ਭਾਰਤ ‘ਚ ਹਰੀ ਕ੍ਰਾਂਤੀ ਦੇ ਪਿਤਾਮਾ ਐਮਐਸ ਸਵਾਮੀਨਾਥਨ ਦਾ ਤਾਮਿਲਨਾਡੂ ‘ਚ 98 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਭਾਰਤ ‘ਚ ਹਰੀ ਕ੍ਰਾਂਤੀ ਦੇ ਪਿਤਾਮਾ ਐਮਐਸ ਸਵਾਮੀਨਾਥਨ ਦਾ ਤਾਮਿਲਨਾਡੂ ‘ਚ 98 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਐਮਐਸ ਸਵਾਮੀਨਾਥਨ ਦੇ ਨਾਂ ‘ਤੇ ਕਮਿਸ਼ਨ ਦਾ ਨਾਂ ਸਵਾਮੀਨਾਥਨ ਕਮਿਸ਼ਨ ਰੱਖਿਆ ਗਿਆ। ਲੰਬੇ ਸਮੇਂ ਤੱਕ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੋਂ ਬਾਅਦ ਇਸ ਕਮਿਸ਼ਨ ਨੇ ਕੇਂਦਰ ਤੋਂ ਖੇਤੀ ਖੇਤਰ ਵਿੱਚ ਕਈ ਮਹੱਤਵਪੂਰਨ ਸੁਧਾਰਾਂ ਦੀ ਮੰਗ ਕੀਤੀ ਸੀ।


ਭਾਰਤ ਵਿੱਚ ਹਰੀ ਕ੍ਰਾਂਤੀ ਦੇ ਪਿਤਾਮਾ ਐਮਐਸ ਸਵਾਮੀਨਾਥਨ ਦਾ 98 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਤਾਮਿਲਨਾਡੂ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦਾ ਪੂਰਾ ਨਾਮ ਮਾਨਕੰਬੂ ਸੰਬਾਸੀਵਨ ਸਵਾਮੀਨਾਥਨ ਸੀ ਅਤੇ ਉਨ੍ਹਾਂ ਦਾ ਜਨਮ ਤਾਮਿਲਨਾਡੂ ਰਾਜ ਦੇ ਤੰਜਾਵੁਰ ਜ਼ਿਲੇ ਵਿੱਚ ਸਾਲ 1925 ਵਿੱਚ ਹੋਇਆ ਸੀ।

ਸਵਾਮੀਨਾਥਨ ਨੂੰ ਇੱਕ ਖੇਤੀ ਵਿਗਿਆਨੀ, ਪ੍ਰਸ਼ਾਸਕ ਅਤੇ ਮਾਨਵਤਾਵਾਦੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਝੋਨੇ ਦੀਆਂ ਉੱਚ-ਉਪਜ ਵਾਲੀਆਂ ਕਿਸਮਾਂ ਨੂੰ ਵਿਕਸਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ, ਜਿਸਨੇ ਇਹ ਯਕੀਨੀ ਬਣਾਉਣ ਵਿੱਚ ਮਦਦ ਕੀਤੀ ਕਿ ਭਾਰਤ ਦੇ ਘੱਟ ਆਮਦਨੀ ਵਾਲੇ ਕਿਸਾਨਾਂ ਨੇ ਵੱਧ ਉਤਪਾਦਨ ਕੀਤਾ।

ਉਨ੍ਹਾਂ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਅਤੇ ਬਾਅਦ ਵਿੱਚ ਅੰਤਰਰਾਸ਼ਟਰੀ ਚੌਲ ਖੋਜ ਸੰਸਥਾਨ ਅਤੇ 1979 ਵਿੱਚ ਖੇਤੀਬਾੜੀ ਮੰਤਰਾਲੇ ਦੇ ਪ੍ਰਮੁੱਖ ਸਕੱਤਰ ਵਜੋਂ ਵੀ ਕੰਮ ਕੀਤਾ। 1949 ਵਿੱਚ, ਸਵਾਮੀਨਾਥਨ ਨੇ ਆਲੂ, ਕਣਕ, ਚਾਵਲ ਅਤੇ ਜੂਟ ਦੇ ਜੈਨੇਟਿਕਸ ਦੀ ਖੋਜ ਕਰਕੇ ਆਪਣਾ ਕਰੀਅਰ ਸ਼ੁਰੂ ਕੀਤਾ। ਭਾਰਤ ਉਸ ਸਮੇਂ ਭਿਆਨਕ ਅਕਾਲ ਕਗਾਰ ‘ਤੇ ਸੀ, ਦੇਸ਼ ਵਿੱਚ ਅਨਾਜ ਦੀ ਕਮੀ ਸੀ।

