ਪੁਤਿਨ 24 ਸਾਲ ਬਾਅਦ ਉੱਤਰੀ ਕੋਰੀਆ ਦਾ ਦੌਰਾ ਕਰਨਗੇ, ਕਿਮ ਜੋਂਗ ਉਨ ਹਵਾਈ ਅੱਡੇ ‘ਤੇ ਕਰਨਗੇ ਜ਼ੋਰਦਾਰ ਸਵਾਗਤ

ਪੁਤਿਨ 24 ਸਾਲ ਬਾਅਦ ਉੱਤਰੀ ਕੋਰੀਆ ਦਾ ਦੌਰਾ ਕਰਨਗੇ, ਕਿਮ ਜੋਂਗ ਉਨ ਹਵਾਈ ਅੱਡੇ ‘ਤੇ ਕਰਨਗੇ ਜ਼ੋਰਦਾਰ ਸਵਾਗਤ

ਪੁਤਿਨ ਦੇ ਦੌਰੇ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕਿਮ ਜੋਂਗ ਰੂਸ ਨਾਲ ਜ਼ਰੂਰੀ ਹਥਿਆਰਾਂ ਦੇ ਬਦਲੇ ਆਰਥਿਕ ਸਹਾਇਤਾ ਅਤੇ ਤਕਨਾਲੋਜੀ ਦੇ ਤਬਾਦਲੇ ਨਾਲ ਜੁੜਿਆ ਸਮਝੌਤਾ ਕਰ ਸਕਦੇ ਹਨ।


ਉੱਤਰੀ ਕੋਰੀਆ ਦੇ ਕਿਮ ਜੋਂਗ ਉਨ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਵੱਡੇ ਤਾਨਾਸ਼ਾਹ ਵਿਚ ਕੀਤੀ ਜਾਂਦੀ ਹੈ ਅਤੇ ਰੂਸ ਉੱਤਰੀ ਕੋਰੀਆ ਦੀ ਦੋਸਤੀ ਜਗਜਾਹਿਰ ਹੈ। ਰੂਸ ਦੇ ਰਾਸ਼ਟਰਪਤੀ ਉੱਤਰੀ ਕੋਰੀਆ ਦੇ ਦੋ ਦਿਨਾਂ ਦੌਰੇ ‘ਤੇ ਜਾਣਗੇ। ਉੱਤਰੀ ਕੋਰੀਆ ਦੀ ਇਹ ਉਨ੍ਹਾਂ ਦੀ ਦੂਜੀ ਯਾਤਰਾ ਹੈ। ਉਹ ਲਗਭਗ 24 ਸਾਲ ਬਾਅਦ ਮੰਗਲਵਾਰ ਨੂੰ ਉੱਤਰੀ ਕੋਰੀਆ ਪਹੁੰਚਣਗੇ। ਪੁਤਿਨ ਦੀ ਉੱਤਰੀ ਕੋਰੀਆ ਦੀ ਸੰਭਾਵਿਤ ਯਾਤਰਾ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਸੀ। ਇਸ ਮੁਲਾਕਾਤ ਦੀ ਕ੍ਰੇਮਲਿਨ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ।

ਕ੍ਰੇਮਲਿਨ ਨੇ ਇਸ ਦੌਰੇ ਨੂੰ ‘ਦੋਸਤਾਨਾ ਰਾਜ ਦੌਰਾ’ ਕਰਾਰ ਦਿੱਤਾ ਹੈ। ਆਪਣੀ ਯਾਤਰਾ ਦੌਰਾਨ ਪੁਤਿਨ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਉਨ ਨਾਲ ਮੁਲਾਕਾਤ ਕਰਨਗੇ। ਪੁਤਿਨ ਬੁੱਧਵਾਰ ਨੂੰ ਉੱਤਰੀ ਕੋਰੀਆ ਤੋਂ ਵੀਅਤਨਾਮ ਦਾ ਦੌਰਾ ਕਰ ਸਕਦੇ ਹਨ। ਸਮਾਚਾਰ ਏਜੰਸੀ ਏਐਫਪੀ ਦੀ ਰਿਪੋਰਟ ਮੁਤਾਬਕ ਰਾਜਧਾਨੀ ਪਿਓਂਗਯਾਂਗ ਦੇ ਸੁਨਾਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਿਮ ਜੋਂਗ ਉਨ ਖੁਦ ਪੁਤਿਨ ਦਾ ਸਵਾਗਤ ਕਰਨਗੇ। ਇਸ ਦੇ ਨਾਲ ਉਨ੍ਹਾਂ ਦੀ ਭੈਣ ਕਿਮ ਯੋ ਜੋਂਗ ਅਤੇ ਬੇਟੀ ਕਿਮ ਜੂ ਏ ਦੇ ਮੌਜੂਦ ਹੋਣ ਦੀ ਉਮੀਦ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਪਿਛਲੇ ਹਫ਼ਤੇ ਸੂਤਰਾਂ ਨੇ ਸੰਕੇਤ ਦਿੱਤੇ ਸਨ ਕਿ ਪੁਤਿਨ ਦਾ ਦੌਰਾ ਜਲਦੀ ਹੀ ਹੋਣ ਵਾਲਾ ਹੈ।

ਸੈਟੇਲਾਈਟ ਤਸਵੀਰਾਂ ਨੇ ਪੁਤਿਨ ਦੀ ਉੱਤਰੀ ਕੋਰੀਆ ਦੀ ਸੰਭਾਵਿਤ ਯਾਤਰਾ ਲਈ ਚੱਲ ਰਹੀਆਂ ਤਿਆਰੀਆਂ ਦਾ ਵੀ ਖੁਲਾਸਾ ਕੀਤਾ ਹੈ। ਪੁਤਿਨ ਦੇ ਦੌਰੇ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕਿਮ ਜੋਂਗ ਰੂਸ ਨਾਲ ਜ਼ਰੂਰੀ ਹਥਿਆਰਾਂ ਦੇ ਬਦਲੇ ਆਰਥਿਕ ਸਹਾਇਤਾ ਅਤੇ ਤਕਨਾਲੋਜੀ ਦੇ ਤਬਾਦਲੇ ਨਾਲ ਜੁੜਿਆ ਸਮਝੌਤਾ ਕਰ ਸਕਦੇ ਹਨ। ਦਰਅਸਲ, ਰੂਸ ਨੂੰ ਯੂਕਰੇਨ ਯੁੱਧ ਵਿੱਚ ਲੱਗੇ ਰਹਿਣ ਲਈ ਹੋਰ ਹਥਿਆਰਾਂ ਦੀ ਲੋੜ ਹੈ। ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਉੱਤਰੀ ਕੋਰੀਆ ਅਤੇ ਰੂਸ ਵਿਚਕਾਰ ਫੌਜੀ ਅਤੇ ਆਰਥਿਕ ਸਹਿਯੋਗ ਤੇਜ਼ੀ ਨਾਲ ਵਧਿਆ ਹੈ। ਅਮਰੀਕਾ ਅਤੇ ਦੱਖਣੀ ਕੋਰੀਆ ਨੇ ਉੱਤਰੀ ਕੋਰੀਆ ‘ਤੇ ਰੂਸ ਨੂੰ ਗੋਲਾ-ਬਾਰੂਦ, ਮਿਜ਼ਾਈਲਾਂ ਅਤੇ ਹੋਰ ਫੌਜੀ ਉਪਕਰਣ ਮੁਹੱਈਆ ਕਰਵਾਉਣ ਦਾ ਦੋਸ਼ ਲਗਾਇਆ ਹੈ।