ਰਹੀ। ਪਾਰਟੀ ਵਿੱਚ ਵਿਰੋਧ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਐਤਵਾਰ ਨੂੰ ਮੋਗਾ ਵਿੱਚ ਰੈਲੀ ਕੀਤੀ। ਹੁਣ ਮੋਗਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਇੰਚਾਰਜ ਮਾਲਵਿਕਾ ਸੂਦ ਸੱਚਰ ਸਿੱਧੂ ਖਿਲਾਫ ਉਤਰ ਆਈ ਹੈ।

ਮਾਲਵਿਕਾ ਸੂਦ ਸੱਚਰ ਅਭਿਨੇਤਾ ਸੋਨੂੰ ਸੂਦ ਦੀ ਭੈਣ ਹੈ। ਮਾਲਵਿਕਾ ਨੇ ਸਿੱਧੂ ਖਿਲਾਫ ਪੰਜਾਬ ਕਾਂਗਰਸ ਦੇ ਇੰਚਾਰਜ ਯੋਗਿੰਦਰ ਯਾਦਵ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਇਸ ‘ਚ ਮਾਲਵਿਕਾ ਨੇ ਸਿੱਧੂ ‘ਤੇ ਪਾਰਟੀ ਅਨੁਸ਼ਾਸਨ ਤੋੜਨ ਦਾ ਦੋਸ਼ ਲਗਾਇਆ ਹੈ, ਉਨ੍ਹਾਂ ਕਾਰਵਾਈ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਮਾਲਵਿਕਾ ਨੇ ਮੀਟਿੰਗ ਕਰਕੇ ਸਾਰੇ ਵਰਕਰਾਂ ਨੂੰ ਸਿੱਧੂ ਦੀ ਰੈਲੀ ‘ਚ ਨਾ ਜਾਣ ਦੀ ਹਦਾਇਤ ਵੀ ਕੀਤੀ ਹੈ।

ਮਾਲਵਿਕਾ ਨੇ ਕਿਹਾ ਕਿ ਵਿਧਾਨ ਸਭਾ ਇੰਚਾਰਜ ਹੋਣ ਦੇ ਨਾਤੇ ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਦੀ ਐਤਵਾਰ ਨੂੰ ਹੋਣ ਵਾਲੀ ਰੈਲੀ ਸਬੰਧੀ ਪੰਜਾਬ ਦੀ ਲੀਡਰਸ਼ਿਪ ਵੱਲੋਂ ਕੋਈ ਸੁਨੇਹਾ ਨਹੀਂ ਮਿਲਿਆ ਸੀ। ਅਜਿਹੇ ‘ਚ ਇਸ ਨੂੰ ਕਾਂਗਰਸ ਦੀ ਰੈਲੀ ਕਿਵੇਂ ਕਿਹਾ ਜਾ ਸਕਦਾ ਹੈ? ਵਿਧਾਨ ਸਭਾ ਹਲਕੇ ਦੇ ਸਮੂਹ ਕਾਂਗਰਸੀ ਵਰਕਰ ਭੰਬਲਭੂਸੇ ਵਿੱਚ ਹਨ। ਸਿੱਧੂ ਨੇ ਵੀ ਉਨ੍ਹਾਂ ਨੂੰ ਇਸ ਰੈਲੀ ਲਈ ਕੋਈ ਸੱਦਾ ਨਹੀਂ ਭੇਜਿਆ ਹੈ। ਮਾਲਵਿਕਾ ਨੇ ਦੱਸਿਆ ਕਿ ਰੈਲੀ ਦੇ ਕੁਝ ਬੈਨਰਾਂ ‘ਤੇ ‘ਜੀਤੇਗਾ ਪੰਜਾਬ ਕਾਂਗਰਸ ਜਿੱਤੇਗੀ’ ਦੇ ਨਾਅਰੇ ਨਾਲ ਛਾਪੇ ਗਏ ਹਨ, ਜਿਨ੍ਹਾਂ ‘ਤੇ ਉਸ ਦੀਆਂ ਅਤੇ ਰਾਜਾ ਵੜਿੰਗ ਦੀਆਂ ਫੋਟੋਆਂ ਹਨ।

ਮਾਲਵਿਕਾ ਨੇ ਸਿੱਧੂ ‘ਤੇ ਰੋਸ ਜਾਹਰ ਕਰਦਿਆਂ ਪੁੱਛਿਆ ਕਿ ਉਨ੍ਹਾਂ ਦੀ ਫੋਟੋ ਬਿਨਾਂ ਇਜਾਜ਼ਤ ਕਿਉਂ ਵਰਤੀ ਗਈ? ਇਸ ਤੋਂ ਬਾਅਦ ਉਸਦੀ ਫੋਟੋ ਹਟਾ ਦਿੱਤੀ ਗਈ ਹੈ। ਮਾਲਵਿਕਾ ਨੇ ਕਿਹਾ ਕਿ ਜੋ ਵਿਅਕਤੀ ਰੈਲੀ ਕਰ ਰਿਹਾ ਹੈ ਅਤੇ ਆਪਣੀ ਫੋਟੋ ਸਮੇਤ ਸੱਦਾ ਪੱਤਰ ਭੇਜ ਰਿਹਾ ਹੈ, ਉਸਦਾ ਮੋਗਾ ਹਲਕੇ ਨਾਲ ਕੋਈ ਸਬੰਧ ਨਹੀਂ ਹੈ। ਇਹ ਵਿਅਕਤੀ ਨਿਹਾਲ ਸਿੰਘ ਵਾਲਾ ਦਾ ਰਹਿਣ ਵਾਲਾ ਹੈ। ਦੂਜੇ ਪਾਸੇ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਮਨਸਿਮਰਤ ਸਿੰਘ ਸ਼ੈਰੀ ਰਿਆੜ ਦਾ ਕਹਿਣਾ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਸਿੱਧੂ ਮੋਗਾ ਵਿੱਚ ਰੈਲੀ ਕਰ ਰਹੇ ਹਨ। ਜੇਕਰ ਇਹ ਰੈਲੀ ਕੁਝ ਕਾਂਗਰਸੀ ਆਗੂਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਕਰਦੀ ਹੈ ਤਾਂ ਇਸ ਵਿੱਚ ਸਿੱਧੂ ਦਾ ਕਸੂਰ ਨਹੀਂ ਹੈ। ਜੇ ਕੋਈ ਇਸ ਦਾ ਵਿਰੋਧ ਕਰੇਗਾ ਤਾਂ ਕੁਝ ਨਹੀਂ ਹੋਵੇਗਾ।