ਲਕਸ਼ਮਣ ਬਣ ਸਕਦੇ ਹਨ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ, ਦ੍ਰਾਵਿੜ ਨਹੀਂ ਚਾਹੁੰਦੇ ਇਕਰਾਰਨਾਮਾ ਵਧਾਉਣਾ

ਲਕਸ਼ਮਣ ਬਣ ਸਕਦੇ ਹਨ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ, ਦ੍ਰਾਵਿੜ ਨਹੀਂ ਚਾਹੁੰਦੇ ਇਕਰਾਰਨਾਮਾ ਵਧਾਉਣਾ

ਦ੍ਰਾਵਿੜ ਨੇ ਇਹ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਦਿੱਤੀ ਹੈ। ਦ੍ਰਾਵਿੜ ਨੇ ਫਿਰ ਤੋਂ ਰਾਸ਼ਟਰੀ ਕ੍ਰਿਕਟ ਅਕੈਡਮੀ (NCA) ਦਾ ਚਾਰਜ ਸੰਭਾਲਣ ਦੀ ਇੱਛਾ ਜਤਾਈ ਹੈ।

ਲਕਸ਼ਮਣ ਦੀ ਗਿਣਤੀ ਕ੍ਰਿਕਟ ਦੇ ਬਿਹਤਰੀਨ ਬੱਲੇਬਾਜ਼ਾਂ ਵਿਚ ਕੀਤੀ ਜਾਂਦੀ ਹੈ। ਖਬਰਾਂ ਆ ਰਹੀਆਂ ਹਨ ਕਿ ਲਕਸ਼ਮਣ ਟੀਮ ਇੰਡੀਆ ਦੇ ਅਗਲੇ ਮੁੱਖ ਕੋਚ ਹੋ ਸਕਦੇ ਹਨ। ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਦੋ ਸਾਲ ਦਾ ਕਾਰਜਕਾਲ ਵਿਸ਼ਵ ਕੱਪ ਫਾਈਨਲ ਦੇ ਨਾਲ ਖਤਮ ਹੋ ਗਿਆ ਹੈ। ਦ੍ਰਾਵਿੜ ਹੁਣ ਆਪਣਾ ਕਾਰਜਕਾਲ ਵਧਾਉਣ ਵਿੱਚ ਦਿਲਚਸਪੀ ਨਹੀਂ ਰੱਖਦੇ ਹਨ।

ਦ੍ਰਾਵਿੜ ਨੇ ਇਹ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਦਿੱਤੀ ਹੈ। ਦ੍ਰਾਵਿੜ ਨੇ ਫਿਰ ਤੋਂ ਰਾਸ਼ਟਰੀ ਕ੍ਰਿਕਟ ਅਕੈਡਮੀ (NCA) ਦਾ ਚਾਰਜ ਸੰਭਾਲਣ ਦੀ ਇੱਛਾ ਜਤਾਈ ਹੈ। ਸੂਤਰਾਂ ਦੇ ਆਧਾਰ ‘ਤੇ ਦੱਸਿਆ ਗਿਆ ਹੈ ਕਿ 19 ਨਵੰਬਰ ਨੂੰ ਅਹਿਮਦਾਬਾਦ ‘ਚ ਖੇਡਿਆ ਗਿਆ ਵਨਡੇ ਵਿਸ਼ਵ ਕੱਪ ਦਾ ਫਾਈਨਲ ਮੈਚ ਟੀਮ ਇੰਡੀਆ ਦੇ ਮੁੱਖ ਕੋਚ ਵਜੋਂ ਰਾਹੁਲ ਦ੍ਰਾਵਿੜ ਦਾ ਆਖਰੀ ਮੈਚ ਸੀ। ਇਸ ਮੈਚ ‘ਚ ਆਸਟ੍ਰੇਲੀਆ ਨੇ ਭਾਰਤੀ ਟੀਮ ਨੂੰ 6 ਵਿਕਟਾਂ ਨਾਲ ਹਰਾ ਕੇ 6ਵੀਂ ਵਾਰ ਵਿਸ਼ਵ ਕੱਪ ਖਿਤਾਬ ‘ਤੇ ਕਬਜ਼ਾ ਕੀਤਾ ਸੀ।

ਵਿਸ਼ਵ ਕੱਪ ਤੋਂ ਬਾਅਦ ਵੀਵੀਐਸ ਲਕਸ਼ਮਣ ਨੂੰ ਆਸਟ੍ਰੇਲੀਆ ਦੇ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਆਇਰਲੈਂਡ ਖਿਲਾਫ ਟੀ-20 ਸੀਰੀਜ਼ ‘ਚ ਮੁੱਖ ਕੋਚ ਸਨ। ਇਸ ਤੋਂ ਇਲਾਵਾ ਪਿਛਲੇ ਸਾਲ ਟੀ-20 ਵਿਸ਼ਵ ਕੱਪ ਤੋਂ ਬਾਅਦ ਉਹ ਨਿਊਜ਼ੀਲੈਂਡ ਖਿਲਾਫ ਵਨਡੇ ਅਤੇ ਟੀ-20 ਸੀਰੀਜ਼ ‘ਚ ਵੀ ਮੁੱਖ ਕੋਚ ਦੀ ਭੂਮਿਕਾ ਨਿਭਾਅ ਚੁੱਕੇ ਹਨ।

ਲਕਸ਼ਮਣ ਨੇ ਵਿਸ਼ਵ ਕੱਪ ਦੌਰਾਨ ਅਹਿਮਦਾਬਾਦ ਵਿੱਚ ਬੀਸੀਸੀਆਈ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਸੀ। ਉਸ ਦਾ ਇਕਰਾਰਨਾਮਾ ਲੰਬੇ ਸਮੇਂ ਲਈ ਹੋ ਸਕਦਾ ਹੈ। ਉਹ ਦਸੰਬਰ ‘ਚ ਦੱਖਣੀ ਅਫਰੀਕਾ ਦੌਰੇ ‘ਤੇ ਟੀਮ ਇੰਡੀਆ ਦੇ ਨਾਲ ਰੈਗੂਲਰ ਕੋਚ ਦੇ ਰੂਪ ‘ਚ ਜਾ ਸਕਦੇ ਹਨ। ਦ੍ਰਾਵਿੜ ਨੂੰ ਮੁੱਖ ਕੋਚ ਬਣਾਏ ਜਾਣ ਤੋਂ ਬਾਅਦ ਵੀਵੀਐਸ ਲਕਸ਼ਮਣ ਪਿਛਲੇ ਦੋ ਸਾਲਾਂ ਤੋਂ ਐਨਸੀਏ ਦੇ ਮੁਖੀ ਹਨ। ਟੀਮ ਇੰਡੀਆ ਦੇ ਮੁੱਖ ਕੋਚ ਬਣਨ ਤੋਂ ਪਹਿਲਾਂ ਦ੍ਰਾਵਿੜ NCA ਦੇ ਮੁਖੀ ਸਨ। ਦ੍ਰਾਵਿੜ ਨੇ ਫਿਰ ਤੋਂ ਐਨਸੀਏ ਮੁਖੀ ਦੀ ਜ਼ਿੰਮੇਵਾਰੀ ਲੈਣ ਦੀ ਇੱਛਾ ਪ੍ਰਗਟਾਈ ਹੈ ਅਤੇ ਇਸ ਬਾਰੇ ਬੀਸੀਸੀਆਈ ਨੂੰ ਵੀ ਸੂਚਿਤ ਕਰ ਦਿੱਤਾ ਹੈ।