- ਪੰਜਾਬ
- No Comment
ਲੁਧਿਆਣਾ : ਸਮਾਜ ਨੂੰ ਵੰਡਣ ਵਾਲੀਆਂ ਤਾਕਤਾਂ ਦੇਸ਼ ਦਾ ਨੁਕਸਾਨ ਕਰ ਰਹੀਆਂ ਹਨ : RSS ਮੁਖੀ ਮੋਹਨ ਭਾਗਵਤ

ਸੰਘ ਮੁਖੀ ਮੋਹਨ ਭਾਗਵਤ ਸਖ਼ਤ ਸੁਰੱਖਿਆ ਵਿਚਕਾਰ ਭੈਣੀ ਸਾਹਿਬ ਪੁੱਜੇ ਅਤੇ ਸਤਿਗੁਰੂ ਉਦੈ ਸਿੰਘ ਨਾਲ ਬੰਦ ਕਮਰੇ ‘ਚ ਮੀਟਿੰਗ ਵੀ ਕੀਤੀ। ਉਨ੍ਹਾਂ ਕਿਹਾ ਨਾਮਧਾਰੀ ਸਮਾਜ ਨੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਕੰਮ ਕੀਤਾ ਹੈ।
RSS ਮੁਖੀ ਮੋਹਨ ਭਾਗਵਤ ਪਿੱਛਲੇ ਦਿਨੀ ਲੁਧਿਆਣਾ ਦੌਰੇ ‘ਤੇ ਆਏ ਹੋਏ ਸਨ। ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਦੁਨੀਆ ਦੇ ਕਈ ਦੇਸ਼ ਭਾਰਤ ਵੱਲ ਦੇਖ ਰਹੇ ਹਨ, ਕਿਉਂਕਿ ਭਾਰਤ ਸਾਰਿਆਂ ਨੂੰ ਨਾਲ ਲੈ ਕੇ ਚੱਲਣ ‘ਚ ਵਿਸ਼ਵਾਸ ਰੱਖਦਾ ਹੈ।
ਮੋਹਨ ਭਾਗਵਤ ਲੁਧਿਆਣਾ ਤੋਂ ਕਰੀਬ 30 ਕਿਲੋਮੀਟਰ ਦੂਰ ਨਾਮਧਾਰੀ ਭਾਈਚਾਰੇ ਦੇ ਮੁੱਖ ਦਫ਼ਤਰ ਭੈਣੀ ਸਾਹਿਬ ਵਿਖੇ ਸਤਿਗੁਰੂ ਪ੍ਰਤਾਪ ਸਿੰਘ ਅਤੇ ਮਾਤਾ ਭੁਪਿੰਦਰ ਕੌਰ ਦੀ ਯਾਦ ਵਿੱਚ ਨਾਮਧਾਰੀ ਮਿਸ਼ਨ ਵੱਲੋਂ ਕਰਵਾਏ ਧਾਰਮਿਕ ਸਮਾਗਮ ਵਿੱਚ ਪੁੱਜੇ ਸਨ। ਉਨ੍ਹਾਂ ਕਿਹਾ ਕਿ ਭਾਰਤ ਦਾ ਕੰਮ ਸੰਤੁਲਨ ਬਣਾਉਣਾ ਹੈ। ਭਾਰਤ ਆਪਣੀ ਭੂਮਿਕਾ ਬਹੁਤ ਵਧੀਆ ਢੰਗ ਨਾਲ ਨਿਭਾ ਰਿਹਾ ਹੈ।

ਭਾਰਤ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਿੱਚ ਵਿਸ਼ਵਾਸ ਰੱਖਦਾ ਹੈ। ਭਾਗਵਤ ਨੇ ਕਿਹਾ ਕਿ ਸਮਾਜ ਨੂੰ ਵੰਡਣ ਵਾਲੀਆਂ ਤਾਕਤਾਂ ਦੇਸ਼ ਦਾ ਹੀ ਨਹੀਂ ਸਗੋਂ ਦੁਨੀਆ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਅਤੇ ਇਨ੍ਹਾਂ ਨਾਲ ਮਿਲ ਕੇ ਲੜਨਾ ਚਾਹੀਦਾ ਹੈ। ਭਾਰਤ ਨੇ ਪੂਰੀ ਦੁਨੀਆ ਨੂੰ ਨਵਾਂ ਰਾਹ ਦਿਖਾਉਣਾ ਹੈ ਅਤੇ ਆਪਣੀਆਂ ਪਰੰਪਰਾਵਾਂ, ਸੱਭਿਆਚਾਰ ਅਤੇ ਵਿਰਾਸਤ ਨੂੰ ਵੀ ਅੱਗੇ ਲਿਜਾਣਾ ਹੈ। ਉਨ੍ਹਾਂ ਕਿਹਾ ਕਿ ਧਰਮ ਦਾ ਅਰਥ ਇਕਜੁੱਟ ਹੋਣਾ ਹੈ, ਇਹ ਤੋੜਨ ਦੀ ਗੱਲ ਨਹੀਂ ਕਰਦਾ। ਸਮਾਜ ਵਿੱਚ ਅੱਜ ਵੀ ਕਈ ਬੁਰਾਈਆਂ ਦਾ ਬੋਲਬਾਲਾ ਹੈ। ਅਸੀਂ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣਾ ਹੈ। ਦੁਸ਼ਟ ਤਾਕਤਾਂ ਨੂੰ ਅੱਗੇ ਵਧਣ ਤੋਂ ਰੋਕਣਾ ਹੋਵੇਗਾ। ਨਸ਼ੇ ਵਰਗੀ ਬੁਰਾਈ ਨੂੰ ਵੀ ਖਤਮ ਕਰਨਾ ਹੋਵੇਗਾ।

ਇਸ ਮੌਕੇ ਨਾਮਧਾਰੀ ਭਾਈਚਾਰੇ ਦੇ ਸਤਿਗੁਰੂ ਉਦੈ ਸਿੰਘ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਸੰਘ ਮੁਖੀ ਸਖ਼ਤ ਸੁਰੱਖਿਆ ਵਿਚਕਾਰ ਭੈਣੀ ਸਾਹਿਬ ਪੁੱਜੇ ਅਤੇ ਸਤਿਗੁਰੂ ਉਦੈ ਸਿੰਘ ਨਾਲ ਬੰਦ ਕਮਰੇ ‘ਚ ਮੀਟਿੰਗ ਵੀ ਕੀਤੀ। ਭਾਗਵਤ ਸ਼ਨੀਵਾਰ ਸ਼ਾਮ ਕਰੀਬ 7 ਵਜੇ ਦਿੱਲੀ ਤੋਂ ਰੇਲਗੱਡੀ ਰਾਹੀਂ ਲੁਧਿਆਣਾ ਪੁੱਜੇ ਅਤੇ ਇੱਥੇ ਫਿਰੋਜ਼ਪੁਰ ਰੋਡ ‘ਤੇ ਸਥਿਤ ਮਾਧਵ ਭਵਨ ਵਿਖੇ ਠਹਿਰੇ। ਭਾਗਵਤ ਨੇ ਸ੍ਰੀ ਭੈਣੀ ਸਾਹਿਬ ਵਿਖੇ ਕੀਰਤਨ ਦਾ ਸਰਵਣ ਵੀ ਕੀਤਾ। ਇਸ ਉਪਰੰਤ ਉਨ੍ਹਾਂ ਦੇਸ਼ ਦੀ ਆਜ਼ਾਦੀ ਵਿੱਚ ਕੂਕਾ ਲਹਿਰ ਦੇ ਯੋਗਦਾਨ ਬਾਰੇ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਕੂਕਾ ਲਹਿਰ ਨੇ ਦੇਸ਼ ਦੀ ਆਜ਼ਾਦੀ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਸਤਿਗੁਰੂ ਰਾਮ ਸਿੰਘ ਜੀ ਦੀ ਪ੍ਰੇਰਨਾ ਸਦਕਾ ਲੋਕਾਂ ਨੇ ਅੰਗਰੇਜ਼ਾਂ ਨੂੰ ਸਖ਼ਤ ਟੱਕਰ ਦਿੱਤੀ। ਇਸ ਦੇ ਨਾਲ ਹੀ ਨਾਮਧਾਰੀ ਸਮਾਜ ਨੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਕੰਮ ਵੀ ਕੀਤਾ। ਭਾਗਵਤ ਨੇ ਆਪਣੇ ਦੌਰੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕਿਸੇ ਆਗੂ ਨਾਲ ਮੁਲਾਕਾਤ ਨਹੀਂ ਕੀਤੀ। ਉਹ ਸਿਰਫ਼ ਸਿਵਲ ਲਾਈਨਜ਼ ਲੁਧਿਆਣਾ ਨੇੜੇ ਮਾਧਵ ਸਦਨ ਵਿਖੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਅਧਿਕਾਰੀਆਂ ਅਤੇ ਵਲੰਟੀਅਰਾਂ ਨੂੰ ਮਿਲੇ।