ਲੋਕ ਸਭਾ ਚੋਣਾਂ 2024 : ‘ਆਪ’ ਪੰਜਾਬ ‘ਚ ਮਜ਼ਬੂਤੀ ਨਾਲ ਚੋਣਾਂ ਲੜਨ ਦੀ ਰਣਨੀਤੀ ਬਣਾ ਰਹੀ, ਸੀਐਮ ਭਗਵੰਤ ਮਾਨ ਨੇ ਚੰਡੀਗੜ੍ਹ ‘ਚ ਕੀਤੀ ਮੀਟਿੰਗ

ਲੋਕ ਸਭਾ ਚੋਣਾਂ 2024 : ‘ਆਪ’ ਪੰਜਾਬ ‘ਚ ਮਜ਼ਬੂਤੀ ਨਾਲ ਚੋਣਾਂ ਲੜਨ ਦੀ ਰਣਨੀਤੀ ਬਣਾ ਰਹੀ, ਸੀਐਮ ਭਗਵੰਤ ਮਾਨ ਨੇ ਚੰਡੀਗੜ੍ਹ ‘ਚ ਕੀਤੀ ਮੀਟਿੰਗ

‘ਆਪ’ ਆਗੂ, ਮੰਤਰੀ ਅਤੇ ਉਮੀਦਵਾਰ ਪਿੰਡਾਂ ਅਤੇ ਘਰਾਂ ਦੇ ਬਾਹਰ ਪੰਡਾਲ ਲਗਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਗੇ। ਉਹ ਲੋਕਾਂ ਦਾ ਹਰ ਛੋਟਾ-ਵੱਡਾ ਮੁੱਦਾ ਪਾਰਟੀ ਹਾਈਕਮਾਂਡ ਤੱਕ ਪਹੁੰਚਾਉਣਗੇ। ਇਸ ਤੋਂ ਬਾਅਦ ਹੀ ਇਨ੍ਹਾਂ ਜਨਤਕ ਮੁੱਦਿਆਂ ਦੇ ਵਿਚਕਾਰ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰੇਗੀ।

ਦੇਸ਼ ਵਿਚ ਲੋਕਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ‘ਚ ਰੁੱਝੀ ਹੋਈ ਹੈ। ਸੀ.ਐਮ. ਭਗਵੰਤ ਮਾਨ ਨੇ ਪੰਜਾਬ ‘ਚ ਮਜ਼ਬੂਤੀ ਨਾਲ ਚੋਣ ਲੜਨ ਦੀ ਕਮਾਨ ਸੰਭਾਲ ਲਈ ਹੈ।

ਸ਼ੁੱਕਰਵਾਰ ਨੂੰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਬਾਰੇ ਚਰਚਾ ਕਰਨ ਲਈ ਚੰਡੀਗੜ੍ਹ ਵਿੱਚ ਪਾਰਟੀ ਆਗੂਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਉਮੀਦਵਾਰ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਸੀਐਮ ਭਗਵੰਤ ਮਾਨ ਆਪਣੇ ਮੰਤਰੀਆਂ, ਵਿਧਾਇਕਾਂ ਅਤੇ ਉਮੀਦਵਾਰਾਂ ਨਾਲ ਮੀਟਿੰਗਾਂ ਕਰਕੇ ਚੋਣ ਰਣਨੀਤੀ ਬਣਾਉਣ ਵਿੱਚ ਲਗਾਤਾਰ ਰੁੱਝੇ ਹੋਏ ਹਨ।

ਸੰਗਰੂਰ ਅਤੇ ਫਤਿਹਗੜ੍ਹ ਸਾਹਿਬ ਵਿਖੇ ਮੀਟਿੰਗ ਵਿੱਚ ਮੌਜੂਦ ‘ਆਪ’ ਦੇ ਸੀਨੀਅਰ ਆਗੂ ਨੇ ਕਿਹਾ ਕਿ ਸੀ.ਐਮ ਮਾਨ ਨੇ ਲੋਕਾਂ ਵਿੱਚ ਜਾ ਕੇ ਆਪਣੇ ਦੋ ਸਾਲਾਂ ਦੇ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕਰਕੇ ਲੋਕਾਂ ਦੇ ਵਿਚਾਰ ਜਾਣਨ ਲਈ ਕਿਹਾ ਹੈ। ਦਰਅਸਲ ਇਸ ਚੋਣ ਮੁਹਿੰਮ ਦੀ ਰੂਪ-ਰੇਖਾ ਮੁੱਖ ਮੰਤਰੀ ਨੇ ਖੁਦ ਤਿਆਰ ਕੀਤੀ ਹੈ। ਮਾਨ ਨੇ ਆਪਣੇ ਆਗੂਆਂ, ਮੰਤਰੀਆਂ ਅਤੇ ਉਮੀਦਵਾਰਾਂ ਨੂੰ ਸੂਬੇ ਦੇ ਪਿੰਡ-ਪਿੰਡ ਘਰ-ਘਰ ਜਾ ਕੇ ਲੋਕਾਂ ਦੇ ਮਸਲੇ ਜਾਣਨ ਲਈ ਕਿਹਾ ਹੈ। ‘ਆਪ’ ਦੇ ਚੋਣ ਰਣਨੀਤੀਕਾਰਾਂ ਨੇ ਦੱਸਿਆ ਕਿ ਇਸ ਦੀ ਜ਼ਿੰਮੇਵਾਰੀ ‘ਆਪ’ ਦੇ ਬੂਥ ਪੱਧਰ ’ਤੇ ਆਗੂਆਂ ਤੇ ਮੰਤਰੀਆਂ ਸਮੇਤ ਜ਼ਿਲ੍ਹਾ ਕਮੇਟੀ ਵਰਕਰਾਂ ਨੂੰ ਸੌਂਪੀ ਗਈ ਹੈ।

‘ਆਪ’ ਮੰਤਰੀ ਹਰਪਾਲ ਸਿੰਘ ਚੀਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਗਲੇ 10 ਤੋਂ 15 ਦਿਨਾਂ ‘ਚ ਪੂਰੇ ਸੂਬੇ ‘ਚ ਇਹ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ‘ਆਪ’ ਆਗੂ, ਮੰਤਰੀ ਅਤੇ ਉਮੀਦਵਾਰ ਪਿੰਡਾਂ ਅਤੇ ਘਰਾਂ ਦੇ ਬਾਹਰ ਪੰਡਾਲ ਲਗਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਗੇ। ਉਹ ਲੋਕਾਂ ਦਾ ਹਰ ਛੋਟਾ-ਵੱਡਾ ਮੁੱਦਾ ਪਾਰਟੀ ਹਾਈਕਮਾਂਡ ਤੱਕ ਪਹੁੰਚਾਉਣਗੇ। ਇਸ ਤੋਂ ਬਾਅਦ ਹੀ ਇਨ੍ਹਾਂ ਜਨਤਕ ਮੁੱਦਿਆਂ ਦੇ ਵਿਚਕਾਰ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰੇਗੀ।