ਦਿੱਲੀ-ਮੁੰਬਈ ਦੇ ਮੈਚ ‘ਚ ਨਹੀਂ ਚੱਲੇਗੀ ਆਤਿਸ਼ਬਾਜ਼ੀ, ਖਰਾਬ ਹਵਾ ਦੀ ਗੁਣਵੱਤਾ ਕਾਰਨ BCCI ਨੇ ਲਿਆ ਫੈਸਲਾ

ਦਿੱਲੀ-ਮੁੰਬਈ ਦੇ ਮੈਚ ‘ਚ ਨਹੀਂ ਚੱਲੇਗੀ ਆਤਿਸ਼ਬਾਜ਼ੀ, ਖਰਾਬ ਹਵਾ ਦੀ ਗੁਣਵੱਤਾ ਕਾਰਨ BCCI ਨੇ ਲਿਆ ਫੈਸਲਾ

ਆਤਿਸ਼ਬਾਜ਼ੀ ਦਾ ਸਭ ਤੋਂ ਵੱਧ ਅਸਰ ਸਕੂਲੀ ਬੱਚਿਆਂ ‘ਤੇ ਪੈ ਰਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਸਾਲ ਅਕਤੂਬਰ ਵਿੱਚ ਦਿੱਲੀ ਦਾ AQI (ਏਅਰ ਕੁਆਲਿਟੀ ਇੰਡੈਕਸ) 2020 ਤੋਂ ਬਾਅਦ ਸਭ ਤੋਂ ਖਰਾਬ ਰਿਕਾਰਡ ਕੀਤਾ ਗਿਆ ਹੈ।

ਭਾਰਤ ਵਿਚ ਚਲ ਰਿਹਾ ਕ੍ਰਿਕਟ ਵਰਲਡ ਕਪ ਆਪਣੇ ਪੂਰੇ ਰੋਮਾਂਚ ‘ਤੇ ਪਹੁੰਚ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਫੈਸਲਾ ਕੀਤਾ ਹੈ ਕਿ ਦਿੱਲੀ ਅਤੇ ਮੁੰਬਈ ਵਿੱਚ ਵਿਸ਼ਵ ਕੱਪ ਦੇ ਮੈਚਾਂ ਦੌਰਾਨ ਅਤੇ ਬਾਅਦ ਵਿੱਚ ਆਤਿਸ਼ਬਾਜ਼ੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਇਸਦੀ ਪੁਸ਼ਟੀ ਕੀਤੀ ਹੈ।

ਜੈ ਸ਼ਾਹ ਨੇ ਕਿਹਾ ਕਿ ਇਨ੍ਹਾਂ ਦੋਵਾਂ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਵੱਧ ਰਿਹਾ ਹੈ। ਮੈਂ ਰਸਮੀ ਤੌਰ ‘ਤੇ ਇਹ ਮਾਮਲਾ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਕੋਲ ਉਠਾਇਆ ਹੈ। ਅਸੀਂ ਇਹ ਫੈਸਲਾ ਵਧਦੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਹੈ। ਬੋਰਡ ਵਾਤਾਵਰਣ ਸੰਬੰਧੀ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮੁੰਬਈ ਹਾਈ ਕੋਰਟ ਨੇ ਮੁੰਬਈ ‘ਚ ਹਵਾ ਦੀ ਵਿਗੜਦੀ ਗੁਣਵੱਤਾ ‘ਤੇ ਚਿੰਤਾ ਜ਼ਾਹਰ ਕੀਤੀ ਸੀ।

ਮੁੰਬਈ ਹਾਈ ਕੋਰਟ ਨੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਮਹਾਰਾਸ਼ਟਰ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਬੋਰਡ ਤੋਂ ਜਵਾਬ ਮੰਗਿਆ ਸੀ। ਜੈ ਸ਼ਾਹ ਨੇ ਕਿਹਾ ਕਿ ਬੀਸੀਸੀਆਈ ਮੁੰਬਈ ਅਤੇ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਨੂੰ ਲੈ ਕੇ ਲੋਕਾਂ ਦੀਆਂ ਚਿੰਤਾਵਾਂ ਤੋਂ ਜਾਣੂ ਹੈ। ਅਸੀਂ ICC ਵਿਸ਼ਵ ਕੱਪ ਦੀ ਮੇਜ਼ਬਾਨੀ ਇਸ ਤਰੀਕੇ ਨਾਲ ਕਰਨਾ ਚਾਹੁੰਦੇ ਹਾਂ ਕਿ ਕ੍ਰਿਕਟ ਦਾ ਜਸ਼ਨ ਮਨਾਇਆ ਜਾਵੇ, ਪਰ ਸਾਡੇ ਸਾਰੇ ਹਿੱਸੇਦਾਰਾਂ ਦੀ ਸਿਹਤ ਅਤੇ ਸੁਰੱਖਿਆ ਸਾਡੀ ਤਰਜੀਹ ਬਣੀ ਹੋਈ ਹੈ। ਅਸੀਂ ਇਸਨੂੰ ਬਰਕਰਾਰ ਰੱਖਣ ਲਈ ਵਚਨਬੱਧ ਹਾਂ।

ਜੈ ਸ਼ਾਹ ਨੇ ਕਿਹਾ, BCCI ਵਾਤਾਵਰਣ ਸੰਬੰਧੀ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਮੈਂ ਰਸਮੀ ਤੌਰ ‘ਤੇ ਇਸ ਮੁੱਦੇ ਨੂੰ ਆਈਸੀਸੀ ਕੋਲ ਉਠਾਇਆ ਸੀ। ਮੁੰਬਈ ‘ਚ ਪਟਾਕੇ ਨਹੀਂ ਚਲਾਏ ਜਾਣਗੇ, ਤਾਂ ਜੋ ਪ੍ਰਦੂਸ਼ਣ ਨਾ ਵਧੇ। ਇੱਕ ਸੈਮੀਫਾਈਨਲ ਸਮੇਤ ਤਿੰਨ ਮੈਚ ਮੁੰਬਈ ਵਿੱਚ ਹੋਣੇ ਹਨ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ 2 ਨਵੰਬਰ ਨੂੰ ਮੈਚ ਹੈ। ਇਸ ਤੋਂ ਬਾਅਦ 7 ਨਵੰਬਰ ਨੂੰ ਆਸਟ੍ਰੇਲੀਆ ਅਤੇ ਅਫਗਾਨਿਸਤਾਨ ਵਿਚਾਲੇ ਮੈਚ ਹੋਣਾ ਹੈ। ਜਦਕਿ ਸੈਮੀਫਾਈਨਲ 15 ਨਵੰਬਰ ਨੂੰ ਹੈ।

ਇਸ ਦੇ ਨਾਲ ਹੀ ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚਾਲੇ 6 ਨਵੰਬਰ ਨੂੰ ਦਿੱਲੀ ‘ਚ ਮੈਚ ਹੋਣਾ ਬਾਕੀ ਹੈ। ਦਿੱਲੀ ‘ਚ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਇਸ ਦਾ ਸਭ ਤੋਂ ਵੱਧ ਅਸਰ ਸਕੂਲੀ ਬੱਚਿਆਂ ‘ਤੇ ਪੈ ਰਿਹਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਸਾਲ ਅਕਤੂਬਰ ਵਿੱਚ ਦਿੱਲੀ ਦਾ AQI (ਏਅਰ ਕੁਆਲਿਟੀ ਇੰਡੈਕਸ) 2020 ਤੋਂ ਬਾਅਦ ਸਭ ਤੋਂ ਖਰਾਬ ਰਿਕਾਰਡ ਕੀਤਾ ਗਿਆ ਹੈ। ਅਕਤੂਬਰ 2021 ਵਿੱਚ, AQI 173 ਸੀ ਅਤੇ ਅਕਤੂਬਰ 2022 ਵਿੱਚ, ਦਿੱਲੀ ਦਾ AQI 210 ਦਰਜ ਕੀਤਾ ਗਿਆ ਸੀ। ਅਕਤੂਬਰ 2023 ਵਿੱਚ ਦਿੱਲੀ ਦਾ AQI 341 ਦਰਜ ਕੀਤਾ ਗਿਆ ਹੈ।