ਸਾਊਦੀ ਅਰਬ : ਗਰਮੀ ਕਾਰਨ 600 ਤੋਂ ਜ਼ਿਆਦਾ ਹੱਜ ਯਾਤਰੀਆਂ ਦੀ ਮੌਤ, ਇਨ੍ਹਾਂ ਵਿੱਚ 68 ਭਾਰਤੀ ਵੀ ਸ਼ਾਮਿਲ

ਸਾਊਦੀ ਅਰਬ : ਗਰਮੀ ਕਾਰਨ 600 ਤੋਂ ਜ਼ਿਆਦਾ ਹੱਜ ਯਾਤਰੀਆਂ ਦੀ ਮੌਤ, ਇਨ੍ਹਾਂ ਵਿੱਚ 68 ਭਾਰਤੀ ਵੀ ਸ਼ਾਮਿਲ

ਸਾਊਦੀ ਅਰਬ ‘ਚ ਆਮ ਤੌਰ ‘ਤੇ ਤਾਪਮਾਨ 45 ਡਿਗਰੀ ਦੇ ਵਿਚਕਾਰ ਰਹਿੰਦਾ ਹੈ, ਪਰ ਇਸ ਸਾਲ ਤਾਪਮਾਨ 50 ਡਿਗਰੀ ਨੂੰ ਪਾਰ ਕਰ ਗਿਆ ਹੈ। ਸਾਊਦੀ ਸਰਕਾਰੀ ਟੀਵੀ ਦੀ ਖ਼ਬਰ ਮੁਤਾਬਕ ਮੱਕਾ ਦੀ ਗ੍ਰੈਂਡ ਮਸਜਿਦ ਵਿੱਚ ਇਸ ਸਾਲ ਤਾਪਮਾਨ 51 ਡਿਗਰੀ ਤੱਕ ਪਹੁੰਚ ਗਿਆ ਹੈ।

ਸਾਊਦੀ ਅਰਬ ਵਿਚ ਇਸ ਸਮੇਂ ਅੱਤ ਦੀ ਗਰਮੀ ਪੈ ਰਹੀ ਹੈ। ਸਾਊਦੀ ਅਰਬ ਵਿੱਚ ਹੱਜ ਦੌਰਾਨ 600 ਤੋਂ ਵੱਧ ਹੱਜ ਯਾਤਰੀਆਂ ਦੀ ਮੌਤ ਹੈਰਾਨ ਕਰਨ ਵਾਲੀ ਹੈ। ਇੰਨੀ ਵੱਡੀ ਗਿਣਤੀ ‘ਚ ਹਜ ਯਾਤਰੀਆਂ ਦੀ ਮੌਤ ਦੀ ਖਬਰ ਤੋਂ ਬਾਅਦ ਭਾਰਤ ਤੋਂ ਹੱਜ ‘ਤੇ ਗਏ ਸ਼ਰਧਾਲੂਆਂ ਦੇ ਪਰਿਵਾਰਾਂ ਦੀ ਚਿੰਤਾ ਵਧ ਗਈ ਹੈ। ਇਸ ਸਾਲ ਭਾਰਤ ਤੋਂ 1,75,000 ਸ਼ਰਧਾਲੂ ਹੱਜ ਲਈ ਗਏ ਸਨ। ਬੁੱਧਵਾਰ ਨੂੰ ਯਾਤਰਾ ਨਾਲ ਜੁੜੇ ਇੱਕ ਡਿਪਲੋਮੈਟ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 68 ਭਾਰਤੀ ਵੀ ਸ਼ਾਮਲ ਹਨ। ਇਹ ਮੌਤਾਂ ਪਿਛਲੇ ਇੱਕ ਹਫ਼ਤੇ ਦੌਰਾਨ ਹੋਈਆਂ ਹਨ ਅਤੇ ਹੱਜ ਦੇ ਆਖਰੀ ਦਿਨ 6 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ।

ਡਿਪਲੋਮੈਟ ਦੇ ਅਨੁਸਾਰ, ਬਹੁਤ ਸਾਰੀਆਂ ਮੌਤਾਂ ਕੁਦਰਤੀ ਕਾਰਨਾਂ ਅਤੇ ਬਜ਼ੁਰਗਾਂ ਦੀਆਂ ਹੋਈਆਂ ਹਨ, ਜਦੋਂ ਕਿ ਕੁਝ ਮੌਤਾਂ ਅੱਤ ਦੀ ਗਰਮੀ ਕਾਰਨ ਹੋਈਆਂ ਹਨ। ਭਾਰਤੀ ਨਾਗਰਿਕਾਂ ਦੀ ਮੌਤ ‘ਤੇ ਭਾਰਤ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਭਿਆਨਕ ਗਰਮੀ ਕਾਰਨ 577 ਹਜ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ ਪਰ ਵੀਰਵਾਰ ਨੂੰ ਏਐਫਪੀ ਦੀ ਨਵੀਂ ਰਿਪੋਰਟ ਮੁਤਾਬਕ ਇਹ ਗਿਣਤੀ ਵਧ ਕੇ 645 ਹੋ ਗਈ ਹੈ। ਪਿਛਲੇ ਸਾਲ ਹੱਜ ਦੌਰਾਨ 200 ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਸਨ। ਮਰਨ ਵਾਲੇ ਜ਼ਿਆਦਾਤਰ ਹੱਜ ਯਾਤਰੀ ਮਿਸਰ ਦੇ ਨਾਗਰਿਕ ਹਨ।

ਜਲਵਾਯੂ ਪਰਿਵਰਤਨ ਦੇ ਪ੍ਰਭਾਵ ਪੂਰੀ ਦੁਨੀਆ ਵਿਚ ਦੇਖਣ ਨੂੰ ਮਿਲ ਰਹੇ ਹਨ। ਖਾੜੀ ਦੇਸ਼ ਇਸ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ, ਓਮਾਨ, ਸਾਊਦੀ ਅਰਬ ਅਤੇ ਯੂਏਈ ਵਰਗੇ ਦੇਸ਼ਾਂ ‘ਚ ਗਰਮੀ ਦੇ ਨਾਲ-ਨਾਲ ਭਾਰੀ ਬਾਰਿਸ਼ ਵੀ ਹੋ ਰਹੀ ਹੈ। ਸਾਊਦੀ ਅਰਬ ‘ਚ ਆਮ ਤੌਰ ‘ਤੇ ਤਾਪਮਾਨ 45 ਡਿਗਰੀ ਦੇ ਵਿਚਕਾਰ ਰਹਿੰਦਾ ਹੈ, ਪਰ ਇਸ ਸਾਲ ਤਾਪਮਾਨ 50 ਡਿਗਰੀ ਨੂੰ ਪਾਰ ਕਰ ਗਿਆ ਹੈ। ਸਾਊਦੀ ਸਰਕਾਰੀ ਟੀਵੀ ਦੀ ਖ਼ਬਰ ਮੁਤਾਬਕ ਮੱਕਾ ਦੀ ਗ੍ਰੈਂਡ ਮਸਜਿਦ ਵਿੱਚ ਇਸ ਸਾਲ ਤਾਪਮਾਨ 51 ਡਿਗਰੀ ਤੱਕ ਪਹੁੰਚ ਗਿਆ ਹੈ।