ਮੋਗਾ : 22 ਸਾਲਾ ਨੌਜਵਾਨ ਬਣਿਆ ਸਰਪੰਚ, ਕੈਨੇਡਾ ‘ਚ ਕੀਤਾ ਅੰਤਰਰਾਸ਼ਟਰੀ ਵਪਾਰ ਦਾ ਕੋਰਸ

ਮੋਗਾ : 22 ਸਾਲਾ ਨੌਜਵਾਨ ਬਣਿਆ ਸਰਪੰਚ, ਕੈਨੇਡਾ ‘ਚ ਕੀਤਾ ਅੰਤਰਰਾਸ਼ਟਰੀ ਵਪਾਰ ਦਾ ਕੋਰਸ

ਸਵਰਾਜ ਸਿੰਘ ਦਾ ਕਹਿਣਾ ਹੈ ਕਿ ਉਸਦਾ ਸੁਪਨਾ ਪਿੰਡ ਦਾ ਵਿਕਾਸ ਕਰਕੇ ਇਸ ਦੀ ਨੁਹਾਰ ਬਦਲਣ ਦਾ ਹੈ। ਜਿਹੜੇ ਕੰਮ ਪਿੰਡ ਵਿੱਚ ਅੱਜ ਤੱਕ ਕਦੇ ਨਹੀਂ ਹੋਏ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ।

ਪੰਜਾਬ ਦੀ ਪੰਚਾਇਤਾ ਵਿਚ ਇਸ ਵਾਰ ਕਈ ਨੌਜਵਾਨਾਂ ਨੂੰ ਵੀ ਸੇਵਾ ਕਰਨ ਦਾ ਮੌਕਾ ਮਿਲੇਗਾ। ਪੰਜਾਬ ਵਿੱਚ ਹਾਲ ਹੀ ਵਿੱਚ ਪੰਚਾਇਤੀ ਚੋਣਾਂ ਹੋਈਆਂ ਹਨ। ਸੂਬੇ ਵਿੱਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਈਆਂ ਸਨ। ਸੂਬੇ ਵਿੱਚ 9398 ਪੰਚਾਇਤਾਂ ਦੇ ਸਰਪੰਚ ਅਤੇ ਪੰਚ ਚੁਣੇ ਗਏ ਹਨ। ਮੋਗਾ ਜ਼ਿਲ੍ਹੇ ਵਿੱਚ ਪੰਜਾਬ ਦਾ ਸਭ ਤੋਂ ਨੌਜਵਾਨ ਸਰਪੰਚ ਚੁਣਿਆ ਗਿਆ ਹੈ। ਮੋਗਾ ਦੇ ਪਿੰਡ ਗਲੋਟੀ ‘ਚ 22 ਸਾਲਾ ਨੌਜਵਾਨ ਸਰਪੰਚ ਬਣ ਗਿਆ ਹੈ। ਸਰਪੰਚ ਚੁਣੇ ਗਏ 22 ਸਾਲਾ ਸਵਰਾਜ ਸਿੰਘ ਨੇ ਵਿਦੇਸ਼ ਵਿੱਚ ਪੜ੍ਹਾਈ ਕੀਤੀ ਹੈ।

ਖਾਸ ਗੱਲ ਇਹ ਹੈ ਕਿ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਹੈ। ਲੋਕਾਂ ਨੇ ਪਿੰਡ ਦੀ ਵਾਗਡੋਰ ਸਵਰਾਜ ਸਿੰਘ ਨੂੰ ਸੌਂਪ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਸਵਰਾਜ ਨੂੰ ਸਰਪੰਚ ਚੁਣਿਆ ਹੈ। ਨੌਜਵਾਨ ਸਰਪੰਚ ਸਵਰਾਜ ਸਿੰਘ ਦਾ ਉਦੇਸ਼ ਵੀ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਹੈ। ਮੋਗਾ ਦੇ ਪਿੰਡ ਗਲੋਟੀ ਦੇ ਵਸਨੀਕ ਸਵਰਾਜ ਸਿੰਘ ਨੇ ਸਰਪੰਚ ਚੁਣੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੰਗਤਾਂ ਦਾ ਧੰਨਵਾਦ ਕੀਤਾ। ਉਸਨੇ ਦੱਸਿਆ ਕਿ ਉਸਨੇ ਕੈਨੇਡਾ ਦੇ ਓਨਟਾਰੀਓ ਵਿੱਚ ਲੈਬਟਨ ਕਾਲਜ ਵਿੱਚ ਪੜ੍ਹਾਈ ਕੀਤੀ। ਸਵਰਾਜ ਨੇ ਉੱਥੋਂ ਅੰਤਰਰਾਸ਼ਟਰੀ ਵਪਾਰ ਦਾ ਕੋਰਸ ਪੂਰਾ ਕੀਤਾ ਹੈ।

ਸਵਰਾਜ ਸਿੰਘ ਦਾ ਕਹਿਣਾ ਹੈ ਕਿ ਉਸਦਾ ਸੁਪਨਾ ਪਿੰਡ ਦਾ ਵਿਕਾਸ ਕਰਕੇ ਇਸ ਦੀ ਨੁਹਾਰ ਬਦਲਣ ਦਾ ਹੈ। ਜਿਹੜੇ ਕੰਮ ਪਿੰਡ ਵਿੱਚ ਅੱਜ ਤੱਕ ਕਦੇ ਨਹੀਂ ਹੋਏ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਜੋ ਵੀ ਮੁਸ਼ਕਲਾਂ ਆ ਰਹੀਆਂ ਹਨ, ਉਨ੍ਹਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ। ਸਵਰਾਜ ਨੇ ਕਿਹਾ ਕਿ ਪਿੰਡ ਦੇ ਸਾਰੇ ਲੋਕਾਂ ਨੇ ਸਰਬਸੰਮਤੀ ਨਾਲ ਇਕਜੁੱਟ ਹੋ ਕੇ ਮੈਨੂੰ ਸਰਪੰਚ ਬਣਾਇਆ ਹੈ। ਇਸ ਲਈ ਮੇਰੀ ਕੋਸ਼ਿਸ਼ ਰਹੇਗੀ ਕਿ ਆਪਣੇ ਪਿੰਡ ਨੂੰ ਪੰਜਾਬ ਦਾ ਮਾਡਲ ਪਿੰਡ ਬਣਾਵਾਂ।