ਪੰਜਾਬ : ਸਿੱਧੂ-ਬਾਜਵਾ ਵਿਵਾਦ ਪਹੁੰਚਿਆ ਹਾਈਕਮਾਂਡ ਕੋਲ, ਖੜਗੇ ਨੇ ਮੰਗੀ ਵਿਸਥਾਰਤ ਰਿਪੋਰਟ

ਪੰਜਾਬ : ਸਿੱਧੂ-ਬਾਜਵਾ ਵਿਵਾਦ ਪਹੁੰਚਿਆ ਹਾਈਕਮਾਂਡ ਕੋਲ, ਖੜਗੇ ਨੇ ਮੰਗੀ ਵਿਸਥਾਰਤ ਰਿਪੋਰਟ

ਸਿੱਧੂ ਦੇ ਕਰੀਬੀ ਦੀ ਸ਼ਿਕਾਇਤ ‘ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤੁਰੰਤ ਪੰਜਾਬ ਇਕਾਈ ਤੋਂ ਵਿਸਥਾਰਤ ਰਿਪੋਰਟ ਮੰਗੀ ਹੈ। ਪ੍ਰਤਾਪ ਸਿੰਘ ਬਾਜਵਾ ਦੇ ਸਿੱਧੂ ਖਿਲਾਫ ਭਾਸ਼ਣ ਤੋਂ ਇਲਾਵਾ ਰੈਲੀ ਬਾਰੇ ਹੋਰ ਜਾਣਕਾਰੀ ਮੰਗੀ ਗਈ ਹੈ।

ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਨੇਤਾਵਾਂ ਵਿਚਾਲੇ ਸ਼ੁਰੂ ਹੋਇਆ ਟਕਰਾਅ ਹੁਣ ਵੀ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੱਧੂ ਦੀ ਪੰਜਾਬ ਦੀ ਸਿਆਸਤ ਵਿੱਚ ਵਾਪਸੀ ਨੇ ਪਾਰਟੀ ਅੰਦਰ ਵੱਧ ਰਹੀ ਦਰਾੜ ਦਾ ਪਰਦਾਫਾਸ਼ ਕਰ ਦਿੱਤਾ ਹੈ। ਮਾਲਵੇ ਵਿੱਚ ਅੱਠ ਹਜ਼ਾਰ ਵਰਕਰਾਂ ਦੀ ਰੈਲੀ ਕਰਨ ਤੋਂ ਬਾਅਦ ਸਿੱਧੂ ਹੁਣ ਦੋਆਬੇ ਅਤੇ ਮਾਝੇ ਵਿੱਚ ਵੀ ਵੱਖਰੇ ਅਖਾੜੇ ਬਣਾਉਣ ਦੀ ਤਿਆਰੀ ਕਰ ਰਹੇ ਹਨ।

ਨਵਜੋਤ ਸਿੰਘ ਸਿੱਧੂ ਨੇ ਇਸ ਦੇ ਲਈ ਉਸ ਨੇ ਆਪਣੀ ਟੀਮ ਨੂੰ ਸਰਗਰਮ ਕਰ ਲਿਆ ਹੈ। ਇਸ ਦੌਰਾਨ ਸਿੱਧੂ ਦੇ ਕਰੀਬੀ ਗੌਤਮ ਸੇਠ ਦੀ ਸ਼ਿਕਾਇਤ ‘ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤੁਰੰਤ ਪੰਜਾਬ ਇਕਾਈ ਤੋਂ ਵਿਸਥਾਰਤ ਰਿਪੋਰਟ ਮੰਗੀ ਹੈ। ਪ੍ਰਤਾਪ ਸਿੰਘ ਬਾਜਵਾ ਦੇ ਸਿੱਧੂ ਖਿਲਾਫ ਭਾਸ਼ਣ ਤੋਂ ਇਲਾਵਾ ਰੈਲੀ ਬਾਰੇ ਹੋਰ ਜਾਣਕਾਰੀ ਮੰਗੀ ਗਈ।

ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਣ ਕਾਰਨ ਹਾਈਕਮਾਂਡ ਨੇ ਹਾਲੇ ਤੱਕ ਪੰਜਾਬ ਤੋਂ ਕਿਸੇ ਵੀ ਆਗੂ ਨੂੰ ਦਿੱਲੀ ਨਹੀਂ ਬੁਲਾਇਆ ਪਰ ਕਾਂਗਰਸ ਹਾਈਕਮਾਂਡ ਸਥਾਨਕ ਲੀਡਰਸ਼ਿਪ ਅਤੇ ਸਿੱਧੂ ਨੂੰ ਕਿਸੇ ਵੇਲੇ ਵੀ ਦਿੱਲੀ ਬੁਲਾ ਸਕਦੀ ਹੈ। ਬੁੱਧਵਾਰ ਨੂੰ, ਸਿੱਧੂ ਨੇ ‘ਐਕਸ’ ‘ਤੇ ਆਪਣੀ ਟਾਈਮਲਾਈਨ ‘ਤੇ ਆਪਣੇ ਵਫ਼ਾਦਾਰ ਸਮਰਥਕ ਅਤੇ ਸਮਾਜਿਕ ਕਾਰਕੁਨ ਮਾਲਵਿੰਦਰ ਸਿੰਘ ਮੱਲੀ ਦੀ ਇੱਕ ਪੋਸਟ ਸਾਂਝੀ ਕੀਤੀ। ਇਸ ‘ਚ ਬਾਜਵਾ ‘ਤੇ ਕਾਂਗਰਸ ਦੇ ਪਤਨ ਲਈ ਹਮਲਾ ਬੋਲਿਆ ਗਿਆ।

ਕੁਝ ਘੰਟਿਆਂ ਬਾਅਦ, ਬਾਜਵਾ ਦੀ ਹਮਾਇਤ ਕਰ ਰਹੇ ਇਕ ਹੋਰ ਕਾਂਗਰਸੀ ਗਰੁੱਪ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਸਿੱਧੂ ਨੂੰ ਅਨੁਸ਼ਾਸਨਹੀਣਤਾ ਲਈ ਪਾਰਟੀ ਤੋਂ ਬਾਹਰ ਕਰਨ ਦੀ ਮੰਗ ਕੀਤੀ। ਨਾਜ਼ਰ ਸਿੰਘ ਮਾਨਸ਼ਾਹੀਆ ਸਮੇਤ ਸਿੱਧੂ ਧੜੇ ਦੇ ਪ੍ਰਮੁੱਖ ਆਗੂਆਂ ਦਾ ਕਹਿਣਾ ਹੈ ਕਿ ਬਾਜਵਾ ਸੂਬੇ ਦੀ ਮੌਜੂਦਾ ਸਰਕਾਰ ਦਾ ਟਾਕਰਾ ਕਰਨ ਲਈ ਪਿਛਲੇ ਮਹੀਨੇ ਇਕ ਵੀ ਰੈਲੀ ਕਰਨ ਵਿਚ ਨਾਕਾਮ ਰਹੇ ਹਨ। ਗੌਤਮ ਸੇਠ ਦਾ ਕਹਿਣਾ ਹੈ ਕਿ ਸਿੱਧੂ ਨੇ ਰੈਲੀ ਕਰ ਕੇ ਕੇਂਦਰ ਅਤੇ ਪੰਜਾਬ ਦੀ ‘ਆਪ’ ਸਰਕਾਰ ‘ਤੇ ਨਿਸ਼ਾਨਾ ਸਾਧਿਆ, ਪਰ ਬਾਜਵਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇਸ ਦਾ ਦੁੱਖ ਕਿਉਂ ਹੋਇਆ? ਇਹ ਸਮਝ ਤੋਂ ਪਰੇ ਹੈ।