- ਅੰਤਰਰਾਸ਼ਟਰੀ
- No Comment
ਅਮਰੀਕਾ : ਜੋਅ ਬਿਡੇਨ ਨਹੀਂ ਲੜਨਗੇ ਰਾਸ਼ਟਰਪਤੀ ਚੋਣ, ਕਿਹਾ ਅਮਰੀਕਾ ਅਤੇ ਪਾਰਟੀ ਦੇ ਹਿੱਤ ‘ਚ ਲਿਆ ਗਿਆ ਫੈਸਲਾ

ਜੋਅ ਬਿਡੇਨ ਨੇ ਕਿਹਾ ਕਿ ਅੱਜ ਮੈਂ ਕਮਲਾ ਹੈਰਿਸ ਨੂੰ ਇਸ ਸਾਲ ਆਪਣੀ ਪਾਰਟੀ ਦਾ ਉਮੀਦਵਾਰ ਬਣਾਉਣ ਲਈ ਆਪਣਾ ਪੂਰਾ ਸਮਰਥਨ ਦੇਣਾ ਚਾਹਾਂਗਾ, ਹੁਣ ਸਮਾਂ ਆ ਗਿਆ ਹੈ ਕਿ ਇਕੱਠੇ ਹੋ ਕੇ ਟਰੰਪ ਨੂੰ ਹਰਾਇਆ ਜਾਵੇ।
ਅਮਰੀਕਾ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਨੂੰ ਲਗਾਤਾਰ ਲੀਡ ਮਿਲ ਰਹੀ ਹੈ। ਪਰ ਹੁਣ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਇਕ ਦਿਲਚਸਪ ਮੋੜ ‘ਤੇ ਆ ਗਈਆਂ ਹਨ। ਜੋ ਬਿਡੇਨ ਨੇ ਰਾਸ਼ਟਰਪਤੀ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਪੱਤਰ ਲਿਖ ਕੇ ਇਹ ਐਲਾਨ ਕੀਤਾ ਹੈ। ਬਿਡੇਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਅਮਰੀਕਾ ਅਤੇ ਪਾਰਟੀ ਦੇ ਹਿੱਤ ਵਿੱਚ ਲਿਆ ਹੈ। ਉਹ ਜਲਦੀ ਹੀ ਰਾਸ਼ਟਰ ਨੂੰ ਸੰਬੋਧਨ ਕਰਨਗੇ ਅਤੇ ਆਪਣੇ ਫੈਸਲੇ ਬਾਰੇ ਵਿਸਥਾਰ ਨਾਲ ਗੱਲ ਕਰਨਗੇ।
ਉਨ੍ਹਾਂ ਲਿਖਿਆ, ਮੈਂ ਨਾਮਜ਼ਦਗੀ ਸਵੀਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ ਅਤੇ ਆਪਣੇ ਬਾਕੀ ਬਚੇ ਕਾਰਜਕਾਲ ਲਈ ਰਾਸ਼ਟਰਪਤੀ ਦੇ ਤੌਰ ‘ਤੇ ਆਪਣੇ ਫਰਜ਼ਾਂ ‘ਤੇ ਆਪਣਾ ਪੂਰਾ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਹੈ। 2020 ਵਿੱਚ ਪਾਰਟੀ ਦੇ ਉਮੀਦਵਾਰ ਵਜੋਂ ਮੇਰਾ ਪਹਿਲਾ ਫੈਸਲਾ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਚੁਣਨਾ ਸੀ, ਅੱਜ ਮੈਂ ਕਮਲਾ ਨੂੰ ਇਸ ਸਾਲ ਆਪਣੀ ਪਾਰਟੀ ਦਾ ਉਮੀਦਵਾਰ ਬਣਾਉਣ ਲਈ ਆਪਣਾ ਪੂਰਾ ਸਮਰਥਨ ਦੇਣਾ ਚਾਹਾਂਗਾ। ਹੁਣ ਸਮਾਂ ਆ ਗਿਆ ਹੈ ਕਿ ਇਕੱਠੇ ਹੋ ਕੇ ਟਰੰਪ ਨੂੰ ਹਰਾਇਆ ਜਾਵੇ।
ਪਿਛਲੇ ਕੁਝ ਦਿਨਾਂ ਤੋਂ ਇਸ ਗੱਲ ‘ਤੇ ਜ਼ੋਰਦਾਰ ਚਰਚਾ ਚੱਲ ਰਹੀ ਸੀ ਕਿ ਜੋ ਬਿਡੇਨ ਰਾਸ਼ਟਰਪਤੀ ਦੀ ਚੋਣ ਲੜਨਗੇ ਜਾਂ ਨਹੀਂ। ਇਸ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਗਈਆਂ ਸਨ। ਖਾਸ ਤੌਰ ‘ਤੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਸਨ। ਚਰਚਾ ਸੀ ਕਿ ਸਿਹਤ ਕਾਰਨਾਂ ਕਰਕੇ ਉਹ ਰਾਸ਼ਟਰਪਤੀ ਦੀ ਚੋਣ ਨਹੀਂ ਲੜ ਸਕਦੇ ਹਨ। ਆਖਰਕਾਰ ਐਤਵਾਰ ਨੂੰ ਉਨ੍ਹਾਂ ਨੇ ਇਨ੍ਹਾਂ ਅਟਕਲਾਂ ‘ਤੇ ਵਿਰਾਮ ਲਗਾ ਦਿੱਤਾ ਅਤੇ ਐਲਾਨ ਕੀਤਾ ਕਿ ਉਹ ਰਾਸ਼ਟਰਪਤੀ ਚੋਣ ਨਹੀਂ ਲੜਨਗੇ। ਕੁਝ ਦਿਨ ਪਹਿਲਾਂ ਡੈਮੋਕ੍ਰੇਟਿਕ ਪਾਰਟੀ ਦੇ ਜੋ ਬਿਡੇਨ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨਾਲ ਲਾਈਵ ਡਿਬੇਟ ‘ਚ ਕਮਜ਼ੋਰ ਨਜ਼ਰ ਆਏ ਸਨ। ਅਜਿਹੇ ‘ਚ ਬਾਈਡੇਨ ਨੂੰ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟ ਜਾਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।