ਪਾਕਿਸਤਾਨ ‘ਚ ਪੈਟਰੋਲ 289 ਰੁਪਏ ਪ੍ਰਤੀ ਲੀਟਰ : ਸ਼ਾਹਬਾਜ਼ ਸਰਕਾਰ ਨੇ ਕਿਹਾ ਇਸ ਵਾਧੇ ਦਾ ਕਾਰਨ ਕੌਮਾਂਤਰੀ ਪੱਧਰ ‘ਤੇ ਕੀਮਤਾਂ ‘ਚ ਵਾਧਾ ਹੋਣਾ ਹੈ

ਪਾਕਿਸਤਾਨ ‘ਚ ਪੈਟਰੋਲ 289 ਰੁਪਏ ਪ੍ਰਤੀ ਲੀਟਰ : ਸ਼ਾਹਬਾਜ਼ ਸਰਕਾਰ ਨੇ ਕਿਹਾ ਇਸ ਵਾਧੇ ਦਾ ਕਾਰਨ ਕੌਮਾਂਤਰੀ ਪੱਧਰ ‘ਤੇ ਕੀਮਤਾਂ ‘ਚ ਵਾਧਾ ਹੋਣਾ ਹੈ

ਪੈਟਰੋਲ ਦੀ ਵਰਤੋਂ ਜ਼ਿਆਦਾਤਰ ਪ੍ਰਾਈਵੇਟ ਟਰਾਂਸਪੋਰਟ ਅਤੇ ਛੋਟੇ ਵਾਹਨਾਂ ਲਈ ਕੀਤੀ ਜਾਂਦੀ ਹੈ। ਇਸ ਕਾਰਨ ਕੀਮਤਾਂ ‘ਚ ਵਾਧੇ ਦਾ ਸਿੱਧਾ ਅਸਰ ਪਾਕਿਸਤਾਨ ਦੇ ਮੱਧ ਵਰਗ ਅਤੇ ਹੇਠਲੇ ਵਰਗ ਦੇ ਲੋਕਾਂ ‘ਤੇ ਪਵੇਗਾ।

ਪਾਕਿਸਤਾਨ ਦੀ ਕੰਗਾਲੀ ਦਾ ਦੌਰ ਲਗਾਤਾਰ ਜਾਰੀ ਹੈ । ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ‘ਚ ਭਾਰੀ ਵਾਧਾ ਕੀਤਾ ਹੈ। ਪਾਕਿਸਤਾਨੀ ਪੈਟਰੋਲ ਦੀ ਕੀਮਤ 9.66 ਰੁਪਏ ਵਧ ਕੇ 289.41 ਰੁਪਏ ਹੋ ਗਈ ਹੈ। ਜਦੋਂ ਕਿ ਹਾਈ ਸਪੀਡ ਡੀਜ਼ਲ 3.32 ਰੁਪਏ ਘਟ ਕੇ 282.24 ਪਾਕਿਸਤਾਨੀ ਰੁਪਏ ਹੋ ਗਿਆ ਹੈ। ਨਵੀਆਂ ਦਰਾਂ ਵੀ ਲਾਗੂ ਕਰ ਦਿੱਤੀਆਂ ਗਈਆਂ ਹਨ।

ਪਾਕਿਸਤਾਨੀ ਮੀਡੀਆ ‘ਦਿ ਡਾਨ’ ਮੁਤਾਬਕ ਸਰਕਾਰ ਨੇ ਕਿਹਾ ਹੈ ਕਿ ਦੇਸ਼ ‘ਚ ਪੈਟਰੋਲ ਦੀਆਂ ਕੀਮਤਾਂ ਵਧਣ ਦਾ ਕਾਰਨ ਕੌਮਾਂਤਰੀ ਪੱਧਰ ‘ਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਹਨ। ਦਰਅਸਲ, ਸਰਕਾਰ ਹਰ 15 ਦਿਨਾਂ ਬਾਅਦ ਈਂਧਨ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ ਅਤੇ ਗਲੋਬਲ ਤੇਲ ਦੀਆਂ ਕੀਮਤਾਂ ਅਤੇ ਸਥਾਨਕ ਮੁਦਰਾ ਵਟਾਂਦਰਾ ਦਰਾਂ ਵਿੱਚ ਉਤਰਾਅ-ਚੜ੍ਹਾਅ ਦੇ ਆਧਾਰ ‘ਤੇ ਉਨ੍ਹਾਂ ਨੂੰ ਵਧਾਉਂਦੀ ਜਾਂ ਘਟਾਉਂਦੀ ਹੈ। ਸਰਕਾਰ ਨੇ 16 ਮਾਰਚ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ।

ਪੈਟਰੋਲ ਦੀ ਕੀਮਤ ਪ੍ਰਤੀ ਲੀਟਰ 279.75 ਰੁਪਏ ਅਤੇ ਇੱਕ ਲੀਟਰ ਡੀਜ਼ਲ ਦੀ ਕੀਮਤ 285.56 ਰੁਪਏ ਸੀ। ਭਾਵ 15 ਦਿਨਾਂ ‘ਚ ਪੈਟਰੋਲ ਦੀਆਂ ਕੀਮਤਾਂ ‘ਚ ਕਰੀਬ 9 ਰੁਪਏ ਦਾ ਵਾਧਾ ਹੋਇਆ ਹੈ। ਪੈਟਰੋਲ ਦੀ ਵਰਤੋਂ ਜ਼ਿਆਦਾਤਰ ਪ੍ਰਾਈਵੇਟ ਟਰਾਂਸਪੋਰਟ ਅਤੇ ਛੋਟੇ ਵਾਹਨਾਂ ਲਈ ਕੀਤੀ ਜਾਂਦੀ ਹੈ। ਇਸ ਕਾਰਨ ਕੀਮਤਾਂ ‘ਚ ਵਾਧੇ ਦਾ ਸਿੱਧਾ ਅਸਰ ਪਾਕਿਸਤਾਨ ਦੇ ਮੱਧ ਵਰਗ ਅਤੇ ਹੇਠਲੇ ਵਰਗ ਦੇ ਲੋਕਾਂ ‘ਤੇ ਪਵੇਗਾ। ਇਸ ਦੇ ਨਾਲ ਹੀ ਟਰਾਂਸਪੋਰਟ, ਟਰੇਨਾਂ, ਟਰੱਕਾਂ, ਬੱਸਾਂ ਵਿੱਚ ਵਰਤੇ ਜਾਣ ਵਾਲੇ ਵਾਹਨਾਂ ਵਿੱਚ ਡੀਜ਼ਲ ਦੀ ਵਰਤੋਂ ਕੀਤੀ ਜਾਂਦੀ ਹੈ।

ਟਰਾਂਸਪੋਰਟ ਲਾਗਤ ਵਿੱਚ ਇਸ ਵਾਧੇ ਕਾਰਨ ਹੋਰ ਵਸਤਾਂ ਦੀਆਂ ਕੀਮਤਾਂ ਵੀ ਵਧਣਗੀਆਂ। ਇਸ ਦਾ ਖਮਿਆਜ਼ਾ ਮੱਧ ਅਤੇ ਹੇਠਲੇ ਵਰਗ ਨੂੰ ਵੀ ਭੁਗਤਣਾ ਪਵੇਗਾ। ਪਾਕਿਸਤਾਨੀ ਮੀਡੀਆ ‘ਦਿ ਡਾਨ’ ਮੁਤਾਬਕ ਸਰਕਾਰ ਪੈਟਰੋਲ ਅਤੇ ਡੀਜ਼ਲ ‘ਤੇ ਪ੍ਰਤੀ ਲੀਟਰ 60 ਰੁਪਏ ਟੈਕਸ ਵਸੂਲ ਰਹੀ ਹੈ। ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨਾਲ ਹੋਏ ਸਮਝੌਤੇ ਤਹਿਤ ਸਰਕਾਰ ਨੇ ਚਾਲੂ ਵਿੱਤੀ ਸਾਲ ਦੌਰਾਨ 869 ਅਰਬ ਰੁਪਏ ਦਾ ਟੈਕਸ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ। ਪਹਿਲੀ ਛਿਮਾਹੀ (ਜੁਲਾਈ-ਦਸੰਬਰ) ਵਿੱਚ ਲਗਭਗ 475 ਬਿਲੀਅਨ ਰੁਪਏ ਜਮ੍ਹਾ ਕੀਤੇ ਗਏ ਹਨ ਅਤੇ ਵਿੱਤੀ ਸਾਲ ਦੇ ਅੰਤ ਤੱਕ ਲਗਭਗ 970 ਅਰਬ ਰੁਪਏ ਜਮ੍ਹਾਂ ਹੋਣ ਦੀ ਉਮੀਦ ਹੈ।