- ਅੰਤਰਰਾਸ਼ਟਰੀ
- No Comment
ਬ੍ਰਿਕਸ ਮੈਂਬਰਸ਼ਿਪ : ਬ੍ਰਿਕਸ ਮੈਂਬਰਸ਼ਿਪ ਲੈਣ ਤੋਂ ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਿੱਲੀ ਨੇ ਕੀਤਾ ਇਨਕਾਰ
ਅਰਜਨਟੀਨਾ ਦੇ ਨਵੇਂ ਰਾਸ਼ਟਰਪਤੀ ਜ਼ੇਵੀਅਰ ਮਿੱਲੀ ਬ੍ਰਿਕਸ ਵਿੱਚ ਸ਼ਾਮਲ ਹੋਣ ਦੇ ਫੈਸਲੇ ਦੇ ਖਿਲਾਫ ਹਨ। ਜੇਵੀਅਰ ਮਿੱਲੀ ਨੇ ਆਪਣੀ ਚੋਣ ਮੁਹਿੰਮ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਗਏ ਤਾਂ ਉਹ ਅਰਜਨਟੀਨਾ ਨੂੰ ਬ੍ਰਿਕਸ ‘ਚ ਸ਼ਾਮਲ ਨਹੀਂ ਹੋਣ ਦੇਣਗੇ।
ਦੱਖਣੀ ਅਮਰੀਕੀ ਦੇਸ਼ ਅਰਜਨਟੀਨਾ ਦੇ ਨਵੇਂ ਰਾਸ਼ਟਰਪਤੀ ਜੇਵੀਅਰ ਮਿੱਲੀ ਨੇ ਬ੍ਰਿਕਸ ਦੇਸ਼ਾਂ ਵਿਚ ਸ਼ਾਮਲ ਹੋਣ ਦੇ ਫੈਸਲੇ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਾਲ ਅਗਸਤ ‘ਚ ਬ੍ਰਿਕਸ ਦੇਸ਼ਾਂ ਨੇ ਬ੍ਰਿਕਸ ਪਲੱਸ ਦੀ ਤਰਜ਼ ‘ਤੇ ਕਈ ਦੇਸ਼ਾਂ ਨੂੰ ਸਮੂਹ ਦਾ ਮੈਂਬਰ ਬਣਨ ਦਾ ਸੱਦਾ ਦਿੱਤਾ ਸੀ। ‘ਬ੍ਰਿਕਸ ਪਲੱਸ’ ਵਿਚ ਸ਼ਾਮਲ ਦੇਸ਼ਾਂ ਵਿਚ ਅਰਜਨਟੀਨਾ, ਮਿਸਰ, ਇਥੋਪੀਆ, ਈਰਾਨ, ਸਾਊਦੀ ਅਰਬ ਅਤੇ ਯੂ.ਏ.ਈ. ਸ਼ਾਮਿਲ ਹਨ। ਸਾਰੇ ਦੇਸ਼ਾਂ ਨੂੰ ਅਧਿਕਾਰਤ ਤੌਰ ‘ਤੇ ਜਨਵਰੀ ‘ਚ ਬ੍ਰਿਕਸ ਦੀ ਮੈਂਬਰਸ਼ਿਪ ਦਿੱਤੀ ਜਾਣੀ ਸੀ, ਪਰ ਇਸ ਤੋਂ ਪਹਿਲਾਂ ਅਰਜਨਟੀਨਾ ਬ੍ਰਿਕਸ ‘ਚ ਸ਼ਾਮਲ ਹੋਣ ਦੇ ਫੈਸਲੇ ਤੋਂ ਪਿੱਛੇ ਹਟ ਗਿਆ ਹੈ।
ਜਦੋਂ ਅਗਸਤ ਵਿੱਚ ਅਰਜਨਟੀਨਾ ਨੂੰ ਇਸ ਸਮੂਹ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ, ਤਦ ਰਾਸ਼ਟਰਪਤੀ ਅਲਬਰਟੋ ਫਰਨਾਂਡੀਜ਼ ਨੇ ਇਸਨੂੰ ਅਰਜਨਟੀਨਾ ਲਈ ਇੱਕ ‘ਨਵਾਂ ਮੌਕਾ’ ਕਿਹਾ ਸੀ। ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਦੇਸ਼ ਆਰਥਿਕ ਸੰਕਟ ਅਤੇ ਮਹਿੰਗਾਈ ਨਾਲ ਜੂਝ ਰਿਹਾ ਹੈ, ਇਸ ਲਈ ਬ੍ਰਿਕਸ ‘ਚ ਸ਼ਾਮਲ ਹੋਣ ਤੋਂ ਬਾਅਦ ਦੇਸ਼ ਦੀ ਅਰਥਵਿਵਸਥਾ ‘ਚ ਸੁਧਾਰ ਹੋਵੇਗਾ। ਪਰ ਹੁਣ ਨਵੇਂ ਪ੍ਰਧਾਨ ਜ਼ੇਵੀਅਰ ਮਿੱਲੀ ਬ੍ਰਿਕਸ ਵਿੱਚ ਸ਼ਾਮਲ ਹੋਣ ਦੇ ਫੈਸਲੇ ਦੇ ਖਿਲਾਫ ਹਨ।
