- ਪੰਜਾਬ
- No Comment
ਕਿਸਾਨਾਂ ਦਾ ਐਲਾਨ – ਚੰਡੀਗੜ੍ਹ ‘ਚ ਦਾਖ਼ਲ ਹੋ ਕੇ ਮੰਗਾਂਗੇ ਹੱਕ, ਪੁਲਿਸ ਨੇ ਸਾਰੀਆਂ ਸੜਕਾਂ ਕੀਤੀਆਂ ਸੀਲ
ਪੰਜਾਬ ਅਤੇ ਹਰਿਆਣਾ ਦੇ ਕਿਸਾਨ ਚੰਡੀਗੜ੍ਹ ਵਿੱਚ ਦਾਖ਼ਲ ਹੋ ਕੇ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿੱਚ ਧਰਨਾ ਦੇਣਾ ਚਾਹੁੰਦੇ ਹਨ। ਚੰਡੀਗੜ੍ਹ ਪੁਲਿਸ ਕਿਸਾਨਾਂ ਨੂੰ ਸਰਹੱਦ ’ਤੇ ਹੀ ਰੋਕਣ ਦੀ ਯੋਜਨਾ ਬਣਾ ਰਹੀ ਹੈ।
ਪੰਜਾਬ ਦੇ ਕਿਸਾਨਾਂ ਵੱਲੋਂ ਅੱਜ ਚੰਡੀਗੜ੍ਹ ਵਿੱਚ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਪਰ ਪੰਜਾਬ-ਹਰਿਆਣਾ ਪੁਲਿਸ ਨੇ ਸਾਰੇ ਵੱਡੇ ਕਿਸਾਨ ਆਗੂਆਂ ਨੂੰ ਇੱਕ ਦਿਨ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਮੋਹਾਲੀ-ਚੰਡੀਗੜ੍ਹ ਬਾਰਡਰ ਨੂੰ ਪੁਲਿਸ ਨੇ ਬੈਰੀਕੇਡ ਲਗਾ ਕੇ ਪੂਰੀ ਤਰ੍ਹਾਂ ਨਾਲ ਘੇਰਾ ਪਾ ਲਿਆ ਹੈ।
ਪੰਜਾਬ ਅਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਨੇ ਫ਼ਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਵੀ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਕਮਰ ਕੱਸ ਲਈ ਹੈ। ਚੰਡੀਗੜ੍ਹ ਪੁਲਿਸ ਨੇ ਪੰਚਕੂਲਾ ਅਤੇ ਮੁਹਾਲੀ ਨਾਲ ਲੱਗਦੇ ਸ਼ਹਿਰ ਦੇ 27 ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਹੈ। ਇਨ੍ਹਾਂ ਸਾਰੀਆਂ ਥਾਵਾਂ ‘ਤੇ ਬੈਰੀਕੇਡ ਲਗਾ ਕੇ ਹਥਿਆਰਬੰਦ ਰਿਜ਼ਰਵ ਫੋਰਸ ਤਾਇਨਾਤ ਕੀਤੀ ਗਈ ਹੈ।
ਕਿਸਾਨਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ 4000 ਪੁਲੀਸ ਮੁਲਾਜ਼ਮ ਸਰਹੱਦਾਂ ’ਤੇ ਲਾਏ ਹੋਏ ਹਨ ਤੇ ਮੁਹਾਲੀ ਪੁਲਿਸ ਨੇ 1500 ਪੁਲਿਸ ਮੁਲਾਜ਼ਮ ਡਿਊਟੀ ‘ਤੇ ਲਾਏ ਹਨ। ਕਿਸਾਨਾਂ ਨੂੰ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਸਾਰੀਆਂ ਡਿਵੀਜ਼ਨਾਂ ਦੇ ਡੀਐਸਪੀ ਦੀ ਜ਼ਿੰਮੇਵਾਰੀ ਲਗਾਈ ਗਈ ਹੈ। ਪੰਜਾਬ ਅਤੇ ਹਰਿਆਣਾ ਦੇ ਕਿਸਾਨ ਚੰਡੀਗੜ੍ਹ ਵਿੱਚ ਦਾਖ਼ਲ ਹੋ ਕੇ ਸੈਕਟਰ-17 ਸਥਿਤ ਪਰੇਡ ਗਰਾਊਂਡ ਵਿੱਚ ਧਰਨਾ ਦੇਣਾ ਚਾਹੁੰਦੇ ਹਨ। ਚੰਡੀਗੜ੍ਹ ਪੁਲਿਸ ਕਿਸਾਨਾਂ ਨੂੰ ਸਰਹੱਦ ’ਤੇ ਹੀ ਰੋਕਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਪੰਜਾਬ ਅਤੇ ਹਰਿਆਣਾ ਤੋਂ ਚੰਡੀਗੜ੍ਹ ਆਉਣ ਵਾਲੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਸ਼ਹਿਰ ਦੇ ਪ੍ਰਸ਼ਾਸਕ ਬੀਐੱਲ ਪੁਰੋਹਿਤ ਨੇ ਬੀਤੇ ਐਤਵਾਰ ਕਿਸਾਨ ਯੂਨੀਅਨਾਂ ਦੇ 11 ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਭਰੋਸਾ ਦਿੱਤਾ ਸੀ ਕਿ ਉਹ ਉਨ੍ਹਾਂ ਦੀਆਂ ਮੰਗਾਂ ਕੇਂਦਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਇਲਾਵਾ ਕਿਸਾਨਾਂ ਨੇ ਪੂਰੇ ਉੱਤਰ ਭਾਰਤ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਕੇਂਦਰ ਸਰਕਾਰ ਤੋਂ 50 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਾਰੀ ਕਰਨ ਦੀ ਵੀ ਮੰਗ ਕੀਤੀ ਹੈ। ਮੋਹਾਲੀ ਪੁਲਿਸ ਵੀ ਕਿਸਾਨਾਂ ਨੂੰ ਰੋਕਣ ਲਈ ਤਿਆਰ ਹੈ। ਜ਼ੀਰਕਪੁਰ ‘ਚ ਚੰਡੀਗੜ੍ਹ ਬਾਰਡਰ ‘ਤੇ ਬੈਰੀਕੇਡਿੰਗ ਕੀਤੀ ਗਈ ਹੈ।