ਪੰਜਾਬ ਕਾਂਗਰਸ ਦੀ ਹਾਈਕਮਾਂਡ ਨਾਲ ਅੱਜ ਮੀਟਿੰਗ : ‘ਆਪ’ ਨਾਲ ਗਠਜੋੜ ‘ਤੇ ਹੋਵੇਗੀ ਚਰਚਾ, ਸਿੱਧੂ ਦਾ ਮਾਮਲਾ ਵੀ ਵਿਚਾਰਿਆ ਜਾਵੇਗਾ

ਪੰਜਾਬ ਕਾਂਗਰਸ ਦੀ ਹਾਈਕਮਾਂਡ ਨਾਲ ਅੱਜ ਮੀਟਿੰਗ : ‘ਆਪ’ ਨਾਲ ਗਠਜੋੜ ‘ਤੇ ਹੋਵੇਗੀ ਚਰਚਾ, ਸਿੱਧੂ ਦਾ ਮਾਮਲਾ ਵੀ ਵਿਚਾਰਿਆ ਜਾਵੇਗਾ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਖੇਮੇ ਵਿੱਚ ਜਿਸ ਤਰ੍ਹਾਂ ਖੁੱਲ੍ਹਾ ਵਿਵਾਦ ਚੱਲ ਰਿਹਾ ਹੈ, ਉਹ ਮੁੱਦਾ ਵੀ ਇਸ ਮੀਟਿੰਗ ਵਿੱਚ ਉਠਾਇਆ ਜਾਵੇਗਾ।

ਪੰਜਾਬ ਕਾਂਗਰਸ ਨੂੰ 2022 ਵਿਧਾਨਸਭਾ ਚੋਣਾਂ ‘ਚ ਆਪਸੀ ਮਤਭੇਦਾਂ ਨੇ ਕਾਫੀ ਨੁਕਸਾਨ ਪਹੁੰਚਾਇਆ ਸੀ। ਅੱਜ ਪਾਰਟੀ ਹਾਈਕਮਾਂਡ ਨਾਲ ਪੰਜਾਬ ਕਾਂਗਰਸ ਦੀ ਅਹਿਮ ਮੀਟਿੰਗ ਹੋਵੇਗੀ। ਬੈਠਕ ‘ਚ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਹੋਵੇਗੀ। ਇਸਦੇ ਨਾਲ ਹੀ ਪੰਜਾਬ ਵਿੱਚ I.N.D.I.A ਦੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣ ਲੜਨ ਦੀ ਰਣਨੀਤੀ ਵੀ ਬਣਾਈ ਜਾਵੇਗੀ।

ਇਸ ਬੈਠਕ ‘ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਇੰਚਾਰਜ ਦੇਵੇਂਦਰ ਯਾਦਵ ਵੀ ਸ਼ਾਮਲ ਹੋਣਗੇ। ਹਾਲਾਂਕਿ ਇਸ ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਨੇ ਕਰੀਬ 23 ਰਾਜਾਂ ਦੇ ਕਾਂਗਰਸੀ ਸੰਗਠਨ ਆਗੂਆਂ ਦੀਆਂ ਮੀਟਿੰਗਾਂ ਕੀਤੀਆਂ ਸਨ ਅਤੇ ਇਸ ਮੀਟਿੰਗ ਨੂੰ ਵੀ ਇਸੇ ਸੰਦਰਭ ਵਿੱਚ ਦੇਖਿਆ ਜਾ ਰਿਹਾ ਹੈ।

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕਾਂਗਰਸ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਖੇਮੇ ਵਿੱਚ ਜਿਸ ਤਰ੍ਹਾਂ ਖੁੱਲ੍ਹਾ ਵਿਵਾਦ ਚੱਲ ਰਿਹਾ ਹੈ, ਉਹ ਮੁੱਦਾ ਵੀ ਇਸ ਮੀਟਿੰਗ ਵਿੱਚ ਉਠਾਇਆ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ I.N.D.I.A ਗਠਜੋੜ ਵਿੱਚ ਸ਼ਾਮਲ ਹੋਣ ਤੋਂ ਸਿੱਧੇ ਇਨਕਾਰ ਦੇ ਮੱਦੇਨਜ਼ਰ ਇਸ ਮੀਟਿੰਗ ਵਿੱਚ ਗੱਠਜੋੜ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀ ਟੀਮ ਮੁਤਾਬਕ ਮੰਗਲਵਾਰ ਨੂੰ ਹੋਣ ਵਾਲੀ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਹੁਣ ਤੱਕ ਸਿੱਧੂ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ ਹੈ।

ਦੂਜੇ ਪਾਸੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦਿੱਲੀ ਵਿੱਚ I.N.D.I.A ਗਠਜੋੜ ਦੀ ਮੀਟਿੰਗ ਵਿੱਚ ਨਾਰਾਜ਼ਗੀ ਦੀਆਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਨਿਤੀਸ਼ ਨੇ ਸਪੱਸ਼ਟ ਕੀਤਾ ਹੈ ਕਿ ਉਹ ਸ਼ੁਰੂ ਤੋਂ ਹੀ ਆਪਣੇ ਸਟੈਂਡ ‘ਤੇ ਕਾਇਮ ਹੈ। ਉਨ੍ਹਾਂ ਕਿਹਾ, ਮੈਂ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਚਾਹੁੰਦਾ। ਮੈਂ ਸਿਰਫ ਅਗਲੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਪਹਿਲ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਕੋਆਰਡੀਨੇਟਰ ਬਣਾਉਣ ਦੀ ਗੱਲ ਚੱਲ ਰਹੀ ਸੀ, ਪਰ ਮੈਂ ਖੁਦ ਇਨਕਾਰ ਕਰ ਦਿੱਤਾ।