ਨਵਜੋਤ ਸਿੱਧੂ ਦਾ ਸਮਰਥਨ ਕਰਨ ਵਾਲਿਆਂ ਨੂੰ ਨੋਟਿਸ ਨੇ ਵਧਾਇਆ ਗੁੱਸਾ, ਨਾਰਾਜ਼ ਆਗੂ ਰਾਜਾ ਵੜਿੰਗ ਦੇ ਹੋਏ ਖਿਲਾਫ

ਨਵਜੋਤ ਸਿੱਧੂ ਦਾ ਸਮਰਥਨ ਕਰਨ ਵਾਲਿਆਂ ਨੂੰ ਨੋਟਿਸ ਨੇ ਵਧਾਇਆ ਗੁੱਸਾ, ਨਾਰਾਜ਼ ਆਗੂ ਰਾਜਾ ਵੜਿੰਗ ਦੇ ਹੋਏ ਖਿਲਾਫ

21 ਜਨਵਰੀ ਨੂੰ ਮੋਗਾ ‘ਚ ਸਿੱਧੂ ਦੀ ਰੈਲੀ ਤੋਂ ਨਾਰਾਜ਼ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਿੰਨ ਆਗੂਆਂ ਮਹੇਸ਼ ਇੰਦਰਾ ਸਿੰਘ, ਧਰਮਪਾਲ ਅਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ, ਜਿਸ ਨਾਲ ਮਾਹੌਲ ਵੀ ਗਰਮ ਹੋ ਗਿਆ ਹੈ।

ਨਵਜੋਤ ਸਿੱਧੂ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਿਚਾਲੇ ਅਣਬਣ ਵਧਦੀ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸੂਬਾ ਇਕਾਈ ਨੂੰ ਭਰੋਸੇ ਵਿੱਚ ਲਏ ਬਿਨਾਂ ਸੂਬੇ ਭਰ ਵਿੱਚ ਕੀਤੀਆਂ ਜਾ ਰਹੀਆਂ ਰੈਲੀਆਂ ਨੇ ਪਾਰਟੀ ਵਿੱਚ ਵਿਵਾਦ ਹੋਰ ਵਧਾ ਦਿੱਤਾ ਹੈ। 21 ਜਨਵਰੀ ਨੂੰ ਮੋਗਾ ‘ਚ ਸਿੱਧੂ ਦੀ ਰੈਲੀ ਤੋਂ ਨਾਰਾਜ਼ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਿੰਨ ਆਗੂਆਂ ਮਹੇਸ਼ ਇੰਦਰਾ ਸਿੰਘ, ਉਨ੍ਹਾਂ ਦੇ ਪੁੱਤਰ ਧਰਮਪਾਲ ਅਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ, ਜਿਸ ਨਾਲ ਮਾਹੌਲ ਵੀ ਗਰਮ ਹੋ ਗਿਆ ਹੈ।

ਮੋਗਾ ‘ਚ ਸਿੱਧੂ ਦੀ ਰੈਲੀ ਦੀ ਮੇਜ਼ਬਾਨੀ ਮਹੇਸ਼ ਇੰਦਰਾ ਨੇ ਕੀਤੀ ਸੀ, ਹੁਣ ਨੋਟਿਸ ਤੋਂ ਨਾਰਾਜ਼ ਦਰਸ਼ਨ ਸਿੰਘ ਬਰਾੜ ਨੇ ਸਿੱਧੂ ਦੀ ਰੈਲੀ ਆਪਣੇ ਹਲਕੇ ਬਾਘਾਪੁਰਾਣਾ ‘ਚ ਕਰਨ ਦਾ ਐਲਾਨ ਕਰ ਦਿੱਤਾ ਹੈ। ਮੰਗਲਵਾਰ ਨੂੰ ਮਹੇਸ਼ ਇੰਦਰਾ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਪਾਰਟੀ ਮੁਖੀ ਨੂੰ ਨੋਟਿਸ ਦਾ ਜਵਾਬ ਦੇਣਗੇ। ਉਂਜ ਉਨ੍ਹਾਂ ਨੋਟਿਸ ’ਤੇ ਇਤਰਾਜ਼ ਜਤਾਉਂਦਿਆਂ ਦੋਸ਼ ਲਾਇਆ ਕਿ ਰੈਲੀ ਨਵਜੋਤ ਸਿੱਧੂ ਦੀ ਸੀ ਅਤੇ ਨੋਟਿਸ ਸਿਰਫ਼ ਉਨ੍ਹਾਂ ਨੂੰ ਹੀ ਭੇਜਿਆ ਗਿਆ ਸੀ, ਜਦੋਂਕਿ ਰੈਲੀ ਵਿੱਚ ਮੌਜੂਦ ਕਿਸੇ ਹੋਰ ਆਗੂ ਨੂੰ ਨੋਟਿਸ ਨਹੀਂ ਭੇਜਿਆ ਗਿਆ।

ਜਿਕਰਯੋਗ ਹੈ ਕਿ ਜਦੋਂ ਨਵਜੋਤ ਸਿੱਧੂ ਨੇ ਆਪਣੀ ਮੋਗਾ ਰੈਲੀ ਦਾ ਐਲਾਨ ਕੀਤਾ ਸੀ ਤਾਂ ਪਾਰਟੀ ਦੇ ਸੂਬਾ ਇੰਚਾਰਜ ਦੇਵੇਂਦਰ ਯਾਦਵ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਮਿਲਣ ਲਈ ਚੰਡੀਗੜ੍ਹ ਪੁੱਜੇ ਹੋਏ ਸਨ। ਯਾਦਵ ਦੇ ਤਿੰਨ ਦਿਨਾਂ ਦੌਰੇ ਦੌਰਾਨ ਬੀਤੇ ਦਿਨ ਸਿੱਧੂ ਉਨ੍ਹਾਂ ਨੂੰ ਮਿਲਣ ਲਈ ਚੰਡੀਗੜ੍ਹ ਪੁੱਜੇ ਸਨ, ਜਦਕਿ ਯਾਦਵ ਨੇ ਪਹਿਲੇ ਦਿਨ ਹੀ ਸਿੱਧੂ ਨੂੰ ਸੂਬੇ ਦੇ ਸਾਰੇ ਸੀਨੀਅਰ ਆਗੂਆਂ ਨਾਲ ਮੀਟਿੰਗ ਲਈ ਬੁਲਾਇਆ ਸੀ।

ਉਸ ਸਮੇਂ ਰਾਜਾ ਵੜਿੰਗ ਨੇ ਸਿੱਧੂ ਦੀ ਰੈਲੀ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਸਿੱਧੂ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲੇ ਆਗੂਆਂ ਖਿਲਾਫ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਸਨ। ਇਸ ਦੌਰਾਨ ਦਰਸ਼ਨ ਸਿੰਘ ਬਰਾੜ ਨੇ ਨੋਟਿਸ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਸਿੱਧੂ ਦੀ ਨਵੀਂ ਰੈਲੀ ਕਰਨ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਬਰਾੜ ਨੇ ਰਾਜਾ ਵੜਿੰਗ ਨੂੰ ਕਾਰਵਾਈ ਕਰਨ ਦੀ ਖੁੱਲ੍ਹੀ ਚੁਣੌਤੀ ਦਿੱਤੀ ਹੈ। ਹਾਲਾਂਕਿ ਰਾਜਾ ਵੜਿੰਗ ਨੇ ਇਸ ਮਾਮਲੇ ਨੂੰ ਵੱਕਾਰ ਦਾ ਸਵਾਲ ਵੀ ਬਣਾ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਜੋ ਵੀ ਕੋਈ ਗਲਤੀ ਕਰੇਗਾ, ਉਸ ਨੂੰ ਪਾਰਟੀ ‘ਚੋਂ ਬਾਹਰ ਕੱਢ ਦਿੱਤਾ ਜਾਵੇਗਾ। ਇਸ ਲਈ ਨੋਟਿਸ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਵਿੱਚ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ।