Sahara Group : ਸਹਾਰਾ ਦੇ ਨਿਵੇਸ਼ਕਾਂ ਨੂੰ ਪੈਸਾ ਵਾਪਸ ਕਰਨ ਲਈ ਰਿਫੰਡ ਪੋਰਟਲ ਲਾਂਚ , ਅਮਿਤ ਸ਼ਾਹ ਨੇ ਦੱਸਿਆ ਇਤਿਹਾਸਕ ਪਲ

Sahara Group : ਸਹਾਰਾ ਦੇ ਨਿਵੇਸ਼ਕਾਂ ਨੂੰ ਪੈਸਾ ਵਾਪਸ ਕਰਨ ਲਈ ਰਿਫੰਡ ਪੋਰਟਲ ਲਾਂਚ , ਅਮਿਤ ਸ਼ਾਹ ਨੇ ਦੱਸਿਆ ਇਤਿਹਾਸਕ ਪਲ

ਗ੍ਰਹਿ ਮੰਤਰੀ ਨੇ ਜਮ੍ਹਾਕਰਤਾਵਾਂ ਨੂੰ ਭਰੋਸਾ ਦਿਵਾਇਆ ਕਿ ਹੁਣ ਕੋਈ ਵੀ ਉਨ੍ਹਾਂ ਦੇ ਪੈਸੇ ਨੂੰ ਨਹੀਂ ਰੋਕ ਸਕਦਾ ਅਤੇ ਪੋਰਟਲ ‘ਤੇ ਰਜਿਸਟਰ ਹੋਣ ਦੇ 45 ਦਿਨਾਂ ਦੇ ਅੰਦਰ ਉਨ੍ਹਾਂ ਨੂੰ ਰਿਫੰਡ ਮਿਲ ਜਾਵੇਗਾ।


18 ਜੁਲਾਈ, 2023 ਸਹਾਰਾ ਇੰਡੀਆ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਲਈ ਇੱਕ ਬਹੁਤ ਹੀ ਖਾਸ ਦਿਨ ਹੈ, ਜਿਨ੍ਹਾਂ ਦੀ ਮਿਹਨਤ ਦੀ ਕਮਾਈ ਪਿਛਲੇ ਸਾਲਾਂ ਵਿੱਚ ਡੁੱਬ ਗਈ ਸੀ। ਅਮਿਤ ਸ਼ਾਹ ਨੇ ਮੰਗਲਵਾਰ ਨੂੰ ‘CRCS-ਸਹਾਰਾ ਰਿਫੰਡ ਪੋਰਟਲ’ ਲਾਂਚ ਕੀਤਾ। ਇਸ ਪੋਰਟਲ ਦਾ ਉਦੇਸ਼ ਸਹਾਰਾ ਸਮੂਹ ਦੀਆਂ ਚਾਰ ਸਹਿਕਾਰੀ ਸਭਾਵਾਂ ਵਿੱਚ ਜਮ੍ਹਾ ਲੋਕਾਂ ਦੀ ਕਰੋੜਾਂ ਦੀ ਮਿਹਨਤ ਦੀ ਕਮਾਈ ਨੂੰ ਕਰੀਬ 45 ਦਿਨਾਂ ਵਿੱਚ ਵਾਪਸ ਕਰਨਾ ਹੈ।

ਇਸਨੂੰ ਇਤਿਹਾਸਕ ਪਲ ਦੱਸਦੇ ਹੋਏ ਸ਼ਾਹ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ, ਜਦੋਂ ਜਮ੍ਹਾਂਕਰਤਾਵਾਂ ਨੂੰ ਅਜਿਹੇ ਕੇਸ ਵਿੱਚ ਆਪਣਾ ਪੈਸਾ ਵਾਪਸ ਮਿਲ ਰਿਹਾ ਹੈ, ਜਿੱਥੇ ਕਈ ਸਰਕਾਰੀ ਏਜੰਸੀਆਂ ਸ਼ਾਮਲ ਹਨ ਅਤੇ ਹਰੇਕ ਨੇ ਜਾਇਦਾਦ ਕੁਰਕ ਕੀਤੀ ਹੈ। ਗ੍ਰਹਿ ਮੰਤਰੀ ਨੇ ਜਮ੍ਹਾਕਰਤਾਵਾਂ ਨੂੰ ਭਰੋਸਾ ਦਿਵਾਇਆ ਕਿ ਹੁਣ ਕੋਈ ਵੀ ਉਨ੍ਹਾਂ ਦੇ ਪੈਸੇ ਨੂੰ ਨਹੀਂ ਰੋਕ ਸਕਦਾ ਅਤੇ ਪੋਰਟਲ ‘ਤੇ ਰਜਿਸਟਰ ਹੋਣ ਦੇ 45 ਦਿਨਾਂ ਦੇ ਅੰਦਰ ਉਨ੍ਹਾਂ ਨੂੰ ਰਿਫੰਡ ਮਿਲ ਜਾਵੇਗਾ। ਸਰਕਾਰ ਨੇ 29 ਮਾਰਚ ਨੂੰ ਕਿਹਾ ਸੀ ਕਿ ਚਾਰ ਸਹਿਕਾਰੀ ਸੰਸਥਾਵਾਂ ਦੇ 10 ਕਰੋੜ ਨਿਵੇਸ਼ਕਾਂ ਨੂੰ ਨੌਂ ਮਹੀਨਿਆਂ ਦੇ ਅੰਦਰ ਉਨ੍ਹਾਂ ਦੇ ਪੈਸੇ ਵਾਪਸ ਮਿਲ ਜਾਣਗੇ।

