ਰਾਹੁਲ ਗਾਂਧੀ ਦੱਖਣੀ ਦਿੱਲੀ ‘ਚ 3-BHK ਘਰ ‘ਚ ਹੋਣਗੇ ਸ਼ਿਫਟ, ਸੰਸਦ ਮੈਂਬਰਸ਼ਿਪ ਜਾਣ ਤੋਂ ਬਾਅਦ ਅਪ੍ਰੈਲ ‘ਚ ਛੱਡਿਆ ਸੀ ਸਰਕਾਰੀ ਬੰਗਲਾ

ਰਾਹੁਲ ਗਾਂਧੀ ਦੱਖਣੀ ਦਿੱਲੀ ‘ਚ 3-BHK ਘਰ ‘ਚ ਹੋਣਗੇ ਸ਼ਿਫਟ, ਸੰਸਦ ਮੈਂਬਰਸ਼ਿਪ ਜਾਣ ਤੋਂ ਬਾਅਦ ਅਪ੍ਰੈਲ ‘ਚ ਛੱਡਿਆ ਸੀ ਸਰਕਾਰੀ ਬੰਗਲਾ

ਮੀਡੀਆ ਰਿਪੋਰਟਾਂ ਮੁਤਾਬਕ ਰਾਹੁਲ ਜਿਸ ਘਰ ‘ਚ ਸ਼ਿਫਟ ਹੋਣ ਜਾ ਰਹੇ ਹਨ, ਉਹ ਦਿੱਲੀ ਦੀ ਸਾਬਕਾ ਸੀਐੱਮ ਅਤੇ ਮਰਹੂਮ ਕਾਂਗਰਸ ਨੇਤਾ ਸ਼ੀਲਾ ਦੀਕਸ਼ਿਤ ਦਾ ਹੈ।


ਰਾਹੁਲ ਗਾਂਧੀ ਨੂੰ ਪਿੱਛਲੇ ਦਿਨੀ ਸੰਸਦ ਮੈਂਬਰਸ਼ਿਪ ਜਾਣ ਤੋਂ ਬਾਅਦ ਆਪਣਾ ਸਰਕਾਰੀ ਬੰਗਲਾ ਖਾਲੀ ਕਰਨਾ ਪਿਆ ਸੀ। ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਜਲਦੀ ਹੀ ਦੱਖਣੀ ਦਿੱਲੀ ਸਥਿਤ ਨਿਜ਼ਾਮੂਦੀਨ ਈਸਟ ਹਾਊਸ ‘ਚ ਸ਼ਿਫਟ ਹੋਣ ਜਾ ਰਹੇ ਹਨ। ਉਹ ਤਿੰਨ ਬੈੱਡਰੂਮ, 1 ਹਾਲ ਅਤੇ 1 ਰਸੋਈ (3BHK) ਵਾਲੇ ਘਰ ਵਿੱਚ ਰਹਿਣਗੇ। ਉਹ ਸਾਂਸਦ ਬਣਨ ਤੋਂ ਬਾਅਦ 19 ਸਾਲਾਂ ਤੱਕ ਤੁਗਲਕ ਲੇਨ ਇਲਾਕੇ ਦੇ ਇੱਕ ਸਰਕਾਰੀ ਬੰਗਲੇ ਵਿੱਚ ਰਹੇ। ਸੰਸਦ ਮੈਂਬਰਸ਼ਿਪ ਜਾਣ ਤੋਂ ਬਾਅਦ ਉਹ 10 ਜਨਪਥ ਸਥਿਤ ਸੋਨੀਆ ਗਾਂਧੀ ਦੇ ਬੰਗਲੇ ‘ਚ ਸ਼ਿਫਟ ਹੋ ਗਏ ਸਨ।

ਮੀਡੀਆ ਰਿਪੋਰਟਾਂ ਮੁਤਾਬਕ ਰਾਹੁਲ ਜਿਸ ਘਰ ‘ਚ ਸ਼ਿਫਟ ਹੋਣ ਜਾ ਰਹੇ ਹਨ, ਉਹ ਦਿੱਲੀ ਦੀ ਸਾਬਕਾ ਸੀਐੱਮ ਅਤੇ ਮਰਹੂਮ ਕਾਂਗਰਸ ਨੇਤਾ ਸ਼ੀਲਾ ਦੀਕਸ਼ਿਤ ਦਾ ਹੈ। ਰਾਹੁਲ ਦਾ ਨਵਾਂ ਘਰ 1500 ਵਰਗ ਫੁੱਟ ਦਾ ਹੈ। ਇਸ ਘਰ ਤੋਂ ਹੁਮਾਯੂੰ ਦਾ ਮਕਬਰਾ ਦਿਖਾਈ ਦਿੰਦਾ ਹੈ ਅਤੇ ਨਿਜ਼ਾਮੂਦੀਨ ਔਲੀਆ ਦੀ ਦਰਗਾਹ ਥੋੜ੍ਹੀ ਦੂਰ ‘ਤੇ ਹੈ। ਰਾਹੁਲ ਜਦੋਂ ਦਸੰਬਰ ਵਿੱਚ ਦਿੱਲੀ ਆਏ ਸਨ ਤਾਂ ਉਨ੍ਹਾਂ ਨੇ ਇਸ ਦਰਗਾਹ ਦੇ ਦਰਸ਼ਨ ਵੀ ਕੀਤੇ ਸਨ।

ਖਬਰਾਂ ਮੁਤਾਬਕ ਰਾਹੁਲ ਜਲਦ ਹੀ ਆਪਣੇ ਨਵੇਂ ਘਰ ‘ਚ ਸ਼ਿਫਟ ਹੋਣਗੇ। ਰਾਹੁਲ ਨੇ ਇਸ ਸਾਲ 24 ਮਾਰਚ ਨੂੰ ਸੰਸਦ ਦੀ ਮੈਂਬਰਸ਼ਿਪ ਰੱਦ ਕੀਤੇ ਜਾਣ ਤੋਂ ਬਾਅਦ 22 ਅਪ੍ਰੈਲ ਨੂੰ ਆਪਣਾ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਸੀ। ਉਦੋਂ ਤੋਂ ਉਹ ਆਪਣੀ ਮਾਂ ਸੋਨੀਆ ਗਾਂਧੀ ਨਾਲ 10 ਜਨਪਥ ਸਥਿਤ ਰਿਹਾਇਸ਼ ‘ਤੇ ਰਹਿ ਰਹੇ ਹਨ। ਉਦੋਂ ਤੋਂ ਦੇਸ਼ ਭਰ ਦੇ ਕਈ ਕਾਂਗਰਸੀ ਵਰਕਰਾਂ ਅਤੇ ਵੱਡੇ ਨੇਤਾਵਾਂ ਨੇ ਰਾਹੁਲ ਨੂੰ ਉਨ੍ਹਾਂ ਦੇ ਘਰ ਰਹਿਣ ਦੀ ਪੇਸ਼ਕਸ਼ ਕੀਤੀ ਸੀ। ਮਾਰਚ ਦੇ ਅਖੀਰ ਵਿੱਚ ਸੰਸਦ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਰਾਹੁਲ ਗਾਂਧੀ ਨੂੰ ਬੰਗਲਾ ਖਾਲੀ ਕਰਨ ਲਈ ਨੋਟਿਸ ਭੇਜਿਆ ਗਿਆ ਸੀ। ਇਸ ’ਤੇ ਉਨ੍ਹਾਂ ਨੇ ਲੋਕ ਸਭਾ ਸਕੱਤਰੇਤ ਦੇ ਡਿਪਟੀ ਸਕੱਤਰ ਡਾ. ਮੋਹਿਤ ਰੰਜਨ ਨੂੰ ਲਿਖਤੀ ਜਵਾਬ ਭੇਜਿਆ ਸੀ। ਰਾਹੁਲ ਨੇ ਲਿਖਿਆ ਸੀ- ਇਸ ਘਰ ਨਾਲ ਮੇਰੀਆਂ ਕਈ ਚੰਗੀਆਂ ਯਾਦਾਂ ਜੁੜੀਆਂ ਹੋਈਆਂ ਹਨ। ਮੈਂ ਨੋਟਿਸ ਵਿੱਚ ਦਿੱਤੇ ਹੁਕਮਾਂ ਦੀ ਪਾਲਣਾ ਕਰਾਂਗਾ।

22 ਅਪ੍ਰੈਲ ਨੂੰ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਤੁਗਲਕ ਰੋਡ ਲੇਨ ‘ਤੇ ਸਥਿਤ ਆਪਣੇ ਸਰਕਾਰੀ ਬੰਗਲੇ ਦੀਆਂ ਚਾਬੀਆਂ ਲੋਕ ਸਭਾ ਸਕੱਤਰੇਤ ਨੂੰ ਸੌਂਪ ਦਿੱਤੀਆਂ ਸਨ। ਰਾਹੁਲ ਨੇ ਖੁਦ ਬੰਗਲੇ ਦਾ ਦਰਵਾਜ਼ਾ ਬੰਦ ਕੀਤਾ, ਚਾਬੀ ਲੋਕ ਸਭਾ ਸਟਾਫ ਨੂੰ ਸੌਂਪੀ, ਹੱਥ ਮਿਲਾਇਆ ਅਤੇ ਮਾਂ ਅਤੇ ਭੈਣ ਪ੍ਰਿਅੰਕਾ ਦੇ ਨਾਲ 10 ਜਨਪਥ ਸਥਿਤ ਸੋਨੀਆ ਗਾਂਧੀ ਦੀ ਸਰਕਾਰੀ ਰਿਹਾਇਸ਼ ਲਈ ਰਵਾਨਾ ਹੋ ਗਏ ਸਨ।