ਲੋਕਸਭਾ ਚੋਣਾਂ 2024 : 8 ਰਾਜਾਂ ਦੀਆਂ 57 ਸੀਟਾਂ ‘ਤੇ ਵੋਟਿੰਗ ਜਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਵਾਰਾਣਸੀ ਤੋਂ ਚੋਣ ਮੈਦਾਨ ‘ਚ

ਲੋਕਸਭਾ ਚੋਣਾਂ 2024 : 8 ਰਾਜਾਂ ਦੀਆਂ 57 ਸੀਟਾਂ ‘ਤੇ ਵੋਟਿੰਗ ਜਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਵਾਰਾਣਸੀ ਤੋਂ ਚੋਣ ਮੈਦਾਨ ‘ਚ

ਇਸ ਗੇੜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, 5 ਕੇਂਦਰੀ ਮੰਤਰੀ ਆਰਕੇ ਸਿੰਘ, ਅਨੁਰਾਗ ਠਾਕੁਰ, ਅਨੁਪ੍ਰਿਆ ਪਟੇਲ, ਮਹਿੰਦਰ ਨਾਥ ਪਾਂਡੇ ਅਤੇ ਪੰਕਜ ਚੌਧਰੀ ਚੋਣ ਮੈਦਾਨ ਵਿੱਚ ਹਨ।

ਦੇਸ਼ ਵਿਚ ਅੱਜ ਲੋਕਸਭਾ ਚੋਣਾਂ ਲਈ 8 ਰਾਜਾਂ ਦੀਆਂ 57 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਲੋਕ ਸਭਾ ਚੋਣਾਂ-2024 ਦੇ ਸੱਤਵੇਂ ਅਤੇ ਆਖਰੀ ਪੜਾਅ ‘ਚ ਸ਼ਨੀਵਾਰ (1 ਜੂਨ) ਨੂੰ 7 ਸੂਬਿਆਂ ਅਤੇ 1 ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 57 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਗੇੜ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, 5 ਕੇਂਦਰੀ ਮੰਤਰੀ ਆਰਕੇ ਸਿੰਘ, ਅਨੁਰਾਗ ਠਾਕੁਰ, ਅਨੁਪ੍ਰਿਆ ਪਟੇਲ, ਮਹਿੰਦਰ ਨਾਥ ਪਾਂਡੇ ਅਤੇ ਪੰਕਜ ਚੌਧਰੀ ਚੋਣ ਮੈਦਾਨ ਵਿੱਚ ਹਨ। ਕੰਗਨਾ ਰਣੌਤ, ਰਵੀ ਕਿਸ਼ਨ, ਪਵਨ ਸਿੰਘ, ਕਾਜਲ ਨਿਸ਼ਾਦ ਵੀ ਚੋਣ ਲੜ ਰਹੇ ਹਨ।

ਇਨ੍ਹਾਂ ਤੋਂ ਇਲਾਵਾ ਮਮਤਾ ਦੇ ਭਤੀਜੇ ਅਭਿਸ਼ੇਕ ਬੈਨਰਜੀ, ਅਫਜ਼ਲ ਅੰਸਾਰੀ, ਵਿਕਰਮਾਦਿੱਤਿਆ ਸਿੰਘ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਚੋਣ ਕਮਿਸ਼ਨ ਮੁਤਾਬਕ ਸੱਤਵੇਂ ਪੜਾਅ ਦੀਆਂ ਚੋਣਾਂ ਵਿੱਚ 904 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚੋਂ 809 ਪੁਰਸ਼ ਅਤੇ 95 ਮਹਿਲਾ ਉਮੀਦਵਾਰ ਹਨ। ਇਸ ਪੜਾਅ ਵਿੱਚ ਸਭ ਤੋਂ ਅਮੀਰ ਉਮੀਦਵਾਰ ਬਠਿੰਡਾ, ਪੰਜਾਬ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਹੈ। ਉਨ੍ਹਾਂ ਕੋਲ 198 ਕਰੋੜ ਰੁਪਏ ਦੀ ਜਾਇਦਾਦ ਹੈ। 542 ਲੋਕ ਸਭਾ ਸੀਟਾਂ ਦੇ ਛੇਵੇਂ ਪੜਾਅ ਤੱਕ 485 ਸੀਟਾਂ ‘ਤੇ ਵੋਟਿੰਗ ਹੋ ਚੁੱਕੀ ਹੈ। ਆਖਰੀ 57 ਸੀਟਾਂ ‘ਤੇ 1 ਜੂਨ ਯਾਨੀ ਅੱਜ ਹੋ ਰਹੀ ਹੈ।

ਗੁਜਰਾਤ ਵਿੱਚ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਸੂਰਤ ਤੋਂ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ, ਇਸ ਲਈ ਸਿਰਫ਼ 542 ਸੀਟਾਂ ‘ਤੇ ਹੀ ਵੋਟਿੰਗ ਹੋ ਰਹੀ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਪੰਜਾਬ ਵਿੱਚ ਕੁੱਲ 2.14 ਕਰੋੜ ਵੋਟਰ ਹਨ। ਇੱਥੇ 1.12 ਕਰੋੜ ਪੁਰਸ਼ ਅਤੇ 1.1 ਕਰੋੜ ਮਹਿਲਾ ਵੋਟਰ ਹਨ।