ਇਹ ਘੋਸ਼ਣਾ ਸੁਪਰੀਮ ਕੋਰਟ ਵੱਲੋਂ ਸਹਾਰਾ-ਸੇਬੀ ਰਿਫੰਡ ਖਾਤੇ ਤੋਂ ਕੇਂਦਰੀ ਰਜਿਸਟਰਾਰ ਆਫ ਕੋਆਪਰੇਟਿਵ ਸੋਸਾਇਟੀਜ਼ (CRCS) ਨੂੰ 5,000 ਕਰੋੜ ਰੁਪਏ ਟਰਾਂਸਫਰ ਕਰਨ ਦੇ ਹੁਕਮਾਂ ਤੋਂ ਬਾਅਦ ਆਈ ਹੈ। ਸ਼ਾਹ ਨੇ ਕਿਹਾ ਕਿ ਸ਼ੁਰੂਆਤੀ ਤੌਰ ‘ਤੇ ਜਮ੍ਹਾਂਕਰਤਾਵਾਂ ਨੂੰ 10,000 ਰੁਪਏ ਤੱਕ ਦਾ ਰਿਫੰਡ ਮਿਲੇਗਾ। ਬਾਅਦ ਵਿੱਚ ਉਨ੍ਹਾਂ ਲਈ ਰਾਸ਼ੀ ਵਧਾਈ ਜਾਵੇਗੀ ,ਜਿਨ੍ਹਾਂ ਨੇ ਜ਼ਿਆਦਾ ਨਿਵੇਸ਼ ਕੀਤਾ ਹੈ।

ਸ਼ਾਹ ਨੇ ਕਿਹਾ ਕਿ 5,000 ਕਰੋੜ ਰੁਪਏ ਦਾ ਫੰਡ ਪਹਿਲੇ ਪੜਾਅ ਵਿੱਚ 1.7 ਕਰੋੜ ਜਮ੍ਹਾਂਕਰਤਾਵਾਂ ਨੂੰ ਰਾਹਤ ਪ੍ਰਦਾਨ ਕਰੇਗਾ। IFCI ਦੀ ਇੱਕ ਸਹਾਇਕ ਕੰਪਨੀ ਨੇ ਇਹਨਾਂ ਸਹਿਕਾਰੀ ਸਭਾਵਾਂ ਦੇ ਜਮ੍ਹਾਕਰਤਾਵਾਂ ਲਈ ਵੈਧ ਦਾਅਵੇ ਜਮ੍ਹਾਂ ਕਰਾਉਣ ਲਈ ਪੋਰਟਲ ਤਿਆਰ ਕੀਤਾ ਹੈ। ਸ਼ਾਹ ਨੇ ਕਿਹਾ ਕਿ ਇਸ ਦੇ ਲਈ ਦੋ ਚੀਜ਼ਾਂ ਜ਼ਰੂਰੀ ਹਨ- ਮੋਬਾਇਲ ਨਾਲ ਆਧਾਰ ਰਜਿਸਟ੍ਰੇਸ਼ਨ ਅਤੇ ਆਧਾਰ ਨੂੰ ਉਸ ਬੈਂਕ ਖਾਤੇ ਨਾਲ ਲਿੰਕ ਕਰਨਾ, ਜਿਸ ‘ਚ ਰਿਫੰਡ ਜਮ੍ਹਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕਾਮਨ ਸਰਵਿਸ ਸੈਂਟਰ ਜਮ੍ਹਾਂਕਰਤਾਵਾਂ ਨੂੰ ਪੋਰਟਲ ‘ਤੇ ਆਨਲਾਈਨ ਰਜਿਸਟਰ ਕਰਨ ਵਿੱਚ ਮਦਦ ਕਰਨਗੇ।