ਜੇਵੀਅਰ ਮਿੱਲੀ ਨੇ ਆਪਣੀ ਚੋਣ ਮੁਹਿੰਮ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਗਏ ਤਾਂ ਉਹ ਅਰਜਨਟੀਨਾ ਨੂੰ ਬ੍ਰਿਕਸ ‘ਚ ਸ਼ਾਮਲ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਉਹ ਕਿਸੇ ਵੀ ਕਮਿਊਨਿਸਟ ਦੇਸ਼ ਨਾਲ ਆਰਥਿਕ ਸਬੰਧ ਨਹੀਂ ਰੱਖਣਗੇ। ਇਸ ਤੋਂ ਇਲਾਵਾ ਉਸ ਨੇ ਚੀਨ ਨਾਲ ਸਬੰਧ ਤੋੜਨ ਦੀ ਗੱਲ ਕਹੀ ਸੀ। ਇਸ ਸਮੇਂ ਬ੍ਰਿਕਸ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ। ਇਸ ਸਮੂਹ ਨੂੰ ਚੀਨੀ ਦਬਦਬਾ ਸਮੂਹ ਮੰਨਿਆ ਜਾਂਦਾ ਹੈ। ਪਰ ਜੇਕਰ ਅਰਜਨਟੀਨਾ ਅਚਾਨਕ ਇਸ ਗਰੁੱਪ ‘ਚ ਸ਼ਾਮਲ ਹੋਣ ਤੋਂ ਪਿੱਛੇ ਹਟਦਾ ਹੈ ਤਾਂ ਵਿਸ਼ਵ ਪੱਧਰ ‘ਤੇ ਚੀਨ ਦੇ ਪ੍ਰਭਾਵ ‘ਤੇ ਸਵਾਲ ਉੱਠਣਗੇ।
ਭਾਰਤੀ ਸੁਰੱਖਿਆ ਪ੍ਰੀਸ਼ਦ ਦੇ ਸਾਬਕਾ ਸਲਾਹਕਾਰ ਪ੍ਰੋਫੈਸਰ ਬ੍ਰਹਮਾ ਚੇਲਾਨੀ ਨੇ ਟਵਿੱਟਰ ‘ਤੇ ਲਿਖਿਆ, ”ਇਹ ਚੀਨ ਲਈ ਕੂਟਨੀਤਕ ਨਮੋਸ਼ੀ ਵਾਲੀ ਗੱਲ ਹੈ, ਜਿਸ ਨੇ ਬ੍ਰਿਕਸ ਦੇ 5 ਮੈਂਬਰਾਂ ਤੋਂ ਵਧਾ ਕੇ 11 ਕਰਨ ਦੀ ਵਕਾਲਤ ਕੀਤੀ ਸੀ, ਪਰ ਅਰਜਨਟੀਨਾ ਦੀ ਨਵੀਂ ਸਰਕਾਰ ਬ੍ਰਿਕਸ ‘ਚ ਸ਼ਾਮਲ ਹੋਣ ਦਾ ਸੱਦਾ ਸਵੀਕਾਰ ਨਹੀਂ ਕਰੇਗੀ, ਕਿਉਂਕਿ ਉਹ ਇਸ ਤੋਂ ਕੋਈ ਲਾਭ ਨਹੀਂ ਦੇਖਦੀ ਹੈ। ਜ਼ੇਵੀਅਰ ਮਿਲੀ ਦੇ ਮੁੱਖ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਨੇ ਰੂਸੀ ਸਮਾਚਾਰ ਏਜੰਸੀ ਸਪੁਟਨਿਕ ਨਿਊਜ਼ ਨੂੰ ਦੱਸਿਆ, “ਸਾਨੂੰ ਸਮੂਹ ਦੀ ਸ਼ਮੂਲੀਅਤ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ ਦਿੰਦੀ ਹੈ।” ਜੇ ਭਵਿੱਖ ਵਿੱਚ ਸਾਨੂੰ ਲੱਗਦਾ ਹੈ ਕਿ ਸਾਨੂੰ ਸ਼ਾਮਲ ਹੋਣਾ ਚਾਹੀਦਾ ਹੈ, ਤਾਂ ਅਸੀਂ ਇਸ ਬਾਰੇ ਜ਼ਰੂਰ ਸੋਚਾਂਗੇ।