ਨਵਜੋਤ ਸਿੱਧੂ ਨੂੰ ਝਟਕਾ: ਕਾਂਗਰਸ ਦੀ ਕੌਮੀ ਕਾਰਜਕਾਰਨੀ ‘ਚ ਨਵਜੋਤ ਸਿੱਧੂ ਨਜ਼ਰਅੰਦਾਜ਼, ਚੰਨੀ-ਰੰਧਾਵਾ ਨੂੰ ਮਿਲੀ ਜ਼ਿੰਮੇਵਾਰੀ

ਨਵਜੋਤ ਸਿੱਧੂ ਨੂੰ ਝਟਕਾ: ਕਾਂਗਰਸ ਦੀ ਕੌਮੀ ਕਾਰਜਕਾਰਨੀ ‘ਚ ਨਵਜੋਤ ਸਿੱਧੂ ਨਜ਼ਰਅੰਦਾਜ਼, ਚੰਨੀ-ਰੰਧਾਵਾ ਨੂੰ ਮਿਲੀ ਜ਼ਿੰਮੇਵਾਰੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਵੀਂ ਕਾਂਗਰਸ ਵਰਕਿੰਗ ਕਮੇਟੀ ਵਿੱਚ ਥਾਂ ਮਿਲਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਦੇ ਬਾਵਜੂਦ ਪਾਰਟੀ ਹਾਈਕਮਾਂਡ ਨੇ ਚੰਨੀ ’ਤੇ ਭਰੋਸਾ ਜਤਾਇਆ ਹੈ।

ਲੋਕਸਭਾ 2024 ਚੋਣਾਂ ਦਾ ਵਿਗੁਲ ਵੱਜ ਚੁਕਾ ਹੈ ਅਤੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਚੋਣਾਂ ਦੀ ਤਿਆਰੀ ਕਰਨੀ ਸ਼ੁਰੂ ਕਰ ਦਿਤੀ ਹੈ। ਆਲ ਇੰਡੀਆ ਕਾਂਗਰਸ ਪਾਰਟੀ ਨੇ ਐਤਵਾਰ ਨੂੰ ਨਵੀਂ ਕਾਰਜਕਾਰਨੀ ਕਮੇਟੀ (CWC) ਦਾ ਐਲਾਨ ਕੀਤਾ। ਪਾਰਟੀ ਹਾਈਕਮਾਂਡ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਪੰਜਾਬ ਦੀ ਸਾਬਕਾ ਸੰਸਦ ਮੈਂਬਰ ਅੰਬਿਕਾ ਸੋਨੀ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਰਜਕਾਰਨੀ ਕਮੇਟੀ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਹੈ।

ਨਵੀਂ ਕਾਰਜਕਾਰਨੀ ਕਮੇਟੀ ਦਾ ਐਲਾਨ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੀਤਾ। ਨਵੀਂ ਕਾਰਜਕਾਰਨੀ ਕਮੇਟੀ ਦਾ ਐਲਾਨ 24 ਫਰਵਰੀ ਨੂੰ ਰਾਏਪੁਰ ਵਿੱਚ ਸੀਡਬਲਯੂਸੀ ਦਾ ਮੈਂਬਰ ਨਾਮਜ਼ਦ ਕਰਨ ਲਈ ਖੜਗੇ ਨੂੰ ਅਧਿਕਾਰਤ ਕੀਤੇ ਜਾਣ ਤੋਂ ਲਗਭਗ ਛੇ ਮਹੀਨਿਆਂ ਬਾਅਦ ਕੀਤਾ ਗਿਆ ਹੈ। ਜਿੱਥੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੀ ਕਾਰਜਕਾਰਨੀ ਕਮੇਟੀ ਵਿੱਚ ਸ਼ਾਮਲ ਸਨ, ਉਥੇ ਇਸ ਵਾਰ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਥਾਂ ਦਿੱਤੀ ਹੈ।

ਕੈਪਟਨ ਅਮਰਿੰਦਰ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਮਨੀਸ਼ ਤਿਵਾੜੀ ਨੂੰ ਸਥਾਈ ਮੈਂਬਰ ਵਜੋਂ ਕਮੇਟੀ ਵਿੱਚ ਥਾਂ ਮਿਲੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਵੀਂ ਕਾਂਗਰਸ ਵਰਕਿੰਗ ਕਮੇਟੀ ਵਿੱਚ ਥਾਂ ਮਿਲਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਦੇ ਬਾਵਜੂਦ ਪਾਰਟੀ ਹਾਈਕਮਾਂਡ ਨੇ ਚੰਨੀ ’ਤੇ ਭਰੋਸਾ ਜਤਾਇਆ ਹੈ।

ਇਸ ਦੇ ਨਾਲ ਹੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਸਭ ਤੋਂ ਕਰੀਬੀ ਰਹੇ ਨਵਜੋਤ ਸਿੰਘ ਸਿੱਧੂ ਨੂੰ ਵੀ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਹਾਈਕਮਾਂਡ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਸਿੱਧੂ ਦਾ ਅਸਤੀਫਾ ਲੈ ਲਿਆ ਸੀ। ਹਾਲਾਂਕਿ ਉਦੋਂ ਕਿਹਾ ਜਾ ਰਿਹਾ ਸੀ ਕਿ ਪਾਰਟੀ ਸਿੱਧੂ ਨੂੰ ਰਾਸ਼ਟਰੀ ਰਾਜਨੀਤੀ ‘ਚ ਲਿਆਉਣਾ ਚਾਹੁੰਦੀ ਹੈ, ਪਰ ਨਵੀਂ ਸੀਡਬਲਿਊਸੀ ਦੇ ਐਲਾਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਨੂੰ ਹੁਣ ਸਿੱਧੂ ਤੋਂ ਜ਼ਿਆਦਾ ਉਮੀਦ ਨਹੀਂ ਹੈ। ਇਸ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਬਣੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਵੀ ਸਿੱਧੂ ਨੂੰ ਥਾਂ ਨਹੀਂ ਦਿੱਤੀ ਗਈ ਸੀ।