ਪੰਜਾਬ ‘ਚ ਅਗਲੀਆਂ ਗਰਮੀਆਂ ‘ਚ ਢਾਈ ਨਹੀਂ ਸਗੋਂ ਚਾਰ ਮਹੀਨਿਆਂ ਲਈ ਸਰਕਾਰੀ ਦਫ਼ਤਰ ਸਵੇਰੇ 7:30 ਵਜੇ ਖੁੱਲ੍ਹਣਗੇ: ਸੀਐੱਮ ਮਾਨ

ਪੰਜਾਬ ‘ਚ ਅਗਲੀਆਂ ਗਰਮੀਆਂ ‘ਚ ਢਾਈ ਨਹੀਂ ਸਗੋਂ ਚਾਰ ਮਹੀਨਿਆਂ ਲਈ ਸਰਕਾਰੀ ਦਫ਼ਤਰ ਸਵੇਰੇ 7:30 ਵਜੇ ਖੁੱਲ੍ਹਣਗੇ: ਸੀਐੱਮ ਮਾਨ

ਸਰਕਾਰ ਵੱਲੋਂ ਕਰਵਾਏ ਸਰਵੇਖਣ ਵਿੱਚ ਇਹ ਫੀਡਬੈਕ ਸਾਹਮਣੇ ਆਇਆ ਹੈ ਕਿ ਬਿਜਲੀ ਦੀ ਬੱਚਤ ਤੋਂ ਇਲਾਵਾ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਆਪਣੇ ਪਰਿਵਾਰਾਂ ਨਾਲ ਵੱਧ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ।


ਭਗਵੰਤ ਮਾਨ ਸਰਕਾਰੀ ਦਫਤਰਾਂ ਦੇ ਟਾਈਮ ਬਦਲਣ ਦੇ ਫੈਸਲੇ ਨੂੰ ਬਹੁਤ ਵਧੀਆ ਦੱਸ ਰਹੇ ਹਨ। ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰ ਅਗਲੇ ਸਾਲ ਗਰਮੀਆਂ ਵਿੱਚ ਢਾਈ ਨਹੀਂ ਸਗੋਂ ਚਾਰ ਮਹੀਨੇ ਸਵੇਰੇ 7:30 ਵਜੇ ਖੁੱਲ੍ਹਣਗੇ। ਇਸ ਵਾਰ ਸਰਕਾਰ ਨੇ ਇਹ ਫੈਸਲਾ 2 ਮਈ ਤੋਂ 15 ਜੁਲਾਈ ਤੱਕ ਦਫਤਰ ਜਲਦੀ ਖੋਲ੍ਹਣ ਦੇ ਸਕਾਰਾਤਮਕ ਨਤੀਜੇ ਮਿਲਣ ਤੋਂ ਬਾਅਦ ਲਿਆ ਹੈ।

ਇਸਨੂੰ ਸਾਲ 2024 ਵਿੱਚ 1 ਅਪ੍ਰੈਲ ਤੋਂ 31 ਜੁਲਾਈ ਤੱਕ ਲਾਗੂ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਸਾਲ ਦਫ਼ਤਰੀ ਸਮੇਂ ਵਿੱਚ ਕੀਤੀ ਗਈ ਤਬਦੀਲੀ ਬਹੁਤ ਵਧੀਆ ਰਹੀ। ਸਰਕਾਰ ਵੱਲੋਂ ਕਰਵਾਏ ਸਰਵੇਖਣ ਵਿੱਚ ਇਹ ਫੀਡਬੈਕ ਸਾਹਮਣੇ ਆਇਆ ਹੈ ਕਿ ਬਿਜਲੀ ਦੀ ਬੱਚਤ ਤੋਂ ਇਲਾਵਾ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਆਪਣੇ ਪਰਿਵਾਰਾਂ ਨਾਲ ਵੱਧ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ।

ਆਮ ਲੋਕਾਂ ਨੇ ਵੀ ਇਸ ਵਾਰ ਆਪਣਾ ਕੰਮ ਕਰਵਾਉਣਾ ਵਧੇਰੇ ਸੁਖਾਲਾ ਪਾਇਆ। ਦਫਤਰ ਆਉਣ ਵਾਲੇ ਕਰਮਚਾਰੀਆਂ, ਅਧਿਕਾਰੀਆਂ, ਲੋਕਾਂ ਨਾਲ ਗੱਲਬਾਤ ਕਰਨ ‘ਤੇ ਪਤਾ ਲੱਗਾ ਕਿ ਇਸ ਪ੍ਰਯੋਗ ਨਾਲ ਬਿਜਲੀ ਦੀ ਬੱਚਤ ਹੋਈ ਹੈ। ਸਭ ਤੋਂ ਵੱਡੀ ਗੱਲ ਇਹ ਸੀ ਕਿ ਮੁਲਾਜ਼ਮਾਂ ਅਤੇ ਆਮ ਲੋਕਾਂ ਦਾ ਇਸ ਬਾਰੇ ਹਾਂ-ਪੱਖੀ ਹੁੰਗਾਰਾ ਸੀ। ਦੋਵੇਂ ਇਸ ਨਵੇਂ ਸਮੇਂ ਤੋਂ ਖੁਸ਼ ਸਨ। ਇਹ ਵੀ ਦੇਖਿਆ ਗਿਆ ਕਿ ਸਵੇਰੇ ਕਰਮਚਾਰੀਆਂ ਦੀ ਕੰਮ ਕਰਨ ਦੀ ਸਮਰੱਥਾ ਵੀ ਜ਼ਿਆਦਾ ਸੀ। ਇਸ ਸਾਲ ਕੀਤੇ ਗਏ ਬਦਲਾਅ ਦੇ ਮਹੱਤਵਪੂਰਨ ਨਤੀਜੇ ਸਾਹਮਣੇ ਆਏ ਹਨ, ਇਸ ਲਈ ਅਗਲੀਆਂ ਗਰਮੀਆਂ ਵਿੱਚ ਇਹ ਚਾਰ ਮਹੀਨਿਆਂ ਲਈ ਚਲਾਇਆ ਜਾਵੇਗਾ।

ਦਫ਼ਤਰਾਂ ਦੇ ਜਲਦੀ ਖੁੱਲ੍ਹਣ ਨਾਲ ਪੰਜਾਬ ਭਰ ਦੇ ਲੋਕਾਂ ਲਈ ਸਵੇਰੇ ਜਲਦੀ ਆਪਣੇ ਕੰਮ ਨਿਪਟਾਉਣੇ ਆਸਾਨ ਹੋ ਗਏ ਅਤੇ ਇਸ ਤੋਂ ਬਾਅਦ ਉਹ ਆਪਣੇ ਕੰਮ ਲਈ ਵਧੇਰੇ ਸਮਾਂ ਲਗਾ ਸਕਦੇ ਸਨ। ਵੱਡੀ ਗਿਣਤੀ ਵਿੱਚ ਲੋਕਾਂ ਦੀ ਸਾਰੀ ਦਿਹਾੜੀ ਬਚ ਗਈ। ਮੁਲਾਜ਼ਮਾਂ ਨੂੰ ਵੀ ਕਈ ਤਰੀਕਿਆਂ ਨਾਲ ਫਾਇਦਾ ਹੋਇਆ। ਉਨ੍ਹਾਂ ਨੂੰ ਕਈ ਜ਼ਰੂਰੀ ਕੰਮਾਂ ਲਈ ਵੱਖਰੀ ਛੁੱਟੀ ਨਹੀਂ ਲੈਣੀ ਪੈਂਦੀ ਸੀ। ਬਹੁਤ ਸਾਰੇ ਕਰਮਚਾਰੀ ਆਪਣਾ ਚੈਕਅੱਪ ਕਰਵਾਉਣ, ਬੈਂਕ ਦਾ ਕੰਮ ਆਦਿ ਕਰਨ ਦੇ ਨਾਲ-ਨਾਲ ਬੱਚਿਆਂ ਦੀ ਪੜ੍ਹਾਈ ਨਾਲ ਸਬੰਧਤ ਵਾਧੂ ਸਮਾਂ ਵੀ ਦੇ ਸਕੇ ਸਨ।