ਸਵਾਮੀਨਾਥਨ ਨੇ ਨੌਰਮਨ ਬੋਰਲੌਗ ਅਤੇ ਹੋਰ ਵਿਗਿਆਨੀਆਂ ਦੇ ਨਾਲ, ਕਣਕ ਦੀ ਇੱਕ ਉੱਚ ਉਪਜ ਵਾਲੀ ਕਿਸਮ ਦੇ ਬੀਜ ਵਿਕਸਿਤ ਕੀਤੇ। ਉਸਨੇ 1960 ਅਤੇ 70 ਦੇ ਦਹਾਕੇ ਦੌਰਾਨ ਸੀ ਸੁਬਰਾਮਨੀਅਮ ਅਤੇ ਜਗਜੀਵਨ ਰਾਮ ਸਮੇਤ ਖੇਤੀਬਾੜੀ ਮੰਤਰੀਆਂ ਨਾਲ ਕਣਕ ਅਤੇ ਚੌਲਾਂ ਦੀ ਉਤਪਾਦਕਤਾ ਨੂੰ ਤੇਜ਼ੀ ਨਾਲ ਵਧਾਉਣ ਲਈ ਕੰਮ ਕੀਤਾ, ਜਿਸ ਨਾਲ ‘ਹਰੀ ਕ੍ਰਾਂਤੀ’ ਦੀ ਸਫਲਤਾ ਹੋਈ।

ਪੀਐਮ ਮੋਦੀ ਨੇ ਵੀ ਐਮਐਸ ਸਵਾਮੀਨਾਥਨ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਇਤਿਹਾਸ ਦੇ ਇੱਕ ਬਹੁਤ ਹੀ ਮਹੱਤਵਪੂਰਨ ਸਮੇਂ ‘ਤੇ, ਖੇਤੀਬਾੜੀ ਵਿੱਚ ਉਨ੍ਹਾਂ ਦੇ ਬੇਮਿਸਾਲ ਕੰਮ ਨੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲ ਦਿੱਤਾ ਅਤੇ ਸਾਡੇ ਦੇਸ਼ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ। ਖੇਤੀਬਾੜੀ ਵਿੱਚ ਆਪਣੇ ਕ੍ਰਾਂਤੀਕਾਰੀ ਯੋਗਦਾਨ ਤੋਂ ਇਲਾਵਾ, ਡਾ. ਸਵਾਮੀਨਾਥਨ ਨਵੀਨਤਾ ਦਾ ਇੱਕ ਪਾਵਰਹਾਊਸ ਅਤੇ ਬਹੁਤ ਸਾਰੇ ਲੋਕਾਂ ਲਈ ਇੱਕ ਸਲਾਹਕਾਰ ਗੁਰੂ ਸਨ।

ਤੁਹਾਨੂੰ ਦੱਸ ਦੇਈਏ ਕਿ ਸਵਾਮੀਨਾਥਨ ਕਮਿਸ਼ਨ ਦਾ ਗਠਨ 18 ਨਵੰਬਰ 2004 ਨੂੰ ਕੀਤਾ ਗਿਆ ਸੀ। ਦਰਅਸਲ, ਇਸ ਕਮਿਸ਼ਨ ਦਾ ਨਾਮ ਰਾਸ਼ਟਰੀ ਕਿਸਾਨ ਕਮਿਸ਼ਨ ਹੈ ਅਤੇ ਇਸ ਦੇ ਚੇਅਰਮੈਨ ਐਮਐਸ ਸਵਾਮੀਨਾਥਨ ਹਨ। ਉਨ੍ਹਾਂ ਦੇ ਨਾਂ ‘ਤੇ ਇਸ ਕਮਿਸ਼ਨ ਦਾ ਨਾਂ ਸਵਾਮੀਨਾਥਨ ਕਮਿਸ਼ਨ ਰੱਖਿਆ ਗਿਆ। ਲੰਬੇ ਸਮੇਂ ਤੱਕ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੋਂ ਬਾਅਦ ਇਸ ਕਮਿਸ਼ਨ ਨੇ ਕੇਂਦਰ ਤੋਂ ਖੇਤੀ ਖੇਤਰ ਵਿੱਚ ਕਈ ਮਹੱਤਵਪੂਰਨ ਸੁਧਾਰਾਂ ਦੀ ਮੰਗ ਕੀਤੀ ਸੀ।