ਮੈਂ ਬੇਕਸੂਰ ਹਾਂ, ਮੇਰੇ ਖਿਲਾਫ ਬਦਲਾਖੋਰੀ ਦੀ ਰਾਜਨੀਤੀ ਹੋ ਰਹੀ ਹੈ : ਸੁਖਪਾਲ ਖਹਿਰਾ

ਮੈਂ ਬੇਕਸੂਰ ਹਾਂ, ਮੇਰੇ ਖਿਲਾਫ ਬਦਲਾਖੋਰੀ ਦੀ ਰਾਜਨੀਤੀ ਹੋ ਰਹੀ ਹੈ : ਸੁਖਪਾਲ ਖਹਿਰਾ

ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਕਿ ਸਰਕਾਰੀ ਅਧਿਕਾਰੀਆਂ ਦੀ ਵਰਤੋਂ ਕਰਕੇ ਸਾਜ਼ਿਸ਼ ਤਹਿਤ ਉਸ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਗਏ ਹਨ। ਖਹਿਰਾ ਨੇ ਕਿਹਾ ਕਿ ਇਸ ਨੂੰ ਬਦਲਾ ਕਹਿੰਦੇ ਹਨ ਬਦਲਾਅ ਨਹੀਂ।

ਪਿੱਛਲੇ ਦਿਨੀ ਸੁਖਪਾਲ ਸਿੰਘ ਖਹਿਰਾ ਲਈ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਸੀ, ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਜ਼ਮਾਨਤ ਮਿਲਣ ਤੋਂ ਬਾਅਦ ਬੁੱਧਵਾਰ ਨੂੰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ‘ਚ ਮੀਡੀਆ ਨਾਲ ਮੁਲਾਕਾਤ ਕੀਤੀ। ਉਸਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਆਪਣੇ ਆਪ ਨੂੰ ਸਰਕਾਰੀ ਧੱਕੇਸ਼ਾਹੀ ਦਾ ਸ਼ਿਕਾਰ ਦੱਸਿਆ।

ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਭਲੀਭਾਂਤ ਜਾਣਦੇ ਹਨ ਕਿ ਮੈਂ ਬੇਕਸੂਰ ਹਾਂ ਅਤੇ ਇਸ ਸਬੰਧੀ ਉਨ੍ਹਾਂ ਦੇ ਆਪਣੇ ਬਿਆਨ ਵੀ ਆਉਂਦੇ ਰਹੇ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਮੇਰੇ ਪ੍ਰਤੀ ਬਦਲੇ ਦੀ ਭਾਵਨਾ ਅਤੇ ਨਫਰਤ ਨੂੰ ਹੱਦ ਤੱਕ ਪਹੁੰਚਾ ਦਿੱਤਾ ਹੈ। ਉਸ ਨੇ ਦੋਸ਼ ਲਾਇਆ ਕਿ ਸਰਕਾਰੀ ਅਧਿਕਾਰੀਆਂ ਦੀ ਵਰਤੋਂ ਕਰਕੇ ਸਾਜ਼ਿਸ਼ ਤਹਿਤ ਉਸ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਗਏ ਹਨ। ਖਹਿਰਾ ਨੇ ਕਿਹਾ ਕਿ ਇਸ ਨੂੰ ਬਦਲਾ ਕਹਿੰਦੇ ਹਨ ਬਦਲਾਅ ਨਹੀਂ।

ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਆਪਣੇ ਪੁਰਾਣੇ ਰਿਸ਼ਤਿਆਂ ਬਾਰੇ ਪਿਆਰ ਨਾਲ ਬੋਲਦਾ ਤਾਂ ਸ਼ਾਇਦ ਮੈਂ ਉਨ੍ਹਾਂ ਖਿਲਾਫ ਬੋਲਣਾ ਬੰਦ ਕਰ ਦਿੰਦਾ, ਪਰ ਜਿਸ ਤਰ੍ਹਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ, ਹੁਣ ਮੈਂ ਆਖਰੀ ਸਾਹ ਤੱਕ ਲੜਾਂਗਾ। ਉਨ੍ਹਾਂ ਕਿਹਾ ਕਿ ਮੈਂ ਬਦਲੇ ਦੀ ਭਾਵਨਾ ਨਾਲ ਨਹੀਂ, ਸਗੋਂ ਆਪਣੀ ਲੜਾਈ ਜਾਰੀ ਰੱਖਾਂਗਾ ਤਾਂ ਜੋ ਮੇਰੇ ਨਾਲ ਜੋ ਹੋਇਆ ਉਹ ਕਿਸੇ ਹੋਰ ਬੇਕਸੂਰ ਨਾਲ ਨਾ ਹੋਵੇ। ਖਹਿਰਾ ਨੇ ਦੋਸ਼ ਲਾਇਆ ਕਿ ਸਰਕਾਰ ਦੇ ਇਸ਼ਾਰੇ ‘ਤੇ ਪੰਜਾਬ ਪੁਲਿਸ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਲੋਕਾਂ ‘ਤੇ ਨਸ਼ਿਆਂ ਦੇ ਝੂਠੇ ਕੇਸ ਦਰਜ ਕਰ ਰਹੀ ਹੈ।

ਖਹਿਰਾ ਨੇ ਕਿਹਾ ਕਿ ਮੈਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਭਗਵਾਨਪੁਰੀਆ ਨਾਲ ਜੋੜਨ ਦੀ ਵੀ ਸਾਜ਼ਿਸ਼ ਰਚੀ ਗਈ ਸੀ, ਜਦਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਨ੍ਹਾਂ ਗੈਂਗਸਟਰਾਂ ਤੋਂ ਖਤਰਾ ਹੈ। ਉਸ ਨੇ ਦੱਸਿਆ ਕਿ ਉਸ ਖ਼ਿਲਾਫ਼ 2015 ਵਿੱਚ ਦਰਜ ਹੋਏ ਕੇਸ ਵਿੱਚ ਉਸ ਦਾ ਇੱਕੋ ਇੱਕ ਸਬੰਧ ਸੀ ਕਿ ਬਾਅਦ ਵਿੱਚ ਫੜਿਆ ਗਿਆ ਵਿਅਕਤੀ ਉਸ ਦਾ ਨਜ਼ਦੀਕੀ ਸੀ ਅਤੇ ਉਸ ਨੂੰ ਫੋਨ ਕਰਦਾ ਸੀ। ਖਹਿਰਾ ਨੇ ਕਿਹਾ ਕਿ ਹਲਕੇ ਦਾ ਨੇਤਾ ਹੋਣ ਦੇ ਨਾਤੇ ਮੈਂ ਵੀ ਉਨ੍ਹਾਂ ਦੀਆਂ ਕਾਲਾਂ ਸੁਣਦਾ ਰਿਹਾ।

ਇਸ ਤੋਂ ਇਲਾਵਾ ਮੇਰਾ ਇਸ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਸੁਪਰੀਮ ਕੋਰਟ ਜਾਵਾਂਗਾ ਅਤੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਾਂਗਾ, ਉਦੋਂ ਹੀ ਸੱਚਾਈ ਸਾਹਮਣੇ ਆਵੇਗੀ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਦਲੇ ਦੀ ਭਾਵਨਾ ਅਤੇ ਨਫਰਤ ਦੀ ਭਾਵਨਾ ਨਾਲ ਕਾਂਗਰਸੀ ਆਗੂਆਂ ਖਿਲਾਫ ਕੰਮ ਕਰ ਰਹੀ ਹੈ, ਪਰ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ।