- ਅੰਤਰਰਾਸ਼ਟਰੀ
- No Comment
ਪੀਐਮ ਨਰਿੰਦਰ ਮੋਦੀ ਦਾ ਯੂਕਰੇਨ ਦੌਰਾ, ਦੋ ਸਾਲਾਂ ਵਿੱਚ ਤੀਜੀ ਵਾਰ ਜ਼ੇਲੇਂਸਕੀ ਨੂੰ ਮਿਲਣਗੇ, 30 ਸਾਲਾਂ ਵਿੱਚ ਯੂਕਰੇਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ
ਰੂਸ ਦੇ ਦੌਰੇ ਦੌਰਾਨ ਵੀ ਪੀਐਮ ਮੋਦੀ ਨੇ ਗੱਲਬਾਤ ਰਾਹੀਂ ਯੂਕਰੇਨ ਯੁੱਧ ਦਾ ਹੱਲ ਕੱਢਣ ਲਈ ਕਿਹਾ ਸੀ। ਉਨ੍ਹਾਂ ਪੁਤਿਨ ਨੂੰ ਕਿਹਾ ਸੀ ਕਿ ਭਾਰਤ ਸ਼ਾਂਤੀ ਬਹਾਲੀ ਲਈ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਮੋਦੀ ਅੱਜ ਪੋਲੈਂਡ ਦੋ ਬਾਅਦ ਯੂਕਰੇਨ ਦੇ ਦੌਰੇ ‘ਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਦੇ ਢਾਈ ਸਾਲ ਬਾਅਦ ਅੱਜ ਯੂਕਰੇਨ ਜਾ ਰਹੇ ਹਨ। ਉਹ ਪੋਲੈਂਡ ਤੋਂ 10 ਘੰਟੇ ਦੀ ਰੇਲ ਯਾਤਰਾ ਤੋਂ ਬਾਅਦ ਯੂਕਰੇਨ ਪਹੁੰਚਣਗੇ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ 7 ਘੰਟੇ ਬਿਤਾਉਣਗੇ। ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਪ੍ਰਧਾਨ ਮੰਤਰੀ ਯੂਕਰੇਨ ਦਾ ਦੌਰਾ ਕਰ ਰਹੇ ਹਨ।
1991 ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਯੂਕਰੇਨ ਦੀ ਸਥਾਪਨਾ ਤੋਂ ਬਾਅਦ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਨੇ ਯੂਕਰੇਨ ਦਾ ਦੌਰਾ ਨਹੀਂ ਕੀਤਾ ਸੀ। ਪੀਐਮ ਮੋਦੀ ਦਾ ਇਹ ਦੌਰਾ ਇਸ ਲਈ ਵੀ ਖਾਸ ਹੈ ਕਿਉਂਕਿ 24 ਫਰਵਰੀ 2022 ਨੂੰ ਰੂਸ ਨੇ ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ ਨਾਟੋ ਦੇਸ਼ਾਂ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨੇਤਾ ਨੇ ਯੂਕਰੇਨ ਦਾ ਦੌਰਾ ਨਹੀਂ ਕੀਤਾ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕੁਝ ਮਹੀਨੇ ਪਹਿਲਾਂ ਪੀਐਮ ਮੋਦੀ ਨੂੰ ਯੂਕਰੇਨ ਆਉਣ ਦਾ ਸੱਦਾ ਦਿੱਤਾ ਸੀ। ਇਸ ਤੋਂ ਪਹਿਲਾਂ, ਮਈ 2023 ਵਿੱਚ ਜਾਪਾਨ ਵਿੱਚ ਜੀ-7 ਸੰਮੇਲਨ ਦੌਰਾਨ ਜੰਗ ਤੋਂ ਬਾਅਦ ਮੋਦੀ ਅਤੇ ਜ਼ੇਲੇਂਸਕੀ ਪਹਿਲੀ ਵਾਰ ਮਿਲੇ ਸਨ।
ਯੂਕਰੇਨ ਦੇ ਦੌਰੇ ਤੋਂ ਪਹਿਲਾਂ, ਪੀਐਮ ਮੋਦੀ 21 ਅਤੇ 22 ਅਗਸਤ ਨੂੰ ਪੋਲੈਂਡ ਦੇ 2 ਦਿਨਾਂ ਦੌਰੇ ‘ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਵੀਰਵਾਰ ਨੂੰ ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨਾਲ ਦੋ-ਪੱਖੀ ਬੈਠਕ ਵੀ ਕੀਤੀ। ਮੀਟਿੰਗ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਯੂਕਰੇਨ ਸੰਕਟ ਦਾ ਹੱਲ ਜੰਗ ਦੇ ਮੈਦਾਨ ਵਿੱਚ ਨਹੀਂ ਲੱਭਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਕਟ ਵਿੱਚ ਬੇਕਸੂਰ ਜਾਨਾਂ ਦਾ ਨੁਕਸਾਨ ਮਨੁੱਖਤਾ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ। ਪੀਐਮ ਮੋਦੀ ਨੇ ਗੱਲਬਾਤ ਅਤੇ ਕੂਟਨੀਤੀ ਰਾਹੀਂ ਯੂਕਰੇਨ ਸੰਕਟ ਦਾ ਹੱਲ ਲੱਭਣ ਦੀ ਗੱਲ ਕੀਤੀ। ਇਸ ਤੋਂ ਪਹਿਲਾਂ ਜੁਲਾਈ ‘ਚ ਰੂਸ ਦੇ ਦੌਰੇ ਦੌਰਾਨ ਮੋਦੀ ਨੇ ਵੀ ਗੱਲਬਾਤ ਰਾਹੀਂ ਯੂਕਰੇਨ ਯੁੱਧ ਦਾ ਹੱਲ ਕੱਢਣ ਲਈ ਕਿਹਾ ਸੀ। ਉਨ੍ਹਾਂ ਪੁਤਿਨ ਨੂੰ ਕਿਹਾ ਸੀ ਕਿ ਭਾਰਤ ਸ਼ਾਂਤੀ ਬਹਾਲੀ ਲਈ